NYC ਚੋਣ ਬੋਰਡ ਨੇ ਕਿਹਾ ਕਿ 1969 ਤੋਂ ਬਾਅਦ ਪਹਿਲੀ ਵਾਰ, 20 ਲੱਖ ਵੋਟਾਂ ਪਈਆਂ, ਜਿਸ ਵਿੱਚ ਮੈਨਹਟਨ ਵਿੱਚ 444,439 ਵੋਟਾਂ ਪਈਆਂ, ਇਸ ਤੋਂ ਬਾਅਦ ਬ੍ਰੌਂਕਸ (187,399), ਬਰੁਕਲਿਨ (571,857), ਕਵੀਨਜ਼ (421,176) ਅਤੇ ਸਟੇਟਨ ਆਈਲੈਂਡ (123,827) ਹਨ।

ਨਿਊਯਾਰਕ (ਪੀਟੀਆਈ) : ਪੰਜਾਬੀ ਮੂਲ ਦੇ ਜ਼ੋਹਰਾਨ ਮਮਦਾਨੀ ਨੇ ਨਿਊਯਾਰਕ ਸ਼ਹਿਰ ਦੇ ਮੇਅਰ ਦੇ ਅਹੁਦੇ ਲਈ ਹੋਈ ਚੋਣ ਵਿਚ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। 34 ਸਾਲਾ ਮਮਦਾਨੀ ਨੇ ਆਪਣੀ ਜ਼ਬਰਦਸਤ ਮੁਹਿੰਮ ਦੇ ਦਮ ’ਤੇ ਇਹ ਜਿੱਤ ਹਾਸਲ ਕੀਤੀ ਹੈ। ਇਸ ਤਰ੍ਹਾਂ ਉਹ ਦੁਨੀਆ ਦੀ ਵਿੱਤੀ ਰਾਜਧਾਨੀ ਦੀ ਬਾਗਡੋਰ ਸੰਭਾਲਣ ਵਾਲੇ ਇਸ ਸਦੀ ਦੇ ਪਹਿਲੇ ਦੱਖਣੀ ਏਸ਼ਿਆਈ, ਪਹਿਲੇ ਮੁਸਲਮਾਨ ਅਤੇ ਸਭ ਤੋਂ ਨੌਜਵਾਨ ਵਿਅਕਤੀ ਬਣ ਗਏ ਹਨ। ਅਗਲੇ ਸਾਲ ਜਨਵਰੀ ਵਿਚ ਉਹ ਨਿਊਯਾਰਕ ਦੇ 111ਵੇਂ ਮੇਅਰ ਦੀ ਜ਼ਿੰਮੇਵਾਰੀ ਸੰਭਾਲਣਗੇ।
ਭਾਰਤੀ ਫਿਲਮ ਨਿਰਮਾਤਾ ਮੀਰਾ ਨਾਇਰ ਤੇ ਭਾਰਤੀ ਮੂਲ ਦੇ ਯੂਗਾਂਡੀਅਨ ਵਿਦਵਾਨ ਮਹਿਮੂਦ ਮਮਦਾਨੀ ਦੇ ਪੁੱਤਰ ਜ਼ੋਹਰਾਨ ਮਮਦਾਨੀ ਨੇ ਨਿਊਯਾਰਕ ਦੇ ਸਾਬਕਾ ਗਵਰਨਰ ਐਂਡਰਿਊ ਕੁਓਮੋ ਨੂੰ ਵੱਡੇ ਫ਼ਰਕ ਨਾਲ ਹਰਾਇਆ। ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਮਮਦਾਨੀ ਨੂੰ 10,36,051 ਵੋਟ (50.4 ਫ਼ੀਸਦੀ) ਮਿਲੀਆਂ ਜਦਕਿ ਉਨ੍ਹਾਂ ਦੇ ਨਜ਼ਦੀਕੀ ਮੁਕਾਬਲੇਬਾਜ਼ ਕੁਓਮੋ ਨੂੰ 8,54,995 ਵੋਟਾਂ (41.6 ਫ਼ੀਸਦੀ) ਮਿਲੀਆਂ। ਇਸ ਸਾਲ ਜੂਨ ਵਿਚ ਡੈਮੋਕ੍ਰੇਟਿਕ ਪਾਰਟੀ ਦੀ ਸ਼ੁਰੂਆਤੀ ਮੁਹਿੰਮ ਵਿਚ ਹਾਰਨ ਤੋਂ ਬਾਅਦ ਕੁਓਮੋ ਨੇ ਇਹ ਚੋਣ ਆਜ਼ਾਦ ਉਮੀਦਵਾਰ ਵਜੋਂ ਲੜੀ ਸੀ ਅਤੇ ਰਾਸ਼ਟਰਪਤੀ ਡੋਨਾਲਡ ਟਰੰਪ ਉਨ੍ਹਾਂ ਦੀ ਹਮਾਇਤ ਕਰ ਰਹੇ ਸਨ। 146,137 ਵੋਟਾਂ ਨਾਲ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਕਰਟਿਸ ਸਲੀਵਾ ਤੀਜੇ ਨੰਬਰ ’ਤੇ ਰਹੇ।
ਆਪਣੇ ਜੇਤੂ ਭਾਸ਼ਣ ਵਿਚ ਮਮਦਾਨੀ ਨੇ ਆਜ਼ਾਦੀ ਸਮੇਂ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਵੱਲੋਂ ਦਿੱਤੇ ਗਏ ਪ੍ਰਸਿੱਧ ਭਾਸ਼ਣ ‘ਟ੍ਰਿਸਟ ਵਿਦ ਡੈਸਟਿਨੀ’ ਦਾ ਹਵਾਲਾ ਦੇ ਕੇ ਟਰੰਪ ’ਤੇ ਹਮਲਾ ਕੀਤਾ। ਉਨ੍ਹਾਂ ਕਿਹਾ, ‘ਅਸੀਂ ਇਸ ਲਈ ਜਿੱਤੇ ਹਾਂ ਕਿਉਂਕਿ ਨਿਊਯਾਰਕ ਵਾਸੀਆਂ ਨੇ ਖ਼ੁਦ ਨੂੰ ਇਹ ਉਮੀਦ ਦਿੱਤੀ ਕਿ ਅਸੰਭਵ ਨੂੰ ਵੀ ਸੰਭਵ ਬਣਾਇਆ ਜਾ ਸਕਦਾ ਹੈ। ਤੁਹਾਡੇ ਸਾਹਮਣੇ ਖੜ੍ਹੇ ਹੋ ਕੇ ਮੈਂ ਜਵਾਹਰ ਲਾਲ ਨਹਿਰੂ ਦੇ ਸ਼ਬਦਾਂ ਬਾਰੇ ਸੋਚਦਾ ਹਾਂ- ਇਕ ਅਜਿਹਾ ਪਲ ਆਉਂਦਾ ਹੈ, ਜਦੋਂ ਅਸੀਂ ਪੁਰਾਣੇ ਤੋਂ ਨਵੇਂ ਵੱਲ ਕਦਮ ਵਧਾਉਂਦੇ ਹਾਂ। ਜਦੋਂ ਇਕ ਯੁੱਗ ਦਾ ਅੰਤ ਹੁੰਦਾ ਹੈ ਅਤੇ ਲੰਬੇ ਸਮੇਂ ਤੋਂ ਦੱਬੇ ਜਾ ਰਹੇ ਰਾਸ਼ਟਰ ਦੀ ਆਤਮਾ ਨੂੰ ਪ੍ਰਗਟਾਵੇ ਦਾ ਮੌਕਾ ਮਿਲਦਾ ਹੈ। ਅੱਜ ਰਾਤ ਅਸੀਂ ਪੁਰਾਣੇ ਤੋਂ ਨਵੇਂ ਯੁੱਗ ਵਿਚ ਕਦਮ ਰੱਖ ਲਿਆ ਹੈ।’ ਅਮਰੀਕੀ ਰਾਸ਼ਟਰਪਤੀ ’ਤੇ ਨਿਸ਼ਾਨਾ ਲਾਉਂਦੇ ਹੋਏ ਮਮਦਾਨੀ ਨੇ ਕਿਹਾ, ‘ਡੋਨਾਲਡ ਟਰੰਪ ਨੂੰ ਜੇ ਕੋਈ ਹਰਾਉਣ ਦਾ ਤਰੀਕਾ ਦਿਖਾ ਸਕਦਾ ਹੈ ਤਾਂ ਉਹ ਸ਼ਹਿਰ ਹੀ ਹੈ ਜਿਸ ਨੇ ਉਨ੍ਹਾਂ ਨੂੰ ਜਨਮ ਦਿੱਤਾ। ਜੇ ਕਿਸੇ ਤਾਨਾਸ਼ਾਹ ਨੂੰ ਡਰਾਉਣ ਦਾ ਕੋਈ ਤਰੀਕਾ ਹੈ ਤਾਂ ਉਹ ਉਨ੍ਹਾਂ ਹਾਲਤਾਂ ਨੂੰ ਖ਼ਤਮ ਕਰਨਾ ਹੈ ਜਿਨ੍ਹਾਂ ਨੇ ਉਨ੍ਹਾਂ ਨੂੰ ਸੱਤਾ ਹਾਸਲ ਕਰਨ ਵਿਚ ਮਦਦ ਕੀਤੀ।’ ਮਮਦਾਨੀ ਨੇ ਟਰੰਪ ’ਤੇ ਅਮਰੀਕਾ ਨੂੰ ਧੋਖਾ ਦੇਣ ਦਾ ਦੋਸ਼ ਲਾਇਆ।
ਨਿਊਯਾਰਕ ਦੇ ਮੇਅਰ ਦੀ ਚੋਣ ਜਿੱਤਣ ਤੋਂ ਇਲਾਵਾ ਡੈਮੋਕ੍ਰੇਟਿਕ ਪਾਰਟੀ ਨੇ ਵਰਜੀਨੀਆ ਦੇ ਗਵਰਨਰ, ਲੈਫਟੀਨੈਂਟ ਗਵਰਨਰ ਤੇ ਨਿਊਜਰਸੀ ਦੇ ਗਵਰਨਰ ਅਹੁਦੇ ਦੀ ਚੋਣ ਵੀ ਜਿੱਤੀ। ਐਬੀਗੈਲ ਸਪੈਨਬਰਗਰ ਨੇ ਵਰਜੀਨੀਆ ਦੇ ਗਵਰਨਰ ਦੀ ਚੋਣ ਜਿੱਤੀ। ਮਿਕੀ ਸ਼ੇਰਿਲ ਨਿਊਜਰਸੀ ਦੀ ਗਵਰਨਰ ਅਤੇ ਭਾਰਤੀ ਮੂਲ ਦੀ ਗਜ਼ਾਲਾ ਹਾਸ਼ਮੀ ਵਰਜੀਨੀਆ ਦੀ ਲੈਫਟੀਨੈਂਟ ਗਵਰਨਰ ਚੁਣੀ ਗਈ ਹੈ। ਗਜ਼ਾਲਾ ਸੂਬੇ ਦੇ ਸਿਖਰਲੇ ਸਿਆਸੀ ਅਹੁਦੇ ’ਤੇ ਚੁਣੀ ਜਾਣ ਵਾਲੀ ਪਹਿਲੀ ਮੁਸਲਿਮ ਅਤੇ ਦੱਖਣੀ ਏਸ਼ਿਆਈ ਅਮਰੀਕੀ ਬਣ ਗਈ ਹੈ। ਇਹ ਨਤੀਜੇ ਮੁੱਖ ਤੌਰ ’ਤੇ ਟਰੰਪ ਪ੍ਰਤੀ ਜਨਤਾ ਦੇ ਸਮਰਥਨ ਵਿਚ ਗਿਰਾਵਟ ਵਜੋਂ ਦੇਖੇ ਜਾ ਰਹੇ ਹਨ।
1969 ਤੋਂ ਬਾਅਦ ਸਭ ਤੋਂ ਵੱਧ ਵੋਟਿੰਗ
ਏਐੱਨਆਈ ਮੁਤਾਬਕ, ਨਿਊਯਾਰਕ ਵਿਚ ਮੇਅਰ ਦੇ ਅਹੁਦੇ ਲਈ ਹੋਈ ਚੋਣ ’ਚ ਵੋਟਿੰਗ ਪੰਜ ਦਹਾਕਿਆਂ ਤੋਂ ਵੀ ਜ਼ਿਆਦਾ ਸਮੇਂ ਵਿਚ ਪਹਿਲੀ ਵਾਰ 20 ਲੱਖ ਦੇ ਪਾਰ ਪੁੱਜ ਗਈ ਹੈ। ਨਿਊਯਾਰਕ ਸਿਟੀ ਬੋਰਡ ਆਫ ਇਲੈਕਸ਼ਨ ਨੇ ਮੰਗਲਵਾਰ ਨੂੰ ਕਿਹਾ ਕਿ ਇਹ 1969 ਤੋਂ ਬਾਅਦ ਪਹਿਲੀ ਵਾਰ ਹੈ ਜਦੋਂ ਵੋਟਿੰਗ ਦਾ ਅੰਕੜਾ 20 ਲੱਖ ਤੋਂ ਪਾਰ ਪੁੱਜਾ ਹੈ। ਬੋਰਡ ਨੇ ਸਥਾਨਕ ਸਮੇਂ ਮੁਤਾਬਕ ਰਾਤ 9 ਵਜੇ ਇਕ ਪੋਸਟ ਵਿਚ ਇਹ ਜਾਣਕਾਰੀ ਦਿੱਤੀ। ਇਹ ਇਸ ਇਤਿਹਾਸਕ ਚੋਣ ਵਿਚ ਜਨਤਾ ਦੀ ਭਾਈਵਾਲੀ ਦੇ ਪੈਮਾਨੇ ਨੂੰ ਦਰਸਾਉਂਦਾ ਹੈ।
ਇਨ੍ਹਾਂ ਮੁੱਦਿਆਂ ਨੇ ਮਮਦਾਨੀ ਨੂੰ ਦਿਵਾਈ ਜਿੱਤ
ਮਮਦਾਨੀ ਦੀ ਮੁਹਿੰਮ ਕਿਫਾਇਤ ਅਤੇ ਸਮਾਨਤਾ ’ਤੇ ਕੇਂਦਰਿਤ ਸੀ। ਇਸ ਵਿਚ ਕਿਰਾਇਆ ਸਥਿਰ ਰੱਖਣ, ਸ਼ਹਿਰ ਵਿਚ ਕਰਿਆਨਾ ਸਟੋਰ ਖੋਲ੍ਹਣ ਅਤੇ ਯਾਤਰੀਆਂ ਲਈ ਬੱਸਾਂ ਮੁਫ਼ਤ ਕਰਨ ਦਾ ਵਾਅਦਾ ਕੀਤਾ ਗਿਆ ਸੀ। ਉਨ੍ਹਾਂ ਦਾ ਖ਼ਾਹਸ਼ੀ ਏਜੰਡਾ ਨੌਜਵਾਨ ਤੇ ਕੰਮਕਾਜੀ ਵਰਗ ਦੇ ਵੋਟਰਾਂ ਵਿਚ ਕਾਫੀ ਹਰਮਨ-ਪਿਆਰਾ ਸੀ। ਇਸ ਨੇ ਪ੍ਰਗਤੀਵਾਦੀਆਂ ਵਿਚਾਲੇ ਉਨ੍ਹਾਂ ਨੂੰ ਆਦਰਸ਼ ਬਦਲ ਬਣਾ ਦਿੱਤਾ। ਹਾਲਾਂਕਿ ਪ੍ਰਮੁੱਖ ਡੈਮੋਕ੍ਰੇਟਿਕ ਆਗੂਆਂ ’ਚ ਇਸ ਗੱਲ ’ਤੇ ਮਤਭੇਦ ਵੀ ਸੀ ਕਿ ਉਨ੍ਹਾਂ ਨੂੰ ਹਮਾਇਤ ਦਿੱਤੀ ਜਾਵੇ ਜਾਂ ਨਹੀਂ।
ਡੈਮੋਕ੍ਰੇਟਿਕ ਪਾਰਟੀ ਨੇ ਜਿੱਤ ਦਾ ਜਸ਼ਨ ਮਨਾਇਆ
ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਤੇ ਬਰਾਕ ਓਬਾਮਾ ਸਮੇਤ ਚੋਟੀ ਦੇ ਡੈਮੋਕ੍ਰੇਟਿਕ ਆਗੂਆਂ ਨੇ ਜਿੱਤ ਦਾ ਜਸ਼ਨ ਮਨਾਇਆ ਅਤੇ ਜ਼ੋਹਰਾਨ ਮਮਦਾਨੀ ਤੇ ਪਾਰਟੀ ਦੇ ਬਾਕੀ ਆਗੂਆਂ ਦੀ ਚੋਣਾਂ ’ਚ ਕਾਮਯਾਬੀ ਦੀ ਸ਼ਲਾਘਾ ਕੀਤੀ। ਬਿਲ ਕਲਿੰਟਨ ਨੇ ਇੰਟਰਨੈੱਟ ਮੀਡੀਆ ’ਤੇ ਲਿਖਿਆ, ‘ਨਿਊਯਾਰਕ ਸ਼ਹਿਰ ਦੇ ਅਗਲੇ ਮੇਅਰ ਵਜੋਂ ਚੁਣੇ ਜਾਣ ’ਤੇ ਜ਼ੋਹਰਾਨ ਮਮਦਾਨੀ ਨੂੰ ਵਧਾਈ। ਮੈਂ ਇਕ ਬਿਹਤਰ ਅਤੇ ਜ਼ਿਆਦਾ ਕਿਫਾਇਤੀ ਨਿਊਯਾਰਕ ਬਣਾਉਣ ਲਈ ਤੁਹਾਡੀ ਕਾਮਯਾਬੀ ਦੀ ਉਮੀਦ ਕਰਦਾ ਹਾਂ।’ ਓਬਾਮਾ ਨੇ ਚੋਣਾਂ ਵਿਚ ਜਿੱਤਣ ਵਾਲੇ ਸਾਰੇ ਡੈਮੋਕ੍ਰੇਟਿਕ ਉਮੀਦਵਾਰਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ, ‘ਇਹ ਯਾਦ ਦਿਵਾਉਂਦਾ ਹੈ ਕਿ ਜਦੋਂ ਅਸੀਂ ਮਜ਼ਬੂਤ ਤੇ ਦੂਰਦਰਸ਼ੀ ਆਗੂਆਂ ਨਾਲ ਇਕਜੁੱਟ ਹੁੰਦੇ ਹਾਂ ਤਾਂ ਅਸੀਂ ਜਿੱਤ ਸਕਦੇ ਹਾਂ।’ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੇ ਪੋਸਟ ਕੀਤਾ, ‘ਇਹ ਲੋਕਤੰਤਰ ਦੀ ਜਿੱਤ ਅਤੇ ਮਮਦਾਨੀ ਦੀ ਪ੍ਰੇਰਕ ਮੁਹਿੰਮ ਦਾ ਸਬੂਤ ਹੈ।’