ਅਮਰੀਕਾ ’ਚ ਸ਼ਟਡਾਊਨ ਕਾਰਨ ਤਰਥੱਲੀ, ਇਕ ਦਿਨ ’ਚ 1700 ਉਡਾਣਾਂ ਰੱਦ; ਯਾਤਰੀ ਹੁਣ ਟ੍ਰੇਨਾਂ ਤੇ ਟੈਕਸੀਆਂ ਦਾ ਲੈ ਰਹੇ ਸਹਾਰਾ
ਯਾਤਰੀਆਂ ਨੇ ਵੀ ਆਪਣੀਆਂ ਯਾਤਰਾ ਯੋਜਨਾਵਾਂ ’ਚ ਬਦਲਾਅ ਕਰਨਾ ਸ਼ੁਰੂ ਕਰ ਦਿੱਤਾ ਹੈ। ਹੁਣ ਉਹ ਉਡਾਣ ਦੀ ਬਜਾਏ ਹੋਰਨਾਂ ਬਦਲਾਂ ’ਤੇ ਵਿਚਾਰ ਕਰ ਰਹੇ ਹਨ। ਇਨ੍ਹਾਂ ’ਚ ਕਿਰਾਏ ’ਤੇ ਕਾਰ ਲੈਣਾ ਜਾਂ ਟ੍ਰੇਨ ’ਚ ਸਫਰ ਕਰਨਾ ਸ਼ਾਮਲ ਹੈ। ਇਹੀ ਨਹੀਂ, ਲੋਕ ਆਪਣੀਆਂ ਯਾਤਰਾ ਯੋਜਨਾਵਾਂ ਨੂੰ ਵੀ ਅੱਗੇ ਲਈ ਟਾਲਣਾ ਬਿਹਤਰ ਸਮਝ ਰਹੇ ਹਨ।
Publish Date: Mon, 10 Nov 2025 09:05 AM (IST)
Updated Date: Mon, 10 Nov 2025 09:09 AM (IST)
ਵਾਸ਼ਿੰਗਟਨ : ਅਮਰੀਕਾ ’ਚ ਸਰਕਾਰੀ ਬੰਦ (ਸ਼ਟਡਾਊਨ) ਨੂੰ ਲਾਗੂ ਹੋਏ 40 ਦਿਨ ਹੋ ਗਏ ਹਨ। ਇਸ ਤੋਂ ਬਾਅਦ ਦੇਸ਼ ’ਚ ਸਮੱਸਿਆਵਾਂ ਸਿਖ਼ਰਾਂ ’ਤੇ ਹਨ। ਸ਼ਨਿਚਰਵਾਰ ਨੂੰ ਇਕ ਦਿਨ ’ਚ ਸਭ ਤੋਂ ਵੱਧ 1700 ਉਡਾਣਾਂ ਰੱਦ ਕੀਤੀਆਂ ਗਈਆਂ, ਜੋ ਦੇਸ਼ ਦੇ ਇਤਿਹਾਸ ’ਚ ਪਹਿਲੀ ਵਾਰ ਹੋਇਆ ਹੈ। ਇਸ ਤੋਂ ਇਲਾਵਾ ਹਜ਼ਾਰਾਂ ਦੀ ਗਿਣਤੀ ’ਚ ਜਹਾਜ਼ ਘੰਟਿਆਂਬੱਧੀ ਦੇਰੀ ਨਾਲ ਚੱਲ ਰਹੇ ਹਨ। ਏਅਰ ਟ੍ਰੈਫਿਕ ਕੰਟਰੋਲਰਾਂ ਦੀ ਭਾਰੀ ਕਮੀ ਨਾਲ ਜੂਝ ਰਹੇ ਏਅਰਲਾਈਨ ਉਦਯੋਗ ’ਤੇ ਆਉਣ ਵਾਲੇ ਦਿਨਾਂ ’ਚ ਸੰਕਟ ਹੋਰ ਡੂੰਘਾ ਹੋ ਸਕਦਾ ਹੈ।
ਯਾਤਰੀਆਂ ਨੇ ਵੀ ਆਪਣੀਆਂ ਯਾਤਰਾ ਯੋਜਨਾਵਾਂ ’ਚ ਬਦਲਾਅ ਕਰਨਾ ਸ਼ੁਰੂ ਕਰ ਦਿੱਤਾ ਹੈ। ਹੁਣ ਉਹ ਉਡਾਣ ਦੀ ਬਜਾਏ ਹੋਰਨਾਂ ਬਦਲਾਂ ’ਤੇ ਵਿਚਾਰ ਕਰ ਰਹੇ ਹਨ। ਇਨ੍ਹਾਂ ’ਚ ਕਿਰਾਏ ’ਤੇ ਕਾਰ ਲੈਣਾ ਜਾਂ ਟ੍ਰੇਨ ’ਚ ਸਫਰ ਕਰਨਾ ਸ਼ਾਮਲ ਹੈ। ਇਹੀ ਨਹੀਂ, ਲੋਕ ਆਪਣੀਆਂ ਯਾਤਰਾ ਯੋਜਨਾਵਾਂ ਨੂੰ ਵੀ ਅੱਗੇ ਲਈ ਟਾਲਣਾ ਬਿਹਤਰ ਸਮਝ ਰਹੇ ਹਨ। ਥੈਂਕਸਗਿਵਿੰਗ ਵਰਗੀਆਂ ਛੁੱਟੀਆਂ ਦੇ ਮੌਕੇ ’ਤੇ ਵੀ ਲੋਕ ਘਰਾਂ ’ਚ ਰਹਿਣ ਨੂੰ ਤਰਜੀਹ ਦੇ ਰਹੇ ਹਨ। ਸਿਰਫ ਵਿਦੇਸ਼ ਜਾਣ ਵਾਲੇ ਜਾਂ ਬੇਹੱਦ ਜ਼ਰੂਰੀ ਯਾਤਰਾ ਕਰਨ ਵਾਲੇ ਲੋਕ ਹੀ ਟਿਕਟ ਰੱਦ ਨਹੀਂ ਕਰਵਾ ਰਹੇ।
ਫਲਾਈਟ ਟ੍ਰੈਕਿੰਗ ਵੈੱਬਸਾਈਟ ਫਲਾਈਟਅਵੇਅਰ ਅਨੁਸਾਰ, 6600 ਉਡਾਣਾਂ ਇਕ ਦਿਨ ’ਚ ਕਈ ਘੰਟਿਆਂ ਦੀ ਦੇਰੀ ਨਾਲ ਉਡੀਆਂ, ਜਦਕਿ 1700 ਉਡਾਣਾਂ ਨੂੰ ਰੱਦ ਕਰਨਾ ਪਿਆ। ਉਥੇ ਹੀ, ਐਤਵਾਰ ਲਈ ਐਡਵਾਂਸ ’ਚ 1000 ਵਾਧੂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ, ਜਦਕਿ ਸੈਂਕੜਿਆਂ ਦੇ ਦੇਰੀ ਨਾਲ ਚੱਲਣ ਦੀ ਸੂਚਨਾ ਜਾਰੀ ਕੀਤੀ ਗਈ। ਨਿਊਯਾਰਕ ਸਿਟੀ ਦੇ ਤਿੰਨ ਵੱਡੇ ਹਵਾਈ ਅੱਡੇ, ਨੇਵਾਰਕ ਲਿਬਰਟੀ ਇੰਟਰਨੈਸ਼ਨਲ, ਲਾਗਾਡੀਆ ਤੇ ਜਾਨ ਐੱਫ ਕੈਨੇਡੀ ਇੰਟਰਨੈਸ਼ਨਲ ਏਅਰਪੋਰਟ ’ਤੇ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਟਲਾਂਟਾ ਦੇ ਹਾਰਟਸਫੀਲਡ ਜੈਕਸਨ ਇੰਟਰਨੈਸ਼ਨਲ ਏਅਰਪੋਰਟ, ਵਾਸ਼ਿੰਗਟਨ ਡੀਸੀ ਦੇ ਰੀਗਨ ਨੈਸ਼ਨਲ ਏਅਰਪੋਰਟ, ਸ਼ਿਕਾਗੋ, ਡੈਨਵਰ, ਫੀਨਿਕਸ, ਸੀਐਟਨ ਜਾਂ ਆਰਲੈਂਡੋ ਵਰਗੇ ਮਸਰੂਫ ਰਹਿਣ ਵਾਲੇ ਹਵਾਈ ਅੱਡਿਆਂ ’ਤੇ ਯਾਤਰੀਆਂ ’ਚ ਭੰਬਲਭੂਸੇ ਦੀ ਹਾਲਤ ਹੈ।