ਸੈਂਟਰ ਫਾਰ ਏ ਨਿਊ ਅਮਰੀਕਨ ਸਿਕਿਊਰਟੀ (ਸੀਨੈਸ) ’ਚ ਹੋਈ ਚਰਚਾ ਦੌਰਾਨ ਰਿਚਰਡ ਫੋਂਟੇਨ ਨੇ ਕਿਹਾ ਕਿ ਪਿਛਲੇ ਡੇਢ ਦਹਾਕੇ ਤੋਂ ਦੋਹਾਂ ਦੇਸ਼ਾਂ ਨੇ ਮਿਲ ਕੇ ਸੰਬੰਧਾਂ ਨੂੰ ਚੀਨ ਦੇ ਪ੍ਰਭਾਵ ਨਾਲ ਨਜਿੱਠਣ ਲਈ ਮਜ਼ਬੂਤ ਕਰਨ ’ਚ ਲਗਾਤਾਰ ਨਿਵੇਸ਼ ਕੀਤਾ ਸੀ, ਪਰ ਹੁਣ ਅਸੀਂ ਬਿਲਕੁਲ ਵੱਖਰੀ ਸਥਿਤੀ ’ਚ ਪਹੁੰਚ ਗਏ ਹਾਂ।

ਵਾਸ਼ਿੰਗਟਨ, ਆਈਏਐੱਨਐੱਸ: ਅਮਰੀਕਾ ਅਤੇ ਭਾਰਤ ਦੇ ਵਿਚਕਾਰ ਪਿਛਲੇ 25 ਸਾਲਾਂ ’ਚ ਬਣੇ ਸਭ ਤੋਂ ਮਜ਼ਬੂਤ ਆਪਸੀ ਸਹਿਯੋਗ ’ਤੇ ਹੁਣ ਅਵਿਸ਼ਵਾਸ, ਵਪਾਰ ਯੁੱਧ ਅਤੇ ਭੂ-ਰਾਜਨੀਤਿਕ ਦਬਾਅ ਦੀਆਂ ਪਰਤਾਂ ਚੜ੍ਹਣ ਲੱਗੀਆਂ ਹਨ। ਮਾਹਰਾਂ ਦਾ ਮੰਨਣਾ ਹੈ ਕਿ ਸੰਬੰਧਾਂ ਦਾ ਇਹ ਹੇਠਲਾ ਪੱਧਰ ਉਸ ਸਮੇਂ ਹੋ ਰਿਹਾ ਹੈ, ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਮੇਜ਼ਬਾਨੀ ਕਰ ਰਹੇ ਹਨ। ਭਾਰਤ ਦੇ ਇਸ ਕਦਮ ਨੇ ਅਮਰੀਕਾ ਦੇ ਸਿਆਸੀ ਹਲਕਿਆਂ ’ਚ ਚਿੰਤਾ ਵਧਾ ਦਿੱਤੀ ਹੈ।
ਸੈਂਟਰ ਫਾਰ ਏ ਨਿਊ ਅਮਰੀਕਨ ਸਿਕਿਊਰਟੀ (ਸੀਨੈਸ) ’ਚ ਹੋਈ ਚਰਚਾ ਦੌਰਾਨ ਰਿਚਰਡ ਫੋਂਟੇਨ ਨੇ ਕਿਹਾ ਕਿ ਪਿਛਲੇ ਡੇਢ ਦਹਾਕੇ ਤੋਂ ਦੋਹਾਂ ਦੇਸ਼ਾਂ ਨੇ ਮਿਲ ਕੇ ਸੰਬੰਧਾਂ ਨੂੰ ਚੀਨ ਦੇ ਪ੍ਰਭਾਵ ਨਾਲ ਨਜਿੱਠਣ ਲਈ ਮਜ਼ਬੂਤ ਕਰਨ ’ਚ ਲਗਾਤਾਰ ਨਿਵੇਸ਼ ਕੀਤਾ ਸੀ, ਪਰ ਹੁਣ ਅਸੀਂ ਬਿਲਕੁਲ ਵੱਖਰੀ ਸਥਿਤੀ ’ਚ ਪਹੁੰਚ ਗਏ ਹਾਂ।
ਸੀਨੈਸ ’ਚ ਹਿੰਦ-ਪ੍ਰਸ਼ਾਂਤ ਸੁਰੱਖਿਆ ਪ੍ਰੋਗਰਾਮ ਦੀ ਨਿਰਦੇਸ਼ਕ ਅਤੇ ਸੀਨੀਅਰ ਫੈਲੋ ਲੀਜ਼ਾ ਕਰਟਿਸ ਨੇ ਕਿਹਾ ਕਿ ਦੋਹਾਂ ਦੇਸ਼ਾਂ ਦੇ ਸੰਬੰਧ ਪਿਛਲੇ 25 ਸਾਲਾਂ ਵਿਚ ਸਭ ਤੋਂ ਬਦਤਰ ਸਥਿਤੀ ਵਿਚ ਹਨ। ਅਜਿਹੇ ਮਾਹੌਲ ਵਿਚ ਮੋਦੀ-ਪੁਤਿਨ ਮੁਲਾਕਾਤ ‘ਵਾਸ਼ਿੰਗਟਨ ਲਈ ਗਲਤ ਸਮੇਂ’ ’ਤੇ ਹੋ ਰਹੀ ਹੈ, ਪਰ ਇਹ ਵੀ ਹੈ ਕਿ ਭਾਰਤ ਆਪਣੀ ਰਣਨੀਤਿਕ ਸੁਤੰਤਰਤਾ ਦਿਖਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪੁਤਿਨ ਦੇ ਜ਼ਰੀਏ ਭਾਰਤ ਨੇ ਦਰਸਾਇਆ ਹੈ ਕਿ ਉਹ ਅਮਰੀਕਾ ਤੋਂ ਡਰਨ ਵਾਲਾ ਨਹੀਂ ਹੈ।
‘ਕੁਦਰਤੀ ਸਹਿਯੋਗੀ’ ਦੀ ਧਾਰਨਾ ਕਮਜ਼ੋਰ
ਓਆਰਐੱਫ ਅਮਰੀਕਾ ਦੀ ਲਿੰਡਸੇ ਫੋਰਡ ਨੇ ਕਿਹਾ ਕਿ ਦੋਹਾਂ ਪਾਸੇ ਹੁਣ ਅਜਿਹੇ ਸਿਆਸੀ ਆਗੂ ਘੱਟ ਰਹਿ ਗਏ ਹਨ ਜੋ ਸੰਬੰਧਾਂ ਨੂੰ ਅੱਗੇ ਵਧਾਉਣ ਲਈ ਨਿੱਜੀ ਉਰਜਾ ਲਗਾਉਂਦੇ ਸਨ। ਉਨ੍ਹਾਂ ਨੇ ਕਿਹਾ ਕਿ ਅਮਰੀਕਾ-ਭਾਰਤ ਸਾਂਝੇਦਾਰੀ ਕਦੇ ਵੀ ਕੁਦਰਤੀ ਜਾਂ ਆਸਾਨ ਨਹੀਂ ਰਹੀ। ਫੋਰਡ ਦੇ ਅਨੁਸਾਰ, ਚੀਨ ਦੇ ਉਭਾਰ ਨਾਲ ਪੈਦਾ ਹੋਇਆ ਲੰਬੇ ਸਮੇਂ ਲਈ ਖ਼ਤਰਾ ਹੁਣ ਵੀ ਦੋਹਾਂ ਦੇਸ਼ਾਂ ਨੂੰ ਮੁੜ ਨੇੜੇ ਲਿਆਉਣ ਦੀ ਮੁੱਖ ਵਜ੍ਹਾ ਹੈ, ਪਰ ਇਸ ਲਈ ਭਰੋਸਾ ਬਹਾਲ ਕਰਨਾ ਜਰੂਰੀ ਹੈ।
ਭਾਰਤ ਦਾ ‘ਵਿਭਿੰਨਤਾ ਮਾਡਲ’
ਬਰੂਕਿੰਗਸ ਇੰਸਟਿਟਿਊਸ਼ਨ ਦੀ ਤਨਵੀ ਮਦਾਨ ਨੇ ਕਿਹਾ ਕਿ ਭਾਰਤ ਦੀ ਰੂਸ ਅਤੇ ਚੀਨ ਨਾਲ ਚੱਲ ਰਹੀ ਕੂਟਨੀਤਿਕ ਗਤੀਵਿਧੀਆਂ ਕਿਸੇ ‘ਨਵੀਂ ਧੁਰੀ’ ਦੀ ਸ਼ੁਰੂਆਤ ਨਹੀਂ, ਸਗੋਂ ਪੁਰਾਣੀ ‘ਵਿਭਿੰਨਤਾ ਰਣਨੀਤੀ’ ਦਾ ਹਿੱਸਾ ਹਨ। ਉਨ੍ਹਾਂ ਨੇ ਕਿਹਾ ਕਿ ਮਾਸਕੋ ਦੇ ਪਾਕਿਸਤਾਨ ਅਤੇ ਚੀਨ ਨਾਲ ਵਧਦੇ ਸਹਿਯੋਗ ਕਾਰਨ ਰੂਸ-ਭਾਰਤ ਸੰਬੰਧਾਂ ਦੀਆਂ ਆਪਣੀਆਂ ਸੀਮਾਵਾਂ ਵੀ ਹਨ। ਰਾਜਨੀਤਿਕ ਤਣਾਅ ਦੇ ਬਾਵਜੂਦ, ਅਮਰੀਕਾ ਨਾਲ ਰੱਖਿਆ ਅਭਿਆਸ ਅਤੇ ਤਕਨੀਕੀ ਸਹਿਯੋਗ ਜੇਹੇ ਖੇਤਰਾਂ ਵਿਚ ਕਾਰਗਰ ਸਾਂਝੇਦਾਰੀ ਬਣੀ ਰਹੀ ਹੈ।