ਬਹੁਤ ਚੰਗਾ ਕੰਮ ਕਰ ਰਹੇ ਹਨ ਕਾਸ਼ ਪਟੇਲ, FBI ਦੇ ਡਾਇਰੈਕਟਰ ਅਹੁਦੇ ਤੋਂ ਹਟਾਏ ਜਾਣ ਦੀਆਂ ਅਟਕਲਾਂ ਵਿਚਾਲੇ ਟਰੰਪ ਨੇ ਕੀਤੀ ਸ਼ਲਾਘਾ
ਭਾਰਤੀ ਮੂਲ ਦੇ ਪਟੇਲ ਨੇ ਬੀਤੇ ਫਰਵਰੀ ’ਚ ਜਾਂਚ ਏਜੰਸੀ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ (ਐੱਫਬੀਆਈ) ਦੇ ਡਾਇਰੈਕਟਰ ਦਾ ਅਹੁਦਾ ਸੰਭਾਲਿਆ ਸੀ। ਟਰੰਪ ਨੇ ਉਨ੍ਹਾਂ ਨੂੰ ਇਸ ਅਹੁਦੇ ’ਤੇ ਨਿਯੁਕਤ ਕੀਤਾ ਸੀ। ਉਹ ਉਨ੍ਹਾਂ ਦੇ ਵਫ਼ਾਦਾਰ ਮੰਨੇ ਜਾਂਦੇ ਹਨ।
Publish Date: Thu, 27 Nov 2025 09:27 AM (IST)
Updated Date: Thu, 27 Nov 2025 09:32 AM (IST)
ਵਾਸ਼ਿੰਗਟਨ (ਰਾਇਟਰ) : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐੱਫਬੀਆਈ ਡਾਇਰੈਕਟਰ ਕਾਸ਼ ਪਟੇਲ ਦਾ ਸਮਰਥਨ ਕੀਤਾ ਹੈ ਤੇ ਕਿਹਾ ਹੈ ਕਿ ਉਹ ਬਹੁਤ ਚੰਗਾ ਕੰਮ ਕਰ ਰਹੇ ਹਨ। ਟਰੰਪ ਨੇ ਅਜਿਹੇ ਸਮੇਂ ’ਚ ਉਨ੍ਹਾਂ ਦੀ ਸ਼ਲਾਘਾ ਕੀਤੀ ਹੈ, ਜਦੋਂ ਪਟੇਲ ਨੂੰ ਉਨ੍ਹਾਂ ਦੇ ਮੌਜੂਦਾ ਅਹੁਦੇ ਤੋਂ ਹਟਾਉਣ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਭਾਰਤੀ ਮੂਲ ਦੇ ਪਟੇਲ ਨੇ ਬੀਤੇ ਫਰਵਰੀ ’ਚ ਜਾਂਚ ਏਜੰਸੀ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ (ਐੱਫਬੀਆਈ) ਦੇ ਡਾਇਰੈਕਟਰ ਦਾ ਅਹੁਦਾ ਸੰਭਾਲਿਆ ਸੀ। ਟਰੰਪ ਨੇ ਉਨ੍ਹਾਂ ਨੂੰ ਇਸ ਅਹੁਦੇ ’ਤੇ ਨਿਯੁਕਤ ਕੀਤਾ ਸੀ। ਉਹ ਉਨ੍ਹਾਂ ਦੇ ਵਫ਼ਾਦਾਰ ਮੰਨੇ ਜਾਂਦੇ ਹਨ।
ਅਮਰੀਕੀ ਰਾਸ਼ਟਰਪਤੀ ਨੇ ਏਅਰਫੋਰਸ ਵਨ ’ਚ ਮੀਡੀਆ ’ਚ ਆਈ ਇਕ ਰਿਪੋਰਟ ਦੇ ਸਬੰਧ ’ਚ ਪੁੱਛੇ ਜਾਣ ’ਤੇ ਪੱਤਰਕਾਰਾਂ ਨੂੰ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਉਹ ਸ਼ਾਨਦਾਰ ਕੰਮ ਕਰ ਰਹੇ ਹਨ। ਇਸ ਤੋਂ ਪਹਿਲਾਂ ਵ੍ਹਾਈਟ ਹਾਊਸ ਨੇ ਵੀ ਇਸ ਗੱਲ ਤੋਂ ਇਨਕਾਰ ਕੀਤਾ ਸੀ ਕਿ ਟਰੰਪ ਪਟੇਲ ਨੂੰ ਹਟਾਉਣ ਦੇ ਸਬੰਧ ’ਚ ਵਿਚਾਰ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਕਾਸ਼ ਪਟੇਲ ਨੂੰ ਹਟਾਉਣ ਦੀਆਂ ਅਟਕਲਾਂ ਉਸ ਸਮੇਂ ਸ਼ੁਰੂ ਹੋਈਆਂ, ਜਦੋਂ ਨਿਊਜ਼ ਆਊਟਲੈੱਟ ਐੱਮਐੱਸ ਨਾਓ ਨੇ ਇਹ ਖ਼ਬਰ ਦਿੱਤੀ ਕਿ ਟਰੰਪ ਪਟੇਲ ਨੂੰ ਉਨ੍ਹਾਂ ਦੀ ਮੌਜੂਦਾ ਭੂਮਿਕਾ ਤੋਂ ਹਟਾਉਣ ਦਾ ਵਿਚਾਰ ਕਰ ਰਹੇ ਹਨ। ਮਾਮਲੇ ਨਾਲ ਜੁੜੇ ਤਿੰਨ ਬੇਨਾਮ ਲੋਕਾਂ ਦੇ ਹਵਾਲੇ ਨਾਲ ਇਹ ਵੀ ਦਾਅਵਾ ਕੀਤਾ ਕਿ ਟਰੰਪ ਤੇ ਉਨ੍ਹਾਂ ਦੇ ਸਿਖ਼ਰਲੇ ਸਹਿਯੋਗੀ ਪਟੇਲ ਦੀ ਨਕਾਰਾਤਮਕ ਸੁ੍ਰਖੀਆਂ ਤੋਂ ਨਿਰਾਸ਼ ਹਨ। ਪਟੇਲ ਦੀ ਥਾਂ ਐੱਫਬੀਆਈ ਦੇ ਸਹਿ-ਡਾਇਰੈਕਟਰ ਐਂਡ੍ਰਿਊ ਬੇਲੀ ਨੂੰ ਨਿਯੁਕਤ ਕਰਨ ’ਤੇ ਮੰਥਨ ਚੱਲ ਰਿਹਾ ਹੈ।