ਅਮਰੀਕਾ 'ਚ ਵਿਦੇਸ਼ੀ ਵਿਦਿਆਰਥੀਆਂ ਦੇ ਦਾਖ਼ਲਿਆਂ 'ਚ ਆਈ ਵੱਡੀ ਗਿਰਾਵਟ, ਇੰਸਟੀਚਿਊਟ ਆਫ ਇੰਟਰਨੈਸ਼ਨਲ ਐਜੂਕੇਸ਼ਨ ਦੇ ਸਰਵੇਖਣ 'ਚ ਮਿਲੀ ਜਾਣਕਾਰੀ
ਸਰਵੇਖਣ ਅਨੁਸਾਰ, ਕੁੱਲ ਮਿਲਾ ਕੇ ਕਰੀਬ 60 ਫ਼ੀਸਦੀ ਕਾਲਜਾਂ ਨੇ ਨਵੇਂ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ’ਚ ਗਿਰਾਵਟ ਦੀ ਜਾਣਕਾਰੀ ਦਿੱਤੀ ਹੈ। 30 ਫ਼ੀਸਦੀ ਨੇ ਵਾਧੇ ਦੀ ਗੱਲ ਕਹੀ ਹੈ, ਜਦਕਿ ਕੁਝ ਨੇ ਦਾਖ਼ਲੇ ’ਚ ਸਥਿਰਤਾ ਦੀ ਸੂਚਨਾ ਦਿੱਤੀ ਹੈ। ਸਰਵੇਖਣ ’ਚ 800 ਤੋਂ ਵੱਧ ਕਾਲਜਾਂ ਨੇ ਹਿੱਸਾ ਲਿਆ।
Publish Date: Tue, 18 Nov 2025 09:15 AM (IST)
Updated Date: Tue, 18 Nov 2025 09:26 AM (IST)
ਵਾਸ਼ਿੰਗਟਨ (ਏਪੀ) : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ (Donald Trump) ਦੇ ਪ੍ਰਸ਼ਾਸਨ ਨੇ ਵੀਜ਼ਾ ’ਤੇ ਸਖ਼ਤ ਰੁਖ਼ ਅਪਣਾਇਆ ਹੋਇਆ ਹੈ। ਇਸਦਾ ਵਿਦੇਸ਼ੀ ਵਿਦਿਆਰਥੀਆਂ ’ਤੇ ਸਿੱਧਾ ਅਸਰ ਪੈ ਰਿਹਾ ਹੈ। ਸਿੱਟੇ ਵਜੋਂ ਅਮਰੀਕੀ ਕਾਲਜਾਂ (American Colleges) ’ਚ ਵਿਦੇਸ਼ੀ ਵਿਦਿਆਰਥੀਆਂ (Foreign Students) ਦੇ ਦਾਖ਼ਲਿਆਂ ’ਚ ਕਮੀ ਆਈ ਹੈ। ਇਹ ਗੱਲ ਇਕ ਤਾਜ਼ਾ ਸਰਵੇਖਣ ਤੋਂ ਨਿਕਲ ਕੇ ਸਾਹਮਣੇ ਆਈ ਹੈ। ਇੰਸਟੀਚਿਊਟ ਆਫ ਇੰਟਰਨੈਸ਼ਨਲ ਐਜੂਕੇਸ਼ਨ ਦੇ ਸਰਵੇਖਣ ਅਨੁਸਾਰ, ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖ਼ਲੇ ’ਚ ਪਿਛਲੇ ਸਾਲ ਦੇ ਮੁਕਾਬਲੇ ਇਕ ਫ਼ੀਸਦੀ ਦੀ ਗਿਰਾਵਟ ਆਈ ਹੈ, ਜਦਕਿ ਅਮਰੀਕਾ ’ਚ ਪਹਿਲੀ ਵਾਰ ਆਉਣ ਵਾਲੇ ਨਵੇਂ ਵਿਦਿਆਰਥੀਆਂ ਦੀ ਗਿਣਤੀ ’ਚ 17 ਫ਼ੀਸਦੀ ਦੀ ਕਮੀ ਆਈ ਹੈ। ਇਹ ਕੋਵਿਡ-19 ਮਹਾਂਮਾਰੀ ਤੋਂ ਬਾਅਦ ਸਭ ਤੋਂ ਵੱਡੀ ਗਿਰਾਵਟ ਹੈ।
ਸ਼ਿਕਾਗੋ ਦੀ ਡੇਪਾ ਯੂਨੀਵਰਸਿਟੀ ’ਚ ਅੰਤਰਰਾਸ਼ਟਰੀ ਗ੍ਰੈਜੂਏਟ ਵਿਦਿਆਰਥੀਆਂ ਦੀ ਗਿਣਤੀ ਲਗਪਗ 62 ਫ਼ੀਸਦੀ ਡਿੱਗ ਗਈ ਹੈ। ਯੂਨੀਵਰਸਿਟੀ ਦੇ ਚੇਅਰਮੈਨ ਨੇ ਵਿਦਿਆਰਥੀ ਵੀਜ਼ਾ ਦੀਆਂ ਸਮੱਸਿਆਵਾਂ ਤੇ ਅਮਰੀਕਾ ’ਚ ਪੜ੍ਹਨ ਪ੍ਰਤੀ ਘਟਦੀ ਦਿਲਚਸਪੀ ਨੂੰ ਇਸਦਾ ਕਾਰਨ ਦੱਸਿਆ ਹੈ। ਸਰਵੇਖਣ ਅਨੁਸਾਰ, ਕੁੱਲ ਮਿਲਾ ਕੇ ਕਰੀਬ 60 ਫ਼ੀਸਦੀ ਕਾਲਜਾਂ ਨੇ ਨਵੇਂ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ’ਚ ਗਿਰਾਵਟ ਦੀ ਜਾਣਕਾਰੀ ਦਿੱਤੀ ਹੈ। 30 ਫ਼ੀਸਦੀ ਨੇ ਵਾਧੇ ਦੀ ਗੱਲ ਕਹੀ ਹੈ, ਜਦਕਿ ਕੁਝ ਨੇ ਦਾਖ਼ਲੇ ’ਚ ਸਥਿਰਤਾ ਦੀ ਸੂਚਨਾ ਦਿੱਤੀ ਹੈ। ਸਰਵੇਖਣ ’ਚ 800 ਤੋਂ ਵੱਧ ਕਾਲਜਾਂ ਨੇ ਹਿੱਸਾ ਲਿਆ।
ਟਰੰਪ ਪ੍ਰਸ਼ਾਸਨ ਦਾ ਇਹ ਹੈ ਰੁਖ਼
ਟਰੰਪ ਪ੍ਰਸ਼ਾਸਨ ਅਮਰੀਕਾ ਦੀ ਵਿਦੇਸ਼ੀ ਵਿਦਿਆਰਥੀਆਂ ’ਤੇ ਨਿਰਭਰਤਾ ਨੂੰ ਘੱਟ ਕਰਨਾ ਚਾਹੁੰਦਾ ਹੈ। ਇਸੇ ਕੋਸ਼ਿਸ਼ ’ਚ ਵ੍ਹਾਈਟ ਹਾਊਸ ਯੂਨੀਵਰਸਿਟੀਆਂ ਤੇ ਕਾਲਜਾਂ ਨੂੰ ਵਿਦੇਸ਼ੀ ਵਿਦਿਆਰਥੀਆਂ ਦੇ ਦਾਖ਼ਲੇ ਨੂੰ ਸੀਮਤ ਕਰਨ ਤੇ ਅਮਰੀਕਾ ਤੋਂ ਵੱਧ ਵਿਦਿਆਰਥੀਆਂ ਨੂੰ ਨਾਮਜ਼ਦ ਕਰਨ ਲਈ ਪ੍ਰੇਰਿਤ ਕਰ ਰਿਹਾ ਹੈ। ਬੀਤੇ ਜੂਨ ਮਹੀਨੇ ’ਚ ਅਮਰੀਕੀ ਵਿਦੇਸ਼ ਵਿਭਾਗ ਨੇ ਵੀਜ਼ਾ ਅਰਜ਼ੀਆਂ ਦੀ ਡੂੰਘੀ ਜਾਂਚ ਲਈ ਸਾਰੇ ਇੰਟਰਵਿਊ ਅਸਥਾਈ ਤੌਰ ’ਤੇ ਰੋਕ ਦਿੱਤੇ ਸਨ। ਇਸ ਨਾਲ ਭਾਰਤੀ ਸਭ ਤੋਂ ਵੱਧ ਪ੍ਰਭਾਵਿਤ ਹੋਏ ਕਿਉਂਕਿ ਅਮਰੀਕਾ ਦੇ ਵਿਦੇਸ਼ੀ ਵਿਦਿਆਰਥੀਆਂ ’ਚ ਭਾਰਤੀਆਂ ਦੀ ਵੱਡੀ ਗਿਣਤੀ ਹੈ।
ਕਈ ਕਾਲਜਾਂ ਦੇ ਬਜਟ ’ਤੇ ਅਸਰ
ਅਮਰੀਕਾ ’ਚ ਵਿਦੇਸ਼ੀ ਵਿਦਿਆਰਥੀਆਂ ਦੇ ਨਾਮਜ਼ਦਗੀ ’ਚ ਕਮੀ ਦਾ ਅਸਰ ਕਾਲਜਾਂ ਦੇ ਬਜਟ ’ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਕਈ ਕਾਲਜਾਂ ਨੇ ਮਾਸਟਰ ਤੇ ਪੀਐੱਚਡੀ ਦੇ ਵਿਦਿਆਰਥੀਆਂ ਦੀ ਗਿਣਤੀ ’ਚ ਘਾਟ ਦੀ ਜਾਣਕਾਰੀ ਦਿੱਤੀ ਹੈ। ਹਾਲ ਹੀ ਵਿਚ ਅਲਬਾਨੀ ਯੂਨੀਵਰਸਿਟੀ ਦੇ ਚੇਅਰਮੈਨ ਨੇ ਕਿਹਾ ਕਿ ਵਿਦੇਸ਼ੀ ਗ੍ਰੈਜੂਏਟ ਵਿਦਿਆਰਥੀਆਂ ਦੀ ਗਿਣਤੀ ’ਚ ਘਾਟ ਦਾ ਅਸਰ ਬਜਟ ’ਤੇ ਪੈ ਰਿਹਾ ਹੈ, ਜਦਕਿ ਓਹਾਇਓ ਦੀ ਕੈਂਟ ਸਟੇਟ ਯੂਨੀਵਰਸਿਟੀ ਨੂੰ ਬਜਟ ’ਚ 40 ਲੱਖ ਡਾਲਰ ਦੀ ਕਟੌਤੀ ਕਰਨੀ ਪਈ ਹੈ। ਉਸਨੇ ਇਹ ਕਦਮ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ’ਚ ਘਾਟ ਕਾਰਨ ਚੁੱਕਿਆ ਹੈ।