ਹੀਰਿਆਂ ਦਾ ਵੀ ਬਾਪ ! ਇੱਥੇ ਮਿਲਿਆ ਦੁਨੀਆ ਦਾ ਸਭ ਤੋਂ ਵੱਡਾ ਹੀਰਾ 'ਪਰਪਲ ਸਟਾਰ', 3563 ਕੈਰੇਟ ਵਜ਼ਨ; ਕੀਮਤ ਜਾਣ ਕੇ ਉੱਡ ਜਾਣਗੇ ਹੋਸ਼
ਦੁਨੀਆ ਦੇ ਇਸ ਸਭ ਤੋਂ ਵੱਡੇ Purple Star ਨੀਲਮ ਨੂੰ 'ਸਟਾਰ ਆਫ਼ ਪਿਓਰ ਲੈਂਡ' ਵੀ ਕਿਹਾ ਜਾ ਰਿਹਾ ਹੈ। ਰਤਨਾਂ ਦੇ ਮਾਹਿਰ ਅਸ਼ਾਨ ਅਮਰਸਿੰਘੇ ਅਨੁਸਾਰ, ਇਹ ਇਤਿਹਾਸ 'ਚ ਦਰਜ ਹੁਣ ਤਕ ਦਾ ਸਭ ਤੋਂ ਵੱਡਾ ਨੀਲਮ ਦਾ ਪੱਥਰ ਹੈ।
Publish Date: Mon, 19 Jan 2026 03:33 PM (IST)
Updated Date: Mon, 19 Jan 2026 03:39 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ : ਸ੍ਰੀਲੰਕਾ ਦੀ ਰਾਜਧਾਨੀ ਕੋਲੰਬੋ 'ਚ ਇਕ ਅਦਭੁਤ ਰਤਨ ਦਾ ਪ੍ਰਦਰਸ਼ਨ ਕੀਤਾ ਗਿਆ ਹੈ। ਬੈਂਗਣੀ ਰੰਗ ਦੀ ਇਹ ਧਾਤੂ ਹੀਰੇ ਤੋਂ ਵੀ ਜ਼ਿਆਦਾ ਚਮਕਦਾਰ ਤੇ ਆਕਰਸ਼ਕ ਹੈ ਜਿਸ ਦਾ ਵਜ਼ਨ 3,563 ਕੈਰੇਟ ਦੱਸਿਆ ਜਾ ਰਿਹਾ ਹੈ। ਇਹ ਦੁਨੀਆ ਦਾ ਸਭ ਤੋਂ ਵੱਡਾ ਨੀਲਮ ਹੀਰਾ ਹੈ ਜਿਸ ਨੂੰ 'ਪਰਪਲ ਸਟਾਰ' (Purple Star) ਦਾ ਨਾਂ ਦਿੱਤਾ ਗਿਆ ਹੈ।
ਇਸ ਬੇਸ਼ਕੀਮਤੀ ਹੀਰੇ ਦੇ ਮਾਲਕਾਂ ਨੇ ਇਸ ਨੂੰ ਵੇਚਣ ਦਾ ਫੈਸਲਾ ਕੀਤਾ ਹੈ। ਜਲਦੀ ਹੀ ਇਸ ਦੀ ਨਿਲਾਮੀ ਹੋ ਸਕਦੀ ਹੈ। 'ਪਰਪਲ ਸਟਾਰ' ਦੀ ਕੀਮਤ 300 ਮਿਲੀਅਨ ਡਾਲਰ (ਲਗਪਗ 2,728 ਕਰੋੜ ਰੁਪਏ) ਤੈਅ ਕੀਤੀ ਗਈ ਹੈ।
'ਸਟਾਰ ਆਫ਼ ਪਿਓਰ ਲੈਂਡ' (Star of Pure Land)
ਦੁਨੀਆ ਦੇ ਇਸ ਸਭ ਤੋਂ ਵੱਡੇ ਪਰਪਲ ਸਟਾਰ ਨੀਲਮ ਨੂੰ 'ਸਟਾਰ ਆਫ਼ ਪਿਓਰ ਲੈਂਡ' ਵੀ ਕਿਹਾ ਜਾ ਰਿਹਾ ਹੈ। ਰਤਨਾਂ ਦੇ ਮਾਹਿਰ ਅਸ਼ਾਨ ਅਮਰਸਿੰਘੇ ਅਨੁਸਾਰ, ਇਹ ਇਤਿਹਾਸ 'ਚ ਦਰਜ ਹੁਣ ਤਕ ਦਾ ਸਭ ਤੋਂ ਵੱਡਾ ਨੀਲਮ ਦਾ ਪੱਥਰ ਹੈ।
ਅਮਰਸਿੰਘੇ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਆਪਣੀ ਕਿਸਮ ਦਾ ਸਭ ਤੋਂ ਵੱਡਾ ਪਰਪਲ ਸਟਾਰ ਨੀਲਮ ਹੀਰਾ ਹੈ। ਇਹ ਕਿਸੇ ਤਾਰਾਮੰਡਲ ਵਾਂਗ ਦਿਖਾਈ ਦਿੰਦਾ ਹੈ। ਇਸ ਵਿੱਚੋਂ ਸੱਤ ਰੰਗਾਂ ਦੀਆਂ ਵੱਖ-ਵੱਖ ਕਿਰਨਾਂ ਨਿਕਲਦੀਆਂ ਹਨ। ਇਹੀ ਚੀਜ਼ ਇਸ ਨੂੰ ਬਾਕੀ ਬੇਸ਼ਕੀਮਤੀ ਰਤਨਾਂ ਤੋਂ ਬਿਲਕੁਲ ਵੱਖਰੀ ਬਣਾਉਂਦੀ ਹੈ।
2023 ਵਿੱਚ ਮਿਲਿਆ ਸੀ 'ਪਰਪਲ ਸਟਾਰ'
'ਸਟਾਰ ਆਫ਼ ਪਿਓਰ ਲੈਂਡ' ਦੇ ਮਾਲਕ ਆਪਣੀ ਪਛਾਣ ਉਜਾਗਰ ਨਹੀਂ ਕਰਨਾ ਚਾਹੁੰਦੇ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਨਾਲ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ। ਹਾਲਾਂਕਿ, ਇਕ ਮਾਲਕ ਦੇ ਅਨੁਸਾਰ, ਇਹ ਰਤਨ ਉਨ੍ਹਾਂ ਨੂੰ 2023 ਵਿੱਚ ਮਿਲਿਆ ਸੀ।
ਉਨ੍ਹਾਂ ਦੱਸਿਆ ਕਿ ਸ੍ਰੀਲੰਕਾ ਦੇ ਰਤਨਪੁਰਾ ਨੂੰ 'ਰਤਨਾਂ ਦਾ ਸ਼ਹਿਰ' ਕਿਹਾ ਜਾਂਦਾ ਹੈ। 2023 ਵਿਚ ਖੁਦਾਈ ਦੌਰਾਨ ਉੱਥੇ ਇਹ ਪੱਥਰ ਮਿਲਿਆ ਸੀ। ਉਨ੍ਹਾਂ ਨੇ ਇਸ ਨੂੰ ਬਾਕੀ ਰਤਨਾਂ ਦੇ ਨਾਲ ਹੀ ਖਰੀਦਿਆ ਸੀ। 2 ਸਾਲ ਤਕ ਇਹ ਸਟੋਨ ਇੰਝ ਹੀ ਪਿਆ ਰਿਹਾ। ਪਿਛਲੇ ਸਾਲ ਇਸ ਦੇ ਮਾਲਕਾਂ ਨੇ ਇਸ ਨੂੰ ਲੈਬਾਰਟਰੀ ਵਿੱਚ ਸਰਟੀਫਿਕੇਸ਼ਨ ਲਈ ਭੇਜਿਆ ਸੀ।
ਕਰੋੜਾਂ 'ਚ ਤੈਅ ਹੋਈ ਕੀਮਤ
ਅਮਰਸਿੰਘੇ ਦੇ ਅਨੁਸਾਰ, ਅੰਤਰਰਾਸ਼ਟਰੀ ਮਿਆਰਾਂ ਦੇ ਆਧਾਰ 'ਤੇ ਇਸ ਦੀ ਕੀਮਤ 300-400 ਮਿਲੀਅਨ ਡਾਲਰ (2728 - 3638 ਕਰੋੜ ਰੁਪਏ) ਨਿਰਧਾਰਤ ਕੀਤੀ ਗਈ ਹੈ।