ਕੋਰਟ ਨੇ ਕਿਹਾ ਕਿ ਔਰਤ ਨੂੰ ਪਹਿਲਾਂ ਹੀ ਕਈ ਵਾਰ ਚਿਤਾਵਨੀ ਦਿੱਤੀ ਜਾ ਚੁੱਕੀ ਸੀ, ਇਸਦੇ ਬਾਵਜੂਦ ਉਸਨੇ ਨਿਯਮਾਂ ਦਾ ਪਾਲਣ ਨਹੀਂ ਕੀਤਾ। ਕੋਰਟ ਮੁਤਾਬਕ, ਇਹ ਕੰਪਨੀ ਦੇ ਨਿਯਮਾਂ ਦੀ ਉਲੰਘਣਾ ਅਤੇ ਅਨੁਸ਼ਾਸਨ ਖਿਲਾਫ ਸੀ। ਇਸ ਲਈ ਔਰਤ ਨੂੰ ਨੌਕਰੀ ਤੋਂ ਕੱਢਣਾ ਗਲਤ ਨਹੀਂ ਮੰਨਿਆ ਗਿਆ।

ਡਿਜੀਟਲ ਡੈਸਕ, ਨਵੀਂ ਦਿੱਲੀ : ਆਮ ਤੌਰ 'ਤੇ ਮੰਨਿਆ ਜਾਂਦਾ ਹੈ ਕਿ ਜੋ ਲੋਕ ਸਮੇਂ ਸਿਰ ਜਾਂ ਸਮੇਂ ਤੋਂ ਪਹਿਲਾਂ ਦਫ਼ਤਰ ਪਹੁੰਚਦੇ ਹਨ, ਉਨ੍ਹਾਂ ਨੂੰ ਚੰਗਾ ਮੁਲਾਜ਼ਮ ਸਮਝਿਆ ਜਾਂਦਾ ਹੈ। ਅਜਿਹੇ ਮੁਲਾਜ਼ਮਾਂ ਦੀ ਤਾਰੀਫ਼ ਵੀ ਹੁੰਦੀ ਹੈ ਅਤੇ ਬੌਸ ਵੀ ਖੁਸ਼ ਰਹਿੰਦੇ ਹਨ। ਪਰ ਜੇਕਰ ਇਹੀ ਆਦਤ ਤੁਹਾਡੀ ਨੌਕਰੀ ਲਈ ਖ਼ਤਰਾ ਬਣ ਜਾਵੇ ਤਾਂ?
ਸਪੇਨ ਤੋਂ ਸਾਹਮਣੇ ਆਇਆ ਇਕ ਅਜਿਹਾ ਹੀ ਮਾਮਲਾ ਇਨ੍ਹਾਂ ਦਿਨਾਂ ਵਿਚ ਚਰਚਾ 'ਚ ਹੈ, ਜਿੱਥੇ ਇਕ ਔਰਤ ਨੂੰ ਸਿਰਫ਼ ਇਸ ਲਈ ਨੌਕਰੀ ਤੋਂ ਕੱਢ ਦਿੱਤਾ ਗਿਆ ਕਿਉਂਕਿ ਉਹ ਰੋਜ਼ ਤੈਅ ਸਮੇਂ ਤੋਂ ਪਹਿਲਾਂ ਦਫ਼ਤਰ ਪਹੁੰਚ ਜਾਂਦੀ ਸੀ। ਇਹ ਮਾਮਲਾ ਉਨ੍ਹਾਂ ਲੋਕਾਂ ਨੂੰ ਹੈਰਾਨ ਕਰ ਰਿਹਾ ਹੈ ਜੋ ਸੋਚਦੇ ਹਨ ਕਿ ਜਲਦੀ ਪਹੁੰਚਣਾ ਕਦੇ ਨੁਕਸਾਨਦੇਹ ਨਹੀਂ ਹੋ ਸਕਦਾ। ਪਰ ਇਸ ਔਰਤ ਨਾਲ ਅਜਿਹਾ ਹੀ ਹੋਇਆ ਅਤੇ ਮਾਮਲਾ ਕੋਰਟ ਤਕ ਪਹੁੰਚ ਗਿਆ।
Odditycentral ਦੀ ਰਿਪੋਰਟ ਮੁਤਾਬਕ, ਇਹ ਔਰਤ ਇਕ ਡਿਲੀਵਰੀ ਕੰਪਨੀ 'ਚ ਕੰਮ ਕਰਦੀ ਸੀ। ਕੰਪਨੀ ਵੱਲੋਂ ਉਸਨੂੰ ਕਈ ਵਾਰ ਚੇਤਾਵਨੀ ਦਿੱਤੀ ਗਈ ਸੀ ਕਿ ਉਹ ਸਮੇਂ ਤੋਂ ਪਹਿਲਾਂ ਦਫ਼ਤਰ ਨਾ ਆਵੇ। ਇਸਦੇ ਬਾਵਜੂਦ ਔਰਤ ਰੋਜ਼ ਆਪਣੀ ਸ਼ਿਫਟ ਸ਼ੁਰੂ ਹੋਣ ਤੋਂ ਕਾਫ਼ੀ ਪਹਿਲਾਂ ਦਫ਼ਤਰ ਪਹੁੰਚ ਜਾਂਦੀ ਸੀ। ਆਖਰਕਾਰ ਮੈਨੇਜਰ ਨੇ ਇਸੇ ਗੱਲ ਨੂੰ ਲੈ ਕੇ ਉਸਨੂੰ ਨੌਕਰੀ ਤੋਂ ਕੱਢ ਦਿੱਤਾ। ਇਸ ਤੋਂ ਬਾਅਦ ਔਰਤ ਨੇ ਕੰਪਨੀ ਦੇ ਫੈਸਲੇ ਨੂੰ ਗਲਤ ਦੱਸਦੇ ਹੋਏ ਕੋਰਟ ਦਾ ਦਰਵਾਜ਼ਾ ਖੜਕਾਇਆ, ਜਿੱਥੇ ਇਸ ਪੂਰੇ ਮਾਮਲੇ ਦੀ ਸੁਣਵਾਈ ਹੋਈ।
ਔਰਤ ਦੀ ਸ਼ਿਫਟ ਸਵੇਰੇ 7:30 ਵਜੇ ਤੋਂ ਸ਼ੁਰੂ ਹੁੰਦੀ ਸੀ, ਪਰ ਉਹ ਅਕਸਰ 30 ਤੋਂ 45 ਮਿੰਟ ਪਹਿਲਾਂ ਹੀ ਦਫ਼ਤਰ ਪਹੁੰਚ ਜਾਂਦੀ ਸੀ। ਮੈਨੇਜਰ ਦਾ ਕਹਿਣਾ ਸੀ ਕਿ ਔਰਤ ਜਲਦੀ ਤਾਂ ਆ ਜਾਂਦੀ ਸੀ, ਪਰ ਉਸ ਸਮੇਂ ਉਸਦੇ ਕੋਲ ਕੋਈ ਕੰਮ ਨਹੀਂ ਹੁੰਦਾ ਸੀ। ਕੰਪਨੀ ਮੁਤਾਬਕ, ਇਸ ਨਾਲ ਕੰਮਕਾਜ 'ਤੇ ਕੋਈ ਫਾਇਦਾ ਨਹੀਂ ਹੋ ਰਿਹਾ ਸੀ ਅਤੇ ਉਲਟਾ ਆਫ਼ਿਸ ਦੀ ਵਿਵਸਥਾ ਪ੍ਰਭਾਵਿਤ ਹੋ ਰਹੀ ਸੀ। ਇਸੇ ਵਜ੍ਹਾ ਕਰਕੇ ਉਸਨੂੰ ਕਈ ਵਾਰ ਫਟਕਾਰ ਵੀ ਲਗਾਈ ਗਈ ਸੀ।
ਇਸ ਮਾਮਲੇ 'ਚ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਕੋਰਟ ਦਾ ਫੈਸਲਾ ਰਿਹਾ। ਕੋਰਟ ਨੇ ਔਰਤ ਦੀ ਅਰਜ਼ੀ ਖਾਰਜ ਕਰ ਦਿੱਤੀ ਅਤੇ ਕੰਪਨੀ ਦੇ ਫੈਸਲੇ ਨੂੰ ਸਹੀ ਠਹਿਰਾਇਆ। ਕੋਰਟ ਨੇ ਕਿਹਾ ਕਿ ਔਰਤ ਨੂੰ ਪਹਿਲਾਂ ਹੀ ਕਈ ਵਾਰ ਚਿਤਾਵਨੀ ਦਿੱਤੀ ਜਾ ਚੁੱਕੀ ਸੀ, ਇਸਦੇ ਬਾਵਜੂਦ ਉਸਨੇ ਨਿਯਮਾਂ ਦਾ ਪਾਲਣ ਨਹੀਂ ਕੀਤਾ। ਕੋਰਟ ਮੁਤਾਬਕ, ਇਹ ਕੰਪਨੀ ਦੇ ਨਿਯਮਾਂ ਦੀ ਉਲੰਘਣਾ ਅਤੇ ਅਨੁਸ਼ਾਸਨ ਖਿਲਾਫ ਸੀ। ਇਸ ਲਈ ਔਰਤ ਨੂੰ ਨੌਕਰੀ ਤੋਂ ਕੱਢਣਾ ਗਲਤ ਨਹੀਂ ਮੰਨਿਆ ਗਿਆ।