ਪਾਲਕ ਪਨੀਰ ਦੀ 'ਖ਼ੁਸ਼ਬੂ' ਪਈ ਮਹਿੰਗੀ: ਅਮਰੀਕੀ ਯੂਨੀਵਰਸਿਟੀ ਹਾਰੀ ਕੇਸ, ਭਾਰਤੀ ਜੋੜੇ ਨੂੰ ਮਿਲੇਗਾ ਕਰੋੜਾਂ ਦਾ ਮੁਆਵਜ਼ਾ
ਪ੍ਰਕਾਸ਼ ਅਤੇ ਉਰਮੀ ਨੇ ਕੋਲੋਰਾਡੋ ਦੀ ਜ਼ਿਲ੍ਹਾ ਅਦਾਲਤ ਦਾ ਦਰਵਾਜ਼ਾ ਖੜਕਾਇਆ। ਦੋਵਾਂ ਨੇ ਯੂਨੀਵਰਸਿਟੀ 'ਤੇ ਦੋਸ਼ ਲਾਇਆ ਕਿ ਇੱਕ ਮਾਮੂਲੀ ਵਿਵਾਦ ਨੂੰ ਵਧਾ-ਚੜ੍ਹਾ ਕੇ ਇੰਨਾ ਵੱਡਾ ਕਰ ਦਿੱਤਾ ਗਿਆ ਕਿ ਯੂਨੀਵਰਸਿਟੀ ਨੇ ਉਨ੍ਹਾਂ ਨੂੰ ਡਿਗਰੀ ਦੇਣ ਤੋਂ ਵੀ ਮਨ੍ਹਾ ਕਰ ਦਿੱਤਾ।
Publish Date: Wed, 14 Jan 2026 01:51 PM (IST)
Updated Date: Wed, 14 Jan 2026 01:54 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ: ਅਮਰੀਕਾ ਦੀ ਇੱਕ ਯੂਨੀਵਰਸਿਟੀ ਵਿੱਚ ਪਾਲਕ ਪਨੀਰ ਦੀ ਖ਼ੁਸ਼ਬੂ ਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ ਹੁਣ ਇੱਕ ਵੱਡੇ ਮੁਆਵਜ਼ੇ ਵਿੱਚ ਬਦਲ ਗਿਆ ਹੈ। ਨਸਲੀ ਵਿਤਕਰੇ ਦੇ ਇਸ ਮਾਮਲੇ ਵਿੱਚ ਅਦਾਲਤ ਦੇ ਦਖ਼ਲ ਤੋਂ ਬਾਅਦ ਹੁਣ ਯੂਨੀਵਰਸਿਟੀ ਨੂੰ ਭਾਰਤੀ ਜੋੜੇ ਨੂੰ 2 ਲੱਖ ਡਾਲਰ (ਲਗਭਗ 1.8 ਕਰੋੜ ਰੁਪਏ) ਦਾ ਹਰਜਾਨਾ ਦੇਣਾ ਪਵੇਗਾ।
ਸਾਲ 2023 ਵਿੱਚ ਕੋਲੋਰਾਡੋ ਬੋਲਡਰ ਯੂਨੀਵਰਸਿਟੀ ਵਿੱਚ ਪੀਐਚਡੀ (PhD) ਕਰ ਰਹੇ ਆਦਿਤਿਆ ਪ੍ਰਕਾਸ਼ (34) ਅਤੇ ਉਰਮੀ ਭੱਟਾਚਾਰੀਆ (35) ਨਾਲ ਇਹ ਅਜੀਬੋ-ਗਰੀਬ ਘਟਨਾ ਵਾਪਰੀ। 5 ਸਤੰਬਰ 2023 ਨੂੰ ਜਦੋਂ ਆਦਿਤਿਆ ਯੂਨੀਵਰਸਿਟੀ ਦੇ ਓਵਨ ਵਿੱਚ ਆਪਣਾ ਦੁਪਹਿਰ ਦਾ ਖਾਣਾ (ਪਾਲਕ ਪਨੀਰ) ਗਰਮ ਕਰਨ ਲੱਗਾ, ਤਾਂ ਸਟਾਫ਼ ਨੇ ਇਹ ਕਹਿ ਕੇ ਰੋਕ ਦਿੱਤਾ ਕਿ ਸਬਜ਼ੀ ਵਿੱਚੋਂ 'ਬਦਬੂ' ਆ ਰਹੀ ਹੈ।
ਆਦਿਤਿਆ ਨੇ ਇਸ ਦਾ ਵਿਰੋਧ ਕਰਦਿਆਂ ਕਿਹਾ, "ਮੇਰਾ ਖਾਣਾ ਮੇਰਾ ਮਾਣ ਹੈ, ਕੋਈ ਹੋਰ ਇਹ ਤੈਅ ਨਹੀਂ ਕਰ ਸਕਦਾ ਕਿ ਇਹ ਖ਼ੁਸ਼ਬੂਦਾਰ ਹੈ ਜਾਂ ਬਦਬੂਦਾਰ।"
ਯੂਨੀਵਰਸਿਟੀ ਦੀ ਸਖ਼ਤ ਕਾਰਵਾਈ
ਜਦੋਂ ਉਰਮੀ ਆਪਣੇ ਸਾਥੀ ਦੇ ਸਮਰਥਨ ਵਿੱਚ ਆਈ ਅਤੇ ਜੋੜੇ ਨੇ ਵਿਤਕਰੇ ਦਾ ਦੋਸ਼ ਲਗਾਇਆ, ਤਾਂ ਯੂਨੀਵਰਸਿਟੀ ਨੇ ਸਖ਼ਤ ਰੁਖ਼ ਅਪਣਾ ਲਿਆ। ਉਰਮੀ ਨੂੰ ਉਸਦੀ ਨੌਕਰੀ ਤੋਂ ਕੱਢ ਦਿੱਤਾ ਗਿਆ ਅਤੇ ਦੋਵਾਂ ਨੂੰ ਪੀਐਚਡੀ ਦੀ ਡਿਗਰੀ ਦੇਣ ਤੋਂ ਵੀ ਇਨਕਾਰ ਕਰ ਦਿੱਤਾ ਗਿਆ।
ਅਦਾਲਤ ਪਹੁੰਚਿਆ ਮਾਮਲਾ
ਪ੍ਰਕਾਸ਼ ਅਤੇ ਉਰਮੀ ਨੇ ਕੋਲੋਰਾਡੋ ਦੀ ਜ਼ਿਲ੍ਹਾ ਅਦਾਲਤ ਦਾ ਦਰਵਾਜ਼ਾ ਖੜਕਾਇਆ। ਦੋਵਾਂ ਨੇ ਯੂਨੀਵਰਸਿਟੀ 'ਤੇ ਦੋਸ਼ ਲਾਇਆ ਕਿ ਇੱਕ ਮਾਮੂਲੀ ਵਿਵਾਦ ਨੂੰ ਵਧਾ-ਚੜ੍ਹਾ ਕੇ ਇੰਨਾ ਵੱਡਾ ਕਰ ਦਿੱਤਾ ਗਿਆ ਕਿ ਯੂਨੀਵਰਸਿਟੀ ਨੇ ਉਨ੍ਹਾਂ ਨੂੰ ਡਿਗਰੀ ਦੇਣ ਤੋਂ ਵੀ ਮਨ੍ਹਾ ਕਰ ਦਿੱਤਾ।
ਕਪਲ ਨੂੰ ਮਿਲੇਗਾ ਮੁਆਵਜ਼ਾ
ਮਾਮਲਾ ਅਦਾਲਤ ਵਿੱਚ ਪਹੁੰਚਣ ਤੋਂ ਬਾਅਦ ਕਾਲਜ ਨੇ ਸੈਟਲਮੈਂਟ (ਸਮਝੌਤੇ) ਦਾ ਰਸਤਾ ਚੁਣਿਆ। ਕਾਲਜ ਪ੍ਰਸ਼ਾਸਨ ਨੂੰ ਮਾਮਲਾ ਖ਼ਤਮ ਕਰਨ ਲਈ ਪ੍ਰਕਾਸ਼ ਅਤੇ ਉਰਮੀ ਨੂੰ 2 ਲੱਖ ਡਾਲਰ (ਲਗਭਗ 1.8 ਕਰੋੜ ਰੁਪਏ) ਦੇਣ ਦਾ ਆਦੇਸ਼ ਦਿੱਤਾ ਗਿਆ। ਹਾਲਾਂਕਿ, ਕਾਲਜ ਨੇ ਪ੍ਰਕਾਸ਼ ਅਤੇ ਉਰਮੀ 'ਤੇ ਹਮੇਸ਼ਾ ਲਈ ਪਾਬੰਦੀ ਲਗਾ ਦਿੱਤੀ ਹੈ। ਹੁਣ ਉਹ ਨਾ ਤਾਂ ਇਸ ਕਾਲਜ ਵਿੱਚ ਦਾਖਲਾ ਲੈ ਸਕਣਗੇ ਅਤੇ ਨਾ ਹੀ ਨੌਕਰੀ ਕਰ ਸਕਣਗੇ। ਦੂਜੇ ਪਾਸੇ, ਕਾਲਜ ਨੇ ਦੋਵਾਂ ਨੂੰ ਪੀ.ਐੱਚ.ਡੀ. ਦੀ ਡਿਗਰੀ ਵੀ ਦੇ ਦਿੱਤੀ ਹੈ।