ਦੇਸ਼ ’ਚ 28 ਦਸੰਬਰ ਤੋਂ ਭੜਕੇ ਵਿਰੋਧ ਪ੍ਰਦਰਸ਼ਨਾਂ ਨਾਲ ਸਖਤੀ ਨਾਲ ਨਿਪਟਿਆ ਜਾ ਰਿਹਾ ਹੈ। ਅਮਰੀਕਾ ਆਧਾਰਤ ਮਨੁੱਖੀ ਅਧਿਕਾਰ ਏਜੰਸੀ ਹਿਊਮਨ ਰਾਈਟਸ ਐਕਟੀਵਿਸਟਸ ਨੇ ਪ੍ਰਦਰਸ਼ਨਾਂ ’ਚ ਮਰਨ ਵਾਲਿਆਂ ਦੀ ਇਹ ਗਿਣਤੀ ਦੱਸੀ ਹੈ। ਉਸਨੇ ਮੰਗਲਵਾਰ ਨੂੰ ਕਿਹਾ ਕਿ ਕਾਰਵਾਈ ਦੌਰਾਨ 26 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੂੰ ਹਿਰਾਸਤ ’ਚ ਲਿਆ ਗਿਆ ਹੈ।

ਦੁਬਈ, ਏਪੀ: ਈਰਾਨ ’ਚ ਮਹਿੰਗਾਈ ਤੇ ਮਾੜੀ ਆਰਥਿਕ ਹਾਲਤ ਦੇ ਖਿਲਾਫ਼ ਪ੍ਰਦਰਸ਼ਨ ਹਾਲੇ ਵੀ ਜਾਰੀ ਹਨ। ਸਰਕਾਰ ਵਿਰੋਧੀ ਇਨ੍ਹਾਂ ਪ੍ਰਦਰਸ਼ਨਾਂ ’ਚ ਹੁਣ ਤੱਕ 4029 ਲੋਕਾਂ ਦੀ ਜਾਨ ਗਈ ਹੈ। ਹਾਲਾਂਕਿ ਈਰਾਨ ਦੀ ਸਰਕਾਰ ਨੇ ਹੁਣ ਤੱਕ ਮਿ੍ਰਤਕਾਂ ਦੀ ਸਪੱਸ਼ਟ ਗਿਣਤੀ ਨਹੀਂ ਦੱਸੀ। ਦੇਸ਼ ’ਚ 28 ਦਸੰਬਰ ਤੋਂ ਭੜਕੇ ਵਿਰੋਧ ਪ੍ਰਦਰਸ਼ਨਾਂ ਨਾਲ ਸਖਤੀ ਨਾਲ ਨਿਪਟਿਆ ਜਾ ਰਿਹਾ ਹੈ। ਅਮਰੀਕਾ ਆਧਾਰਤ ਮਨੁੱਖੀ ਅਧਿਕਾਰ ਏਜੰਸੀ ਹਿਊਮਨ ਰਾਈਟਸ ਐਕਟੀਵਿਸਟਸ ਨੇ ਪ੍ਰਦਰਸ਼ਨਾਂ ’ਚ ਮਰਨ ਵਾਲਿਆਂ ਦੀ ਇਹ ਗਿਣਤੀ ਦੱਸੀ ਹੈ। ਉਸਨੇ ਮੰਗਲਵਾਰ ਨੂੰ ਕਿਹਾ ਕਿ ਕਾਰਵਾਈ ਦੌਰਾਨ 26 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੂੰ ਹਿਰਾਸਤ ’ਚ ਲਿਆ ਗਿਆ ਹੈ। ਮਰਨ ਵਾਲਿਆਂ ’ਚ 3,786 ਪ੍ਰਦਰਸ਼ਨਕਾਰੀ, 180 ਸੁਰੱਖਿਆ ਮੁਲਾਜ਼ਮ, 28 ਬੱਚੇ ਤੇ 35 ਅਜਿਹੇ ਲੋਕ ਸ਼ਾਮਲ ਹਨ, ਜਿਨ੍ਹਾਂ ਨੇ ਪ੍ਰਦਰਸ਼ਨਾਂ ’ਚ ਹਿੱਸਾ ਨਹੀਂ ਲਿਆ ਸੀ। ਇਹ ਏਜੰਸੀ ਪਹਿਲਾਂ ਵੀ ਈਰਾਨ ’ਚ ਹੋਈ ਗੜਬੜ ਦੇ ਬਾਰੇ ਸਹੀ ਜਾਣਕਾਰੀ ਮੁਹੱਈਆ ਕਰਾ ਚੁੱਕੀ ਹੈ।
ਈਰਾਨੀ ਅਧਿਕਾਰੀਆਂ ਨੇ ਪ੍ਰਦਰਸ਼ਨਾਂ ਦੌਰਾਨ ਹੋਈਆਂ ਮੌਤਾਂ ਦਾ ਹੁਣ ਤੱਕ ਕੋਈ ਸਪੱਸ਼ਟ ਅੰਕੜਾ ਜਾਰੀ ਨਹੀਂ ਕੀਤਾ। ਹਾਲਾਂਕਿ ਪਿਛਲੇ ਸ਼ਨਿਚਰਵਾਰ ਨੂੰ ਦੇਸ਼ ਦੇ ਸਰਬ ਉੱਚ ਆਗੂ ਅਯਾਤੁੱਲਾ ਅਲੀ ਖਾਮਨੇਈ ਨੇ ਕਿਹਾ ਸੀ ਕਿ ਵਿਰੋਧ ਪ੍ਰਦਰਸ਼ਨਾਂ ’ਚ ਕਈ ਹਜ਼ਾਰ ਲੋਕਾਂ ਦੀ ਮੌਤ ਹੋਈ ਤੇ ਉਨ੍ਹਾਂ ਨੇ ਇਨ੍ਹਾਂ ਮੌਤਾਂ ਲਈ ਅਮਰੀਕਾ ਨੂੰ ਜ਼ਿੰਮੇਵਾਰ ਠਹਿਰਾਇਆ। ਰਾਇਟਰ ਦੇ ਮੁਤਾਬਕ, ਈਰਾਨ ’ਚ ਪ੍ਰਦਰਸ਼ਨਕਾਰੀਆਂ ਦੇ ਖਿਲਾਫ਼ ਹਿੰਸਾ ਦੇ ਮੁੱਦੇ ’ਤੇ ਸੰਯੁਕਤ ਰਾਸ਼ਟਰ (ਯੂਐੱਨ) ਮਨੁੱਖੀ ਅਧਿਕਾਰ ਪ੍ਰੀਸ਼ਦ ਦੀ ਸ਼ੁੱਕਰਵਾਰ ਨੂੰ ਹੰਗਾਮੀ ਬੈਠਕ ਬੁਲਾਈ ਗਈ ਹੈ।
ਈਰਾਨ ਲਈ ਦਾਵੋਸ ਸੱਦਾ ਵਾਪਸ
ਈਰਾਨੀ ਵਿਦੇਸ਼ ਮੰਤਰੀ ਅੱਬਾਸ ਅਰਾਗਚੀ ਨੂੰ ਸਵਿਟਜ਼ਰਲੈਂਡ ਦੇ ਦਾਵੋਸ ’ਚ ਵਿਸ਼ਵ ਆਰਥਿਕ ਫੋਰਮ ਨੂੰ ਸੰਬੋਧਨ ਕਰਨਾ ਸੀ, ਪਰ ਦੇਸ਼ ’ਚ ਜਾਰੀ ਪ੍ਰਦਰਸ਼ਨਾਂ ’ਚ ਲੋਕਾਂ ਦੀਆਂ ਹੱਤਿਆਵਾਂ ਨੂੰ ਲੈ ਕੇ ਸੱਦਾ ਵਾਪਸ ਲੈ ਲਿਆ ਗਿਆ ਹੈ। ਵਿਸ਼ਵ ਆਰਥਿਕ ਫੋਰਮ ਨੇ ਕਿਹਾ ਕਿ ਉਨ੍ਹਾਂ ਨੂੰ ਸੱਦਾ ਦਿੱਤਾ ਗਿਆ ਸੀ, ਪਰ ਪਿਛਲੇ ਕੁਝ ਹਫਤਿਆਂ ’ਚ ਈਰਾਨ ’ਚ ਨਾਗਰਿਕਾਂ ਦੀ ਦੁੱਖਦਾਈ ਮੌਤਾਂ ਨੂੰ ਦੇਖਦੇ ਹੋਏ ਦਾਵੋਸ ’ਚ ਈਰਾਨੀ ਸਰਕਾਰ ਦੀ ਨੁਮਾਇੰਦਗੀ ਸਹੀ ਨਹੀਂ ਹੈ। ਜਦਕਿ ਅਰਾਗਚੀ ਨੇ ਫ਼ੈਸਲੇ ਦੀ ਨਿੰਦਾ ਕੀਤੀ ਤੇ ਕਿਹਾ ਕਿ ਇਜ਼ਰਾਈਲ ਤੇ ਅਮਰੀਕਾ ਦੇ ਝੂਠੇ ਤੇ ਸਿਆਸੀ ਦਬਾਅ ਦੇ ਕਾਰਨ ਦਾਵੋਸ ’ਚ ਮੇਰੀ ਹਾਜ਼ਰੀ ਰੱਦ ਕਰ ਦਿੱਤੀ ਗਈ।