ਪੰਜਾਬੀ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਤਿੰਨ ਗੈਂਗਸਟਰਾਂ ਨੂੰ ਦੇਸ਼ ਨਿਕਾਲਾ, 78 ਹੋਰ ਵਿਦੇਸ਼ੀ ਨਾਗਰਿਕ ਸ਼ੱਕੀ ਜਾਂਚ ਦੇ ਘੇਰੇ ’ਚ
ਅਪਰਾਧੀ ਕਾਰੋਬਾਰੀਆਂ ਤੋਂ ਕ੍ਰਿਪਟੋਕਰੰਸੀ ਭੁਗਤਾਨ ਦੀ ਮੰਗ ਕਰਨ ਲਈ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਵਰਤੋਂ ਕਰਦੇ ਹਨ ਤੇ ਕਥਿਤ ਤੌਰ ’ਤੇ ਉਨ੍ਹਾਂ ਦੀਆਂ ਮੰਗਾਂ ਨੂੰ ਠੁਕਰਾਉਣ ’ਤੇ ਹਿੰਸਾ ਤੇ ਅੱਗਜ਼ਨੀ ਦਾ ਸਹਾਰਾ ਲੈਂਦੇ ਹਨ। ਸਰੀ, ਲੋਅਰ ਮੇਨਲੈਂਡ ਤੇ ਫਰੇਜ਼ਰ ਵੈਲੀ ’ਚ ਕਈ ਛੋਟੇ ਕਾਰੋਬਾਰ, ਜਿਨ੍ਹਾਂ ’ਚ ਸਰੀ ਸਥਿਤ ਕਪਿਲ ਸ਼ਰਮਾ ਦਾ ਕੈਪ’ਜ਼ ਕੈਫੇ ਵੀ ਸ਼ਾਮਲ ਹੈ, ਨੂੰ ਨਿਸ਼ਾਨਾ ਬਣਾਇਆ ਗਿਆ।
Publish Date: Sun, 09 Nov 2025 08:45 AM (IST)
Updated Date: Sun, 09 Nov 2025 08:47 AM (IST)
ਐਡਮਿੰਟਨ (ਬਸੋਤਾ) : ਕੈਨੇਡਾ ਬਾਰਡਰ ਸਰਵਿਸਿਜ਼ (ਸੀਬੀਸੀ) ਏਜੰਸੀ ਨੇ ਪੰਜਾਬੀ ਮੂਲ ਦੇ ਕਾਰੋਬਾਰੀਆਂ ਤੋਂ ਜਬਰੀ ਵਸੂਲੀ ਕਰਨ ਵਾਲੇ ਤਿੰਨ ਵਿਦੇਸ਼ੀ ਨਾਗਰਿਕਾਂ (ਗੈਂਗਸਟਰਾਂ) ਨੂੰ ਦੇਸ਼ ਨਿਕਾਲਾ ਦੇ ਦਿੱਤਾ ਹੈ। ਇਹ ਬ੍ਰਿਟਿਸ਼ ਕੋਲੰਬੀਆ ’ਚ ਚੱਲ ਰਹੇ ਜਬਰੀ ਵਸੂਲੀ ਦੇ ਨੈੱਟਵਰਕ ਨਾਲ ਸਬੰਧਿਤ ਦੱਸੇ ਜਾ ਰਹੇ ਹਨ। ਹਾਲਾਂਕਿ ਅਧਿਕਾਰੀਆਂ ਨੇ ਦੇਸ਼ ਨਿਕਾਲਾ ਦਿੱਤੇ ਗਏ ਵਿਅਕਤੀਆਂ ਦੀ ਪਛਾਣ ਦਾ ਖ਼ੁਲਾਸਾ ਨਹੀਂ ਕੀਤਾ ਪਰ ਸੂਤਰਾਂ ਨੇ ਸੰਕੇਤ ਦਿੱਤਾ ਹੈ ਕਿ ਇਸ ਦੇ ਬਹੁਤ ਸਾਰੇ ਪੀੜਤ ਤੇ ਅਪਰਾਧੀ ਦੋਵੇਂ ਹੀ ਪੰਜਾਬੀ ਮੂਲ ਦੇ ਹਨ। ਜ਼ਿਕਰਯੋਗ ਹੈ ਕਿ ਬੀਸੀ ’ਚ ਜਬਰੀ ਵਸੂਲੀ ਦਾ ਸੰਕਟ 2025 ਦੇ ਸ਼ੁਰੂ ’ਚ ਤੇਜ਼ੀ ਨਾਲ ਵਧਿਆ ਹੈ। ਅਪਰਾਧੀ ਕਾਰੋਬਾਰੀਆਂ ਤੋਂ ਕ੍ਰਿਪਟੋਕਰੰਸੀ ਭੁਗਤਾਨ ਦੀ ਮੰਗ ਕਰਨ ਲਈ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਵਰਤੋਂ ਕਰਦੇ ਹਨ ਤੇ ਕਥਿਤ ਤੌਰ ’ਤੇ ਉਨ੍ਹਾਂ ਦੀਆਂ ਮੰਗਾਂ ਨੂੰ ਠੁਕਰਾਉਣ ’ਤੇ ਹਿੰਸਾ ਤੇ ਅੱਗਜ਼ਨੀ ਦਾ ਸਹਾਰਾ ਲੈਂਦੇ ਹਨ। ਸਰੀ, ਲੋਅਰ ਮੇਨਲੈਂਡ ਤੇ ਫਰੇਜ਼ਰ ਵੈਲੀ ’ਚ ਕਈ ਛੋਟੇ ਕਾਰੋਬਾਰ, ਜਿਨ੍ਹਾਂ ’ਚ ਸਰੀ ਸਥਿਤ ਕਪਿਲ ਸ਼ਰਮਾ ਦਾ ਕੈਪ’ਜ਼ ਕੈਫੇ ਵੀ ਸ਼ਾਮਲ ਹੈ, ਨੂੰ ਨਿਸ਼ਾਨਾ ਬਣਾਇਆ ਗਿਆ।
ਸੱਤ ਨੰਵਬਰ ਨੂੰ ਜਾਰੀ ਕੀਤਾ ਗਿਆ ਦੇਸ਼ ਨਿਕਾਲੇ ਦਾ ਹੁਕਮ ਬੀਸੀ ਐਕਸਟੋਰਸ਼ਨ ਟਾਸਕ ਫੋਰਸ ਤਹਿਤ ਲਿਆ ਪਹਿਲਾ ਕਦਮ ਹੈ, ਜੋ ਕਿ ਸੀਬੀਐੱਸਏ, ਆਰਸੀਐੱਮਪੀ ਤੇ ਸਥਾਨਕ ਪੁਲਿਸ ਏਜੰਸੀਆਂ ਦਾ ਸਾਂਝਾ ਆਪ੍ਰੇਸ਼ਨ ਹੈ। ਸੂਬੇ ’ਚ ਕੰਮ ਕਰ ਰਹੇ ਅੰਤਰ-ਰਾਸ਼ਟਰੀ ਸੰਗਠਿਤ ਅਪਰਾਧ ਸਮੂਹਾਂ ਖ਼ਿਲਾਫ਼ ਇਸ ਸਾਲ ਦੇ ਸ਼ੁਰੂ ’ਚ 40 ਮੈਂਬਰੀ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਸੀ। ਸੀਬੀਐੱਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਕਾਰਵਾਈ ਬੀਸੀ ਦੇ ਪੰਜਾਬੀ ਕਾਰੋਬਾਰੀ ਭਾਈਚਾਰੇ ਨੂੰ ਨਿਸ਼ਾਨਾ ਬਣਾ ਕੇ ਦਿੱਤੀਆਂ ਗਈਆਂ ਧਮਕੀਆਂ ਤੇ ਕੀਤੀ ਗਈ ਹਿੰਸਾ ਦੀਆਂ ਤਾਜ਼ਾ ਘਟਨਾਵਾਂ ਪਿੱਛੇ ਸੰਗਠਿਤ ਨੈੱਟਵਰਕਾਂ ਨੂੰ ਖ਼ਤਮ ਕਰਨ ਦੇ ਯਤਨਾਂ ’ਚ ਅਹਿਮ ਕਦਮ ਹੈ। ਸੀਬੀਐੱਸਏ ਅਧਿਕਾਰੀਆਂ ਅਨੁਸਾਰ ਜਬਰੀ ਵਸੂਲੀ ਦੇ ਮਾਮਲਿਆਂ ਨਾਲ ਜੁੜੀਆਂ ਅਪਰਾਧਕ ਸਰਗਰਮੀਆਂ ਨਾਲ ਸਬੰਧ 78 ਹੋਰ ਵਿਦੇਸ਼ੀ ਨਾਗਰਿਕਾਂ ਦੀ ਜਾਂਚ ਚੱਲ ਰਹੀ ਹੈ।