ਪੰਜਾਬੀਆਂ ਦਾ ਸਿਰ ਫ਼ਖਰ ਨਾਲ ਹੋਇਆ ਉੱਚਾ, ਪਹਿਲੀ ਵਾਰ ਪੰਜਾਬੀ ’ਚ ਗਾਇਆ ਕੈਨੇਡਾ ਦਾ ਰਾਸ਼ਟਰੀ ਗੀਤ
ਕੈਨੇਡਾ ਦੀ ਧਰਤੀ ’ਤੇ ਸਵਾ ਸੌ ਸਾਲ ਤੋਂ ਵਸਦੇ ਪੰਜਾਬੀਆਂ ਦਾ ਸਿਰ ਉਸ ਵੇਲੇ ਫ਼ਖਰ ਨਾਲ ਹੋਰ ਵੀ ਉੱਚਾ ਹੋਇਆ, ਜਦੋਂ ਕੈਨੇਡਾ ਦੇ ਨੈਸ਼ਨਲ ਹਾਕੀ ਲੀਗ ਦੇ ਵਿਨੀਪੈਗ ’ਚ ਹੋਏ ਮੈਚ ਦੌਰਾਨ ਕੈਨੇਡਾ ਦਾ ਰਾਸ਼ਟਰੀ ਗੀਤ ‘ਓ ਕੈਨੇਡਾ’ ਅੰਗਰੇਜ਼ੀ ਦੇ ਨਾਲ, ਪੰਜਾਬੀ ਵਿੱਚ ਗਾਇਨ ਕੀਤਾ ਗਿਆ।
Publish Date: Fri, 22 Dec 2023 10:38 AM (IST)
Updated Date: Fri, 22 Dec 2023 11:34 AM (IST)

ਜਰਨੈਲ ਬਸੋਤਾ, ਐਡਮਿੰਟਨ : ਕੈਨੇਡਾ ਦੀ ਧਰਤੀ ’ਤੇ ਸਵਾ ਸੌ ਸਾਲ ਤੋਂ ਵਸਦੇ ਪੰਜਾਬੀਆਂ ਦਾ ਸਿਰ ਉਸ ਵੇਲੇ ਫ਼ਖਰ ਨਾਲ ਹੋਰ ਵੀ ਉੱਚਾ ਹੋਇਆ, ਜਦੋਂ ਕੈਨੇਡਾ ਦੇ ਨੈਸ਼ਨਲ ਹਾਕੀ ਲੀਗ ਦੇ ਵਿਨੀਪੈਗ ’ਚ ਹੋਏ ਮੈਚ ਦੌਰਾਨ ਕੈਨੇਡਾ ਦਾ ਰਾਸ਼ਟਰੀ ਗੀਤ ‘ਓ ਕੈਨੇਡਾ’ ਅੰਗਰੇਜ਼ੀ ਦੇ ਨਾਲ, ਪੰਜਾਬੀ ਵਿੱਚ ਗਾਇਨ ਕੀਤਾ ਗਿਆ। ਇਹ ਪਲ ਯਾਦਗਾਰੀ ਬਣਾਉਣ ’ਚ ਪੰਜਾਬੀ ’ਚ ‘ਓ ਕੈਨੇਡਾ’ ਗਾਉਣ ਵਾਲੇ ਕੈਨੇਡੀਅਨ ਬੱਚਿਆਂ ’ਚ ਸਿਮਰ ਕੌਰ ਸੈਂਬੀ, ਹਰਨਾਮ ਕੌਰ ਅਤੇ ਗੁਰਜੋਤ ਮਾਨ ਸਮੇਤ, ਐਂਬਰ ਟਰੇਲਜ਼ ਐਲੀਮੈਂਟਰੀ ਸਕੂਲ ਦੇ ਪੰਜਾਬੀ ਵਿਦਿਆਰਥੀ ਵਧਾਈ ਦੇ ਪਾਤਰ ਹਨ। ਸੰਗੀਤਕ ਧੁਨਾਂ ਰਾਹੀਂ ਡਾਕਟਰ ਕਿਰਨਪਾਲ ਕੌਰ ਸਰੋਆ ਦੀ ਅਗਵਾਈ ’ਚ ਇਨ੍ਹਾਂ ਪੰਜਾਬੀ ਬੱਚਿਆਂ ਵੱਲੋਂ ਇਹ ਗੀਤ ਪੇਸ਼ ਕੀਤਾ ਗਿਆ। ਗੁਰਮਤਿ ਸੰਗੀਤ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪਹਿਲੇ ਮੁਖੀ ਡਾ. ਗੁਰਨਾਮ ਸਿੰਘ ਵੱਲੋਂ ਗੁਰਮਤਿ ਸੰਗੀਤ ਰਾਹੀਂ ਇਸ ਨੂੰ ਹੋਰ ਖ਼ੂੂਬਸੂਰਤ ਬਣਾਉਣ ’ਚ ਪ੍ਰੇਰਨਾ ਦੇਣਾ ਤੇ ਸਹਾਈ ਹੋਣਾ ਮਾਣ ਵਾਲੀ ਗੱਲ ਹੈ। ਕੈਨੇਡਾ ਦਾ ਰਾਸ਼ਟਰੀ ਗੀਤ ਪੰਜਾਬੀ ’ਚ ਅਨੁਵਾਦਿਤ ਕਰਦਿਆਂ ਡਾ. ਗੁਰਨਾਮ ਸਿੰਘ ਦੀ ਪਤਨੀ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡੀਨ ਵਿਦਿਆਰਥੀ ਤੇ ਪੰਜਾਬੀ ਸਾਹਿਤ ਅਧਿਐਨ ਵਿਭਾਗ ਦੇ ਮੁਖੀ ਰਹੇ ਡਾਕਟਰ ਅੰਮ੍ਰਿਤਪਾਲ ਕੌਰ ਨੇ ਪੰਜਾਬੀ ਸ਼ਬਦ ਲਿਖੇ, ਜਿਨ੍ਹਾਂ ਨੂੰ ਕੈਨੇਡੀਅਨ ਪੰਜਾਬੀ ਬੱਚਿਆਂ ਨੇ ਗਾਇਆ। ਇਸ ਤੋਂ ਪਹਿਲਾਂ ਕੈਨੇਡਾ ’ਚ ਹਾਕੀ ਦੀ ਪੰਜਾਬੀ ’ਚ ਕੁਮੈਂਟਰੀ ਡੇਢ ਦਹਾਕਾ ਪਹਿਲਾਂ ਤੋਂ ਬਹੁਤ ਉਤਸ਼ਾਹ ਨਾਲ ਚੱਲ ਰਹੀ ਹੈ, ਜਿਸ ਨੂੰ ਸੀਬੀਸੀ ਕੈਨੇਡੀਅਨ ਬਰਾਡਕਾਸਟਿੰਗ ਵੱਲੋਂ ਪ੍ਰਸਾਰਤ ਕੀਤਾ ਜਾਂਦਾ ਹੈ।