ਪ੍ਰਧਾਨ ਮੰਤਰੀ ਕਾਰਨੀ ਨੇ ਇਕ ਵੀਡੀਓ ਸੰਦੇਸ਼• ’ਚ ਅਮਰੀਕਾ ਦਾ ਨਾਂ ਲਏ ਬਿਨਾਂ ਨਾਗਰਿਕਾਂ ਨੂੰ ਚੇਤਾਵਨੀ ਦਿੱਤੀ ਕਿ ਕੈਨੇਡਾ ਦੇ ਅਰਥਚਾਰੇ ਨੂੰ ਬਾਹਰੋਂ ਚੁਣੌਤੀ ਮਿਲ ਰਹੀ ਹੈ, ਅਜਿਹੇ ’ਚ ਉਹ ਰਣਨੀਤੀ ਅਪਣਾਉਣ ਦੀ ਲੋੜ ਹੈ, ਜਿੱਥੇ ਦੇਸ਼ ਹੀ ਆਪਣਾ ਸਭ ਤੋਂ ਵਧੀਆ ਗਾਹਕ ਬਣ ਜਾਵੇ।

ਓਟਾਵਾ (ਕੈਨੇਡਾ), ਏਐੱਨਆਈ : ਅਮਰੀਕਾ ਅਤੇ ਕੈਨੇਡਾ ਵਿਚਕਾਰ ਤਣਾਅ ਨਵੇਂ ਪੱਧਰ ’ਤੇ ਪਹੁੰਚ ਗਿਆ ਹੈ। ਚੀਨ ਨਾਲ ਵਪਾਰ ਸਮਝੌਤੇ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਨੇਡਾ ’ਤੇ 100 ਫੀਸਦ ਟੈਰਿਫ਼ ਲਗਾਉਣ ਦੀ ਧਮਕੀ ਦਿੱਤੀ, ਜਿਸ ’ਤੇ ਬੇਫਿਕਰ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਦੇਸ਼ ਵਾਸੀਆਂ ਨੂੰ ਸਵਦੇਸੀ ਨੂੰ ਅਪਣਾਉਣ ਅਤੇ ਅੰਤਰਰਾਸ਼ਟਰੀ ਨਿਰਭਰਤਾ ਘਟਾਉਣ ਦੀ ਅਪੀਲ ਕੀਤੀ।
ਪ੍ਰਧਾਨ ਮੰਤਰੀ ਕਾਰਨੀ ਨੇ ਇਕ ਵੀਡੀਓ ਸੰਦੇਸ਼• ’ਚ ਅਮਰੀਕਾ ਦਾ ਨਾਂ ਲਏ ਬਿਨਾਂ ਨਾਗਰਿਕਾਂ ਨੂੰ ਚੇਤਾਵਨੀ ਦਿੱਤੀ ਕਿ ਕੈਨੇਡਾ ਦੇ ਅਰਥਚਾਰੇ ਨੂੰ ਬਾਹਰੋਂ ਚੁਣੌਤੀ ਮਿਲ ਰਹੀ ਹੈ, ਅਜਿਹੇ ’ਚ ਉਹ ਰਣਨੀਤੀ ਅਪਣਾਉਣ ਦੀ ਲੋੜ ਹੈ, ਜਿੱਥੇ ਦੇਸ਼ ਹੀ ਆਪਣਾ ਸਭ ਤੋਂ ਵਧੀਆ ਗਾਹਕ ਬਣ ਜਾਵੇ। ਉਨ੍ਹਾਂ ਨੇ ਕਿਹਾ ਕਿ ਸਾਨੂੰ ਉਹਨਾਂ ਚੀਜ਼ਾਂ ’ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ, ਜਿਨ੍ਹਾਂ ਨੂੰ ਅਸੀਂ ਚੰਗੀ ਤਰ੍ਹਾਂ ਨਾਲ ਕੰਟਰੋਲ ਕਰ ਸਕਦੇ ਹਾਂ। ਉਨ੍ਹਾਂ ਨੇ ਅੱਗੇ ਕਿਹਾ ਕਿ ਦੂਜੇ ਦੇਸ਼ ਕੀ ਕਰਦੇ ਹਨ, ਉਨ੍ਹਾਂ ’ਤੇ ਸਾਡਾ ਕੰਟਰੋਲ ਨਹੀਂ ਹੈ। ਅਸੀਂ ਆਪਣੇ ਸਭ ਤੋਂ ਵਧੀਆ ਗਾਹਕ ਖੁਦ ਬਣ ਸਕਦੇ ਹਾਂ। ਅਸੀਂ ਕੈਨੇਡੀਅਨਾਂ ਨੂੰ ਖ਼ੁਸ਼ਹਾਲ ਕਰਾਂਗੇ। ਇਕੱਠੇ ਹੋ ਕੇ ਅਸੀਂ ਮਜ਼ਬੂਤ ਬਣਾਂਗੇ।
ਜ਼ਿਕਰਯੋਗ ਹੈ ਕਿ ਏਸ਼ੀਆ ਨਾਲ ਆਪਣੇ ਆਰਥਿਕ ਸਬੰਧ ਵਿਕਸਿਤ ਕਰਨ ਦੀ ਕੋਸ਼ਿਸ਼ ਕਰ ਰਹੇ ਕੈਨੇਡਾ ਨੂੰ ਸ਼ਨਿੱਚਰਵਾਰ ਨੂੰ ਟਰੰਪ ਨੇ ਧਮਕਾਇਆ ਸੀ। ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਗਵਰਨਰ ਕਹਿ ਕੇ ਸੰਬੋਧਤ ਕਰਦਿਆਂ ਟਰੰਪ ਨੇ ਕਿਹਾ ਸੀ ਕਿ ਜੇ ਉਹ ਸੋਚਦੇ ਹਨ ਕਿ ਅਮਰੀਕਾ ’ਚ ਚੀਨੀ ਸਮਾਨ ਅਤੇ ਉਤਪਾਦਾਂ ਦੇ ਦਾਖਲੇ ਲਈ ਉਹ ਕੈਨੇਡਾ ਨੂੰ ਬੰਦਰਗਾਹ ਬਣਾ ਸਕਦੇ ਹਨ, ਤਾਂ ਇਹ ਪੂਰੀ ਤਰ੍ਹਾਂ ਉਨ੍ਹਾਂ ਦੀ ਗਲਤੀ ਹੈ। ਚੀਨ ਕੈਨੇਡਾ ਨੂੰ ਜ਼ਿੰਦਾ ਨਿਗਲ ਜਾਵੇਗਾ, ਪੂਰੀ ਤਰ੍ਹਾਂ ਤਬਾਹ ਕਰ ਦੇਵੇਗਾ, ਜਿਸ ’ਚ ਨਾ ਤਾਂ ਉਨ੍ਹਾਂ ਦਾ ਕਾਰੋਬਾਰ ਬਚੇਗਾ, ਨਾ ਸਮਾਜਿਕ ਢਾਂਚਾ ਅਤੇ ਨਾ ਹੀ ਜੀਵਨਸ਼ੈਲੀ। ਜੇ ਕੈਨੇਡਾ ਚੀਨ ਨਾਲ ਸਮਝੌਤਾ ਕਰਦਾ ਹੈ, ਤਾਂ ਕੈਨੇਡਾ ਤੋਂ ਅਮਰੀਕਾ ਆਉਣ ਵਾਲੇ ਸਮਾਨ ’ਤੇ ਤੁਰੰਤ ਪ੍ਰਭਾਵ ਨਾਲ 100 ਫੀਸਦੀ ਟੈਰਿਫ ਲੱਦ ਦਿੱਤਾ ਜਾਵੇਗਾ।
ਉੱਥੇ, ਅਮਰੀਕਾ ਨਾਲ ਵਪਾਰ ਲਈ ਜ਼ਿੰਮੇਵਾਰ ਕੈਨੇਡਾ ਦੇ ਮੰਤਰੀ ਡੋਮਿਨਿਕ ਲੇਬਲਾਂ ਨੇ ਟਰੰਪ ਦੀ ਨਵੀਂ ਧਮਕੀ ਦੀ ਨਿਖੇਧੀ ਕੀਤੀ। ਉਨ੍ਹਾਂ ਨੇ ਟਵਿੱਟਰ ’ਤੇ ਲਿਖਿਆ, ‘ਚੀਨਾਂ ਨਾਲ ਮੁਫ਼ਤ ਵਪਾਰ ਸਮਝੌਤੇ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਜਾ ਰਹੀ। ਜੋ ਹਾਸਲ ਕੀਤਾ ਗਿਆ ਹੈ, ਉਹ ਕਈ ਮਹੱਤਵਪੂਰਨ ਟੈਰਿਫ ਸਮੱਸਿਆਵਾਂ ਦਾ ਹੱਲ ਹੈ।’