ਕੈਨੇਡਾ ਨਾਗਰਿਕਤਾ ਕਾਨੂੰਨ ’ਚ ਕਰੇਗਾ ਸੋਧ, ਭਾਰਤੀ ਮੂਲ ਦੇ ਲੋਕਾਂ ਨੂੰ ਮਿਲ ਸਕਦੈ ਫਾਇਦਾ, ਇਹ ਹੈ ਸ਼ਰਤ
ਇਸ ’ਚ ਕਿਹਾ ਗਿਆ ਸੀ ਕਿ ਵਿਦੇਸ਼ ’ਚ ਜਨਮੇ ਕੈਨੇਡਾਈ ਲੋਕ ਸਿਰਫ਼ ਉਦੋਂ ਆਪਣੀ ਨਾਗਰਿਕਤਾ ਬੱਚਿਆਂ ਨੂੰ ਦੇ ਸਕਦੇ ਹਨ ਜਦੋਂ ਬੱਚੇ ਦਾ ਜਨਮ ਕੈਨੇਡਾ ’ਚ ਹੋਇਆ ਹੋਵੇ। ਪਰ ਦਸੰਬਰ 2023 ’ਚ ਓਂਟਾਰੀਓ ਸੁਪੀਰੀਅਰ ਕੋਰਟ ਨੇ ਵੰਸ਼ ਵੱਲੋਂ ਨਾਗਰਿਕਤਾ ਦੀ ਪਹਿਲੀ ਪੀੜ੍ਹੀ ਦੀ ਹੱਦ ਨਾਲ ਸਬੰਧਤ ਨਾਗਰਿਕਤਾ ਐਕਟ ਦੇ ਪ੍ਰਮੁੱਖ ਹਿੱਸੇ ਨੂੰ ਗ਼ੈਰ ਸੰਵਿਧਾਨਕ ਮੰਨਿਆ।
Publish Date: Tue, 25 Nov 2025 11:10 AM (IST)
Updated Date: Tue, 25 Nov 2025 11:13 AM (IST)

ਓਟਾਵਾ (ਏਜੰਸੀ) : ਕੈਨੇਡਾ ਨੇ ਆਪਣੇ ਨਾਗਰਿਕਤਾ ਕਾਨੂੰਨਾਂ ਨੂੰ ਆਧੁਨਿਕ ਬਣਾਉਣ ਲਈ ਇਸ ’ਚ ਸੋਧ ਕਰਨ ਜਾ ਰਹੀ ਹੈ। ਇਸ ਨਾਲ ਪੁਰਾਣੇ ਨਿਯਮਾਂ ਕਾਰਨ ਛੁਟ ਗਏ ਲੋਕਾਂ ਨੂੰ ਵਿਦੇਸ਼ ’ਚ ਜਨਮੇ ਜਾਂ ਗੋਦ ਲਏ ਗਏ ਆਪਣੇ ਬੱਚਿਆਂ ਨੂੰ ਕੈਨੇਡਾਈ ਨਾਗਰਿਕਤਾ ਦੇਣ ਦਾ ਸਹੀ ਤੇ ਸਿੱਧਾ ਰਸਤਾ ਮਿਲ ਜਾਏਗਾ। ਬਿੱਲ ਸੀ-3, ਨਾਗਰਿਕਤਾ ਐਕਟ (2025) ’ਚ ਸੋਧ ਕਰਨ ਵਾਲਾ ਐਕਟ ਹੈ, ਜਿਸ ਨੂੰ ਹੁਣੇ ਜਿਹੇ ਸ਼ਾਹੀ ਸਹਿਮਤੀ ਦਿੱਤੀ ਗਈ ਹੈ। ਇਸ ਨਾਲ ਕੈਨੇਡਾ ’ਚ ਹਜ਼ਾਰਾਂ ਭਾਰਤੀ ਮੂਲ ਦੇ ਪਰਿਵਾਰਾਂ ਨੂੰ ਫਾਇਦਾ ਹੋਣ ਦੀ ਸੰਭਾਵਨਾ ਹੈ। ਕੈਨੇਡਾ ਦੀ ਇਮੀਗ੍ਰੇਸ਼ਨ ਮੰਤਰੀ ਲੇਨਾ ਮੇਟਲੇਜ ਡਾਇਬ ਨੇ ਕਿਹਾ ਕਿ ਬਿੱਲ ਦਾ ਮਕਸਦ ਨਾਗਰਿਕਤਾ ਕਾਨੂੰਨਾਂ ’ਚ ਲੰਬੇ ਸਮੇਂ ਤੋਂ ਚੱਲੇ ਆ ਰਹੇ ਮੁੱਦਿਆਂ ਨੂੰ ਠੀਕ ਕਰਨਾ ਤੇ ਵਿਦੇਸ਼ ’ਚ ਜਨਮੇ ਜਾਂ ਗੋਦ ਲਏ ਗਏ ਬੱਚਿਆਂ ਵਾਲੇ ਪਰਿਵਾਰਾਂ ’ਚ ਨਿਰਪੱਖਤਾ ਲਿਆਉਣਾ ਹੈ। ਇਸਨੂੰ ਲਾਗੂ ਕਰਨ ਲਈ ਹਾਲੇ ਕੋਈ ਤਰੀਕ ਤੈਅ ਨਹੀਂ ਕੀਤੀ ਗਈ। ਅਸਲ ’ਚ, ਸਰਕਾਰ ਨੇ 2009 ’ਚ ਕਾਨੂੰਨ ’ਚ ਬਦਲਾਅ ਕੀਤਾ ਸੀ। ਇਸ ’ਚ ਵੰਸ਼ ਦੇ ਆਧਾਰ ’ਤੇ ਕੈਨੇਡੀਅਨ ਨਾਗਰਿਕਤਾ ਦੀ ਪਹਿਲੀ ਪੀੜ੍ਹੀ ਦੀ ਹੱਦ ਲਾਗੂ ਕੀਤੀ ਗਈ ਸੀ। ਇਸ ’ਚ ਕਿਹਾ ਗਿਆ ਸੀ ਕਿ ਵਿਦੇਸ਼ ’ਚ ਜਨਮੇ ਕੈਨੇਡਾਈ ਲੋਕ ਸਿਰਫ਼ ਉਦੋਂ ਆਪਣੀ ਨਾਗਰਿਕਤਾ ਬੱਚਿਆਂ ਨੂੰ ਦੇ ਸਕਦੇ ਹਨ ਜਦੋਂ ਬੱਚੇ ਦਾ ਜਨਮ ਕੈਨੇਡਾ ’ਚ ਹੋਇਆ ਹੋਵੇ। ਪਰ ਦਸੰਬਰ 2023 ’ਚ ਓਂਟਾਰੀਓ ਸੁਪੀਰੀਅਰ ਕੋਰਟ ਨੇ ਵੰਸ਼ ਵੱਲੋਂ ਨਾਗਰਿਕਤਾ ਦੀ ਪਹਿਲੀ ਪੀੜ੍ਹੀ ਦੀ ਹੱਦ ਨਾਲ ਸਬੰਧਤ ਨਾਗਰਿਕਤਾ ਐਕਟ ਦੇ ਪ੍ਰਮੁੱਖ ਹਿੱਸੇ ਨੂੰ ਗ਼ੈਰ ਸੰਵਿਧਾਨਕ ਮੰਨਿਆ।
ਵੰਸ਼ ਦੇ ਆਧਾਰ ’ਤੇ ਕੈਨੇਡੀਅਨ ਨਾਗਰਿਕਤਾ ਦੀ ਪਹਿਲੀ ਪੀੜ੍ਹੀ ਦੀ ਇਸ ਹੱਦ ਨੇ ਕਈ ਭਾਰਤੀ ਮੂਲ ਦੇ ਕੈਨੇਡੀਅਨ ਲੋਕਾਂ ਲਈ ਸਮੱਸਿਆਵਾਂ ਪੈਦਾ ਕਰ ਦਿੱਤੀਆਂ, ਜਿਨ੍ਹਾਂ ਦੇ ਬੱਚੇ ਦੇਸ਼ ਤੋਂ ਬਾਹਰ ਪੈਦਾ ਹੋਏ ਸਨ। ਬਿੱਲ ਸੀ-3 ’ਚ ਤਜਵੀਜ਼ਸ਼ੁਦਾ ਨਾਗਰਿਕਤਾ ਪਹਿਲੀ ਪੀੜ੍ਹੀ ਤੋਂ ਇਲਾਵਾ ਵਿਦੇਸ਼ ’ਚ ਜਨਮੇ ਲੋਕਾਂ ਨੂੰ ਵੀ ਦਿੱਤੀ ਜਾ ਸਕਦੀ ਹੈ, ਜੇਕਰ ਮਾਤਾ-ਪਿਤਾ ਬੱਚੇ ਦੇ ਜਨਮ ਜਾਂ ਗੋਦ ਲੈਣ ਤੋਂ ਪਹਿਲਾਂ ਕੈਨੇਡਾ ’ਚ ਕੁੱਲ ਤਿੰਨ ਸਾਲ ਬਿਤਾਉਂਦੇ ਹਨ।