ਆਸਟ੍ਰੇਲੀਆ ’ਚ ਸੋਸ਼ਲ ਮੀਡੀਆ 'ਤੇ ਬੈਨ ਤੋਂ ਬਾਅਦ ਬੱਚਿਆਂ 'ਚ ਵਧਿਆ ਕਿਤਾਬਾਂ ਪੜ੍ਹਨ ਦਾ ਰੁਝਾਨ
ਮਾਹਿਰਾਂ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ ਬੈਨ ਕਾਰਨ ਬੱਚਿਆਂ ਦਾ ਸਕ੍ਰੀਨ ਟਾਈਮ ਘੱਟ ਹੋਇਆ ਅਤੇ ਕਈਆਂ ਨੇ ਕਿਤਾਬਾਂ ਨੂੰ ਸਮਾਂ ਦੇਣਾ ਸ਼ੁਰੂ ਕੀਤਾ ਹੈ। ਹਾਲਾਂਕਿ ਮਾਹਿਰਾਂ ਨੇ ਇਸ ਗੱਲ ’ਤੇ ਵੀ ਜ਼ੋਰ ਦਿਤਾ ਕਿ ਲੰਬੇ ਸਮੇਂ ਦੇ ਪ੍ਰਭਾਵ ਬਾਰੇ ਇਹ ਅਜੇ ਕਹਿਣਾ ਜਲਦੀ ਹੋਵੇਗਾ।
Publish Date: Mon, 12 Jan 2026 04:27 PM (IST)
Updated Date: Mon, 12 Jan 2026 04:34 PM (IST)
ਖੁਸ਼ਪ੍ਰੀਤ ਸਿੰਘ ਸੁਨਾਮ, ਮੈਲਬਰਨ : ਆਸਟ੍ਰੇਲੀਆ ਵਿੱਚ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ’ਤੇ ਸਰਕਾਰੀ ਪਾਬੰਦੀ ਤੋਂ ਬਾਅਦ ਕਿਤਾਬਾਂ ਪੜ੍ਹਨ ਦੇ ਰੁਝਾਨ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਬੁੱਕਸਟੋਰਾਂ ਵਲੋਂ ਮਿਲੀ ਜਾਣਕਾਰੀ ਮੁਤਾਬਕ ਕਿਤਾਬਾਂ ਦੀ ਖਰੀਦ ਵਿੱਚ 3.1% ਦਾ ਇਜ਼ਾਫ਼ਾ ਹੋਇਆ ਹੈ ਤੇ ਬੱਚਿਆਂ ਵਿੱਚ ਕਿਤਾਬਾਂ ਪੜ੍ਹਨ ਦੀ ਆਦਤ ਮੁੜ ਵਧਦੀ ਦਿਖਾਈ ਦੇ ਰਹੀ ਹੈ। ਤਾਜ਼ਾ ਜਾਣਕਾਰੀ ਮੁਤਾਬਕ ਬੁੱਕਸਟੋਰਾਂ ਦੀ ਸੇਲ, ਲਾਇਬ੍ਰੇਰੀਆਂ ਦੀ ਆਵਾਜਾਈ ਅਤੇ ਸਿੱਖਿਆਤਮਕ ਸਮੱਗਰੀ ਦੀ ਮੰਗ ਵਿੱਚ ਵੀ ਪਿਛਲੇ ਹਫ਼ਤਿਆਂ ਦੌਰਾਨ ਵਾਧਾ ਦਰਜ ਕੀਤਾ ਗਿਆ ਹੈ।
ਮਾਹਿਰਾਂ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ ਬੈਨ ਕਾਰਨ ਬੱਚਿਆਂ ਦਾ ਸਕ੍ਰੀਨ ਟਾਈਮ ਘੱਟ ਹੋਇਆ ਅਤੇ ਕਈਆਂ ਨੇ ਕਿਤਾਬਾਂ ਨੂੰ ਸਮਾਂ ਦੇਣਾ ਸ਼ੁਰੂ ਕੀਤਾ ਹੈ। ਹਾਲਾਂਕਿ ਮਾਹਿਰਾਂ ਨੇ ਇਸ ਗੱਲ ’ਤੇ ਵੀ ਜ਼ੋਰ ਦਿਤਾ ਕਿ ਲੰਬੇ ਸਮੇਂ ਦੇ ਪ੍ਰਭਾਵ ਬਾਰੇ ਇਹ ਅਜੇ ਕਹਿਣਾ ਜਲਦੀ ਹੋਵੇਗਾ। ਇਹ ਵੀ ਮੰਨਣਾ ਹੈ ਕਿ ਪਹਿਲਾਂ ਦੇ ਮੁਕਾਬਲੇ ਹੁਣ ਬੱਚੇ ਫੋਨ, ਗੇਮਿੰਗ ਅਤੇ ਸੋਸ਼ਲ ਪਲੇਟਫਾਰਮਾਂ ਤੋਂ ਦੂਰ ਹੋ ਕੇ ਕਿਤਾਬਾਂ ਤੇ ਕਹਾਣੀਆਂ ਵੱਲ ਆ ਰਹੇ ਹਨ।ਇਕ ਸਟੋਰ ਮੈਨੇਜਰ ਨੇ ਦੱਸਿਆ “ਬੱਚਿਆਂ ਲਈ ਕਾਮਿਕਸ, ਕਹਾਣੀਆਂ ਤੇ ਅਤੇ ਪਜ਼ਲ ਬੁੱਕ ਦੀ ਡਿਮਾਂਡ ਸਭ ਤੋਂ ਵੱਧ ਆ ਰਹੀ ਹੈ।”
ਮਾਪਿਆਂ ਦਾ ਕਹਿਣਾ ਹੈ ਕਿ ਰਾਤ ਦੇ ਸਮੇਂ ਫੋਨ ਦੀ ਬਜਾਏ ਕਿਤਾਬ ਪੜ੍ਹਨ ਦੀ ਆਦਤ ਵਧੀ ਹੈ। ਕੁਝ ਪਰਿਵਾਰਾਂ ਨੇ ਘਰ ਵਿੱਚ “ਰੀਡਿੰਗ ਆਵਰ” ਸ਼ੁਰੂ ਕਰਨ ਦੀ ਪੁਸ਼ਟੀ ਵੀ ਕੀਤੀ। ਸਿੱਖਿਆ ਤੇ ਬੱਚਿਆਂ ਦੀ ਮਨੋਵਿਗਿਆਨ ਖੇਤਰ ਨਾਲ ਜੁੜੇ ਮਾਹਿਰਾਂ ਮੁਤਾਬਕ ਕਿਤਾਬ ਪੜ੍ਹਨ ਨਾਲ ਧਿਆਨ, ਭਾਸ਼ਾ ਅਤੇ ਕਲਪਨਾ ਮਜ਼ਬੂਤ ਹੁੰਦੀ ਹੈ । ਬੱਚਿਆਂ ਦਾ ਸਕ੍ਰੀਨ ਟਾਈਮ ਘੱਟ ਹੋਣ ਨਾਲ ਮਨੋਵਿਗਿਆਨਕ ਲਾਭ ਵੀ ਮਿਲਦੇ ਹਨ।
ਮਾਹਿਰਾਂ ਨੇ ਇਸ ਰੁਝਾਨ ਨੂੰ ਸਕਾਰਾਤਮਕ ਕਿਹਾ, ਪਰ ਇਹ ਵੀ ਮੰਨਿਆ ਕਿ ਲੰਬੇ ਸਮੇਂ ਦੇ ਅੰਕੜੇ ਨਾਲ ਹੀ ਪੂਰੀ ਤਸਵੀਰ ਸਾਹਮਣੇ ਆਏਗੀ। ਮਾਪਿਆਂ ਅਤੇ ਸਕੂਲਾਂ ਨੂੰ ਪੜ੍ਹਨ ਦੀਆਂ ਆਦਤਾਂ ਨੂੰ ਸਮਰਥਨ ਦੇਣ ਦੀ ਅਪੀਲ ਵੀ ਕੀਤੀ ਗਈ।
ਮਾਹਿਰਾਂ ਦਾ ਮੱਤ ਹੈ ਕਿ ਸੋਸ਼ਲ ਮੀਡੀਆ ਪਾਬੰਦੀ ਨਾਲ ਪੜ੍ਹਨ ਦੀ ਆਦਤ ਵੱਧਣ ਦੀ ਸੰਭਾਵਨਾ ਤਾਂ ਹੈ ਪਰ ਇਸ ਦੇ ਲਈ ਅਜੇ ਉਡੀਕ ਕਰਨੀ ਪਵੇਗੀ ਨਿਸ਼ਚਿਤ ਤੌਰ ’ਤੇ ਸੋਸ਼ਲ ਮੀਡੀਆ ਬੈਨ ਨੇ ਬੱਚਿਆਂ ਨੂੰ ਕਿਤਾਬਾਂ ਅਤੇ ਹੋਰਨਾਂ ਸਰਗਰਮੀਆਂ ਵੱਲ ਵਾਪਸ ਲਿਆਂਦਾ ਜਰੂਰ ਹੈ ਪਰ ਲੰਬੇ ਸਮੇਂ ਲਈ ਇਹ ਰੁਝਾਨ ਕਿਵੇਂ ਰਹੇਗਾ ਇਹ ਸਮਾਂ ਦੱਸੇਗਾ।