ਰਾਇਨ ਦਾ ਜੁੜਵਾਂ ਭਰਾ ਐਰਿਨ ਵਿਲੀਅਮਜ਼ (Aryn) ਕਈ ਸਾਲ ਪਹਿਲਾਂ ਭਾਰਤ ਆ ਚੁੱਕਾ ਹੈ ਅਤੇ ਆਈ-ਲੀਗ ਵਿੱਚ ਖੇਡ ਚੁੱਕਾ ਹੈ। ਦੋਵੇਂ ਭਰਾਵਾਂ ਨੇ ਇੱਕ ਸਮੇਂ ਭਾਰਤੀ ਨਾਗਰਿਕਤਾ ਲਈ ਅਰਜ਼ੀ ਦੇਣ ਦਾ ਵੀ ਵਿਚਾਰ ਕੀਤਾ ਸੀ ਪਰ ਕੁਝ ਕਾਰਨਾਂ ਕਰਕੇ ਇਹ ਸੰਭਵ ਨਹੀਂ ਹੋ ਸਕਿਆ।

ਖੁਸ਼ਪ੍ਰੀਤ ਸਿੰਘ ਸੁਨਾਮ, ਮੈਲਬੌਰਨ : ਫੁੱਟਬਾਲ ਦੀ ਦੁਨੀਆ ਵਿੱਚ ਇੱਕ ਪ੍ਰੇਰਣਾਦਾਇਕ ਕਹਾਣੀ ਸਾਹਮਣੇ ਆਈ ਹੈ। ਆਸਟ੍ਰੇਲੀਆ ਦੇ ਮਸ਼ਹੂਰ ਫੁੱਟਬਾਲਰ ਰਾਇਨ ਵਿਲੀਅਮਜ਼ ਨੇ ਆਸਟ੍ਰੇਲੀਆਈ ਨਾਗਰਿਕਤਾ ਛੱਡ ਕੇ ਭਾਰਤੀ ਨਾਗਰਿਕਤਾ ਅਪਣਾਈ ਹੈ, ਅਤੇ ਹੁਣ ਉਹ ਬੈਂਗਲੂਰੂ ਫੁੱਟਬਾਲ ਕਲੱਬ (Bengaluru FC) ਵਾਸਤੇ ਮੁੱਖ ਖਿਡਾਰੀ ਵਜੋਂ ਮੈਦਾਨ ਵਿੱਚ ਉਤਰੇਗਾ। ਇਹ ਸਿਰਫ਼ ਇੱਕ ਖਿਡਾਰੀ ਦਾ ਫੈਸਲਾ ਨਹੀਂ, ਸਗੋਂ ਇੱਕ ਪਰਿਵਾਰਕ ਵਿਰਾਸਤ, ਸਨਮਾਨ ਅਤੇ ਦਿਲੀ ਜਜ਼ਬੇ ਦੀ ਕਹਾਣੀ ਹੈ।
ਪਰਥ ਤੋਂ ਭਾਰਤ ਤੱਕ ਦਾ ਸਫਰ
ਰਾਇਨ ਵਿਲੀਅਮਜ਼ ਦਾ ਜਨਮ ਪਰਥ (ਆਸਟ੍ਰੇਲੀਆ) ਵਿੱਚ ਹੋਇਆ ਸੀ। ਉਹ ਆਸਟ੍ਰੇਲੀਆ ਦੀ ਅੰਡਰ-20 ਅਤੇ ਅੰਡਰ-23 ਟੀਮਾਂ ਦੀ ਪ੍ਰਤੀਨਿਧਤਾ ਕਰ ਚੁੱਕਾ ਹੈ ਅਤੇ ਸੀਨੀਅਰ ਟੀਮ ਨਾਲ ਵਰਲਡ ਕੱਪ ਵਿੱਚ ਵੀ ਖੇਡ ਚੁੱਕਾ ਹੈ। ਉਹ ਇੰਗਲੈਂਡ ਅਤੇ ਦੱਖਣੀ ਕੋਰੀਆ ਦੀਆਂ ਪ੍ਰੋਫੈਸ਼ਨਲ ਲੀਗਾਂ ਵਿੱਚ ਵੀ ਖੇਡਦਾ ਰਿਹਾ ਹੈ। ਪਰ ਉਸਦੇ ਮਨ ਵਿੱਚ ਸਾਲਾਂ ਤੋਂ ਇੱਕ ਅਧੂਰਾ ਸੁਪਨਾ ਸੀ ਭਾਰਤ ਲਈ ਖੇਡਣ ਦਾ ਸੁਪਨਾ। ਇਹ ਸੁਪਨਾ ਉਸਦੇ ਮਾਪਿਆਂ ਤੋਂ ਨਹੀਂ ਸਗੋਂ ਉਸਦੇ ਨਾਨੇ ਲਿੰਕਨ ਗਰੋਸਟੇ ਤੋਂ ਆਇਆ ਸੀ ਜੋ ਮੁੰਬਈ ਵਾਸੀ ਸਨ ਅਤੇ 1950 ਦੇ ਦਹਾਕੇ ਵਿੱਚ ਬੰਬਈ ਵੱਲੋਂ ਸੰਤੋਸ਼ ਟਰਾਫੀ ਵਿੱਚ ਖੇਡੇ ਸਨ। ਰਾਇਨ ਐਂਗਲੋ ਇੰਡੀਅਨ ਪਰਿਵਾਰ ਨਾਲ ਸਬੰਧਤ ਹੈ ਰਾਇਨ ਦੱਸਦਾ ਹੈ ਕਿ ਮੇਰੇ ਨਾਨੇ ਦਾ ਸੁਪਨਾ ਸੀ ਕਿ ਮੈਂ ਇੱਕ ਦਿਨ ਭਾਰਤ ਵਾਸਤੇ ਖੇਡਾਂ। ਇਹ ਬੀਜ ਮੇਰੇ ਮਨ ਵਿੱਚ ਬਚਪਨ ਤੋਂ ਹੀ ਬੀਜਿਆ ਗਿਆ ਸੀ।
ਰਾਇਨ ਦਾ ਜੁੜਵਾਂ ਭਰਾ ਐਰਿਨ ਵਿਲੀਅਮਜ਼ (Aryn) ਕਈ ਸਾਲ ਪਹਿਲਾਂ ਭਾਰਤ ਆ ਚੁੱਕਾ ਹੈ ਅਤੇ ਆਈ-ਲੀਗ ਵਿੱਚ ਖੇਡ ਚੁੱਕਾ ਹੈ। ਦੋਵੇਂ ਭਰਾਵਾਂ ਨੇ ਇੱਕ ਸਮੇਂ ਭਾਰਤੀ ਨਾਗਰਿਕਤਾ ਲਈ ਅਰਜ਼ੀ ਦੇਣ ਦਾ ਵੀ ਵਿਚਾਰ ਕੀਤਾ ਸੀ ਪਰ ਕੁਝ ਕਾਰਨਾਂ ਕਰਕੇ ਇਹ ਸੰਭਵ ਨਹੀਂ ਹੋ ਸਕਿਆ। ਰਾਇਨ ਕਹਿੰਦਾ ਹੈ ਜਦੋਂ ਮੇਰੇ ਭਰਾ ਨੇ ਭਾਰਤ ਵਿੱਚ ਖੇਡਿਆ ਮੈਂ ਵੇਖਿਆ ਕਿ ਇੱਥੇ ਖੇਡ ਪ੍ਰਤੀ ਜੋਸ਼ ਤੇ ਜਜ਼ਬਾ ਬੇਮਿਸਾਲ ਹੈ ਮੈਂ ਸੋਚਿਆ ਕਿ ਜੇ ਮੇਰੇ ਨਾਨੇ ਦੀ ਧਰਤੀ ਮੈਨੂੰ ਸਵੀਕਾਰ ਕਰ ਲਵੇ, ਤਾਂ ਇਹ ਮੇਰੇ ਜੀਵਨ ਦਾ ਸਭ ਤੋਂ ਵੱਡਾ ਮਾਣ ਹੋਵੇਗਾ।
ਰਾਇਨ ਨੇ ਭਾਰਤੀ ਨਾਗਰਿਕਤਾ ਲਈ ਪ੍ਰਕਿਰਿਆ ਲਗਭਗ ਦੋ ਸਾਲ ਪਹਿਲਾਂ ਸ਼ੁਰੂ ਕੀਤੀ ਸੀ, ਜਦੋਂ ਉਹ ਬੈਂਗਲੂਰੂ FC ਵਾਸਤੇ ਇੰਡਿਅਨ ਸੁਪਰ ਲੀਗ (ISL) ਵਿੱਚ ਖੇਡ ਰਿਹਾ ਸੀ। ਕਾਨੂੰਨ ਅਨੁਸਾਰ, ਉਸਨੂੰ ਪਹਿਲਾਂ ਘੱਟੋ-ਘੱਟ 12 ਮਹੀਨੇ ਭਾਰਤ ਵਿੱਚ ਰਹਿਣਾ ਪਿਆ। ਇਸ ਤੋਂ ਬਾਅਦ ਕਈ ਪੜਾਵਾਂ ਵਾਲੀ ਦਸਤਾਵੇਜ਼ੀ ਜਾਂਚ ਅਤੇ ਪ੍ਰਸ਼ਾਸਨਿਕ ਕਾਰਵਾਈ ਪੂਰੀ ਹੋਈ।
ਉਹ ਕਹਿੰਦਾ ਹੈ ਇਹ ਦੋ ਸਾਲ ਮੇਰੇ ਜੀਵਨ ਦੇ ਸਭ ਤੋਂ ਲੰਮੇ ਅਤੇ ਅਣਿਸ਼ਚਿਤ ਸਾਲ ਸਨ। ਹਰ ਦਿਨ ਸੋਚਦਾ ਸੀ ਕਿ ਕੀ ਮੇਰਾ ਇਹ ਸੁਪਨਾ ਪੂਰਾ ਹੋਵੇਗਾ ਕਿ ਨਹੀਂ। ਪਰ ਜਦੋਂ ਮੇਰੇ ਹੱਥ ਵਿੱਚ ਭਾਰਤੀ ਪਾਸਪੋਰਟ ਆਇਆ ਉਸ ਖ਼ੁਸ਼ੀ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ।
ਰਾਇਨ ਇਸ ਵੇਲੇ ਆਪਣੀ ਪਤਨੀ ਅਤੇ ਦੋ ਬੱਚਿਆਂ ਨਾਲ ਬੈਂਗਲੂਰੂ ਵਿੱਚ ਰਹਿੰਦਾ ਹੈ। ਉਹ ਕਹਿੰਦਾ ਹੈ ਮੇਰੇ ਪਰਿਵਾਰ ਨੇ ਮੇਰੇ ਇਸ ਫੈਸਲੇ ਵਿੱਚ ਪੂਰਾ ਸਾਥ ਦਿੱਤਾ। ਮੇਰੀ ਪਤਨੀ ਮੇਰੇ ਹਰ ਕਦਮ ’ਤੇ ਹੌਸਲਾ ਬਣੀ। ਅਸੀਂ ਇੱਥੇ ਦੀ ਜ਼ਿੰਦਗੀ ਨੂੰ ਪਿਆਰ ਕਰਦੇ ਹਾਂ ਲੋਕਾਂ ਦਾ ਖੇਡ ਪ੍ਰਤੀ ਸ਼ੌਂਕ ਅਤੇ ਸਭਿਆਚਾਰ ਬੇਹੱਦ ਖੂਬਸੂਰਤ ਹੈ। ਉਸਨੇ ਦੱਸਿਆ ਕਿ ਜਦੋਂ ਉਸਨੇ ਆਸਟ੍ਰੇਲੀਆਈ ਪਾਸਪੋਰਟ ਛੱਡਣ ਦਾ ਐਲਾਨ ਕੀਤਾ ਤਾਂ ਕਈ ਲੋਕ ਹੈਰਾਨ ਰਹਿ ਗਏ ਪਰ ਰਾਇਨ ਦਾ ਮੰਨਣਾ ਹੈ ਕਿਸੇ ਦੇਸ਼ ਲਈ ਖੇਡਣਾ ਸਿਰਫ਼ ਪੇਸ਼ੇਵਰ ਮੌਕਾ ਨਹੀਂ ਸਗੋਂ ਮਾਣ ਅਤੇ ਜ਼ਿੰਮੇਵਾਰੀ ਹੁੰਦੀ ਹੈ। ਮੈਂ ਭਾਰਤ ਦੀ ਜਰਸੀ ਪਹਿਨ ਕੇ ਆਪਣੇ ਨਾਨੇ ਦੀ ਯਾਦ ਨੂੰ ਸਲਾਮ ਕਰਾਂਗਾ।
ਰਾਇਨ ਆਸਟ੍ਰੇਲੀਆ ਲਈ ਖੇਡ ਚੁੱਕਾ ਹੈ ਅਤੇ ਹੁਣ ਛੇ ਸਾਲ ਬਾਅਦ ਦੁਬਾਰਾ ਅੰਤਰਰਾਸ਼ਟਰੀ ਪੱਧਰ ’ਤੇ ਵਾਪਸੀ ਕਰੇਗਾ ਪਰ ਇਸ ਵਾਰ ਭਾਰਤ ਦੀ ਨੁਮਾਇੰਦਗੀ ਕਰੇਗਾ। ਹਾਲਾਂਕਿ ਉਹ AFC ਏਸ਼ੀਆ ਕੱਪ 2025 ਲਈ ਸਮੇਂ ’ਤੇ ਨਾਮਜ਼ਦ ਨਹੀਂ ਹੋ ਸਕਿਆ ਪਰ ਉਹ ਟੀਮ ਨਾਲ ਜੁੜਿਆ ਰਹੇਗਾ ਅਤੇ ਮੈਦਾਨ ਤੋਂ ਬਾਹਰ ਵੀ ਆਪਣਾ ਯੋਗਦਾਨ ਪਾਏਗਾ। ਉਸਦੀ ਉਮੀਦ ਹੈ ਕਿ ਆਉਣ ਵਾਲੇ ਸਾਲਾਂ ਵਿੱਚ ਉਹ ਭਾਰਤ ਲਈ ਵਰਲਡ ਕੱਪ ਵਿੱਚ ਖੇਡੇ ਅਤੇ ਆਪਣੀ ਨਵੀਂ ਟੀਮ ਲਈ ਜਿੱਤਾਂ ਪ੍ਰਾਪਤ ਕਰੇ।
ਰਾਇਨ ਚਾਹੁੰਦਾ ਹੈ ਕਿ ਉਸਦਾ ਇਹ ਫੈਸਲਾ ਹੋਰ ਖਿਡਾਰੀਆਂ ਨੂੰ ਪ੍ਰੇਰਿਤ ਕਰੇ ਖ਼ਾਸਕਰ ਉਹਨਾਂ ਨੂੰ ਜਿਨ੍ਹਾਂ ਦੀਆਂ ਜੜ੍ਹਾਂ ਭਾਰਤ ਨਾਲ ਜੁੜੀਆਂ ਹਨ ਪਰ ਵਿਦੇਸ਼ੀ ਨਾਗਰਿਕਤਾ ਕਾਰਨ ਭਾਰਤ ਲਈ ਨਹੀਂ ਖੇਡ ਸਕਦੇ। ਜੇ ਹੋਰ ਖਿਡਾਰੀ ਵੀ ਆਪਣੀਆਂ ਜੜ੍ਹਾਂ ਨਾਲ ਜੁੜ ਕੇ ਭਾਰਤ ਲਈ ਖੇਡਣ ਦੀ ਹਿੰਮਤ ਕਰਨ ਤਾਂ ਇਹ ਭਾਰਤੀ ਫੁੱਟਬਾਲ ਲਈ ਇੱਕ ਨਵਾਂ ਦੌਰ ਹੋਵੇਗਾ। ਮੈਂ ਚਾਹੁੰਦਾ ਹਾਂ ਕਿ ਮੇਰਾ ਇਹ ਕਦਮ ਉਸ ਤਬਦੀਲੀ ਦੀ ਸ਼ੁਰੂਆਤ ਬਣੇ।
ਖੇਡ ਤੋਂ ਉਪਰ ਇੱਕ ਕਹਾਣੀ
ਰਾਇਨ ਵਿਲੀਅਮਜ਼ ਦਾ ਇਹ ਫੈਸਲਾ ਸਿਰਫ਼ ਉਸਦੇ ਨਾਨੇ ਦੀ ਯਾਦ ਨਹੀਂ ਸਗੋਂ ਭਾਰਤੀ ਫੁੱਟਬਾਲ ਦੇ ਇਤਿਹਾਸ ਵਿੱਚ ਇੱਕ ਨਵਾਂ ਮੋੜ ਹੈ। ਇਹ ਦਰਸਾਉਂਦਾ ਹੈ ਕਿ ਖੇਡਾਂ ਸਿਰਫ਼ ਮੈਦਾਨ ਤੱਕ ਸੀਮਤ ਨਹੀਂ ਰਹਿੰਦੀਆਂ ਇਹ ਪਰਿਵਾਰ ਅਤੇ ਮਨੁੱਖੀ ਜਜ਼ਬੇ ਦੀਆਂ ਕਹਾਣੀਆਂ ਵੀ ਹੁੰਦੀਆਂ ਹਨ।