ਆਸਟਰੇਲੀਆ ਦੇ ਸ਼ੈਪਰਟਨ 'ਚ ਪੂਲ 'ਚ ਡੁੱਬਣ ਨਾਲ ਅੱਠ ਸਾਲਾ ਬੱਚੇ ਦੀ ਮੌਤ
ਐਮਰਜੈਂਸੀ ਸੇਵਾਵਾਂ ਵਲੋਂ ਤੁਰੰਤ ਮੌਕੇ ਤੇ ਪਹੁੰਚ ਕੇ ਬੱਚੇ ਨੂੰ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਗਈ ਪਰ ਗੁਰਸ਼ਬਦ ਨੂੰ ਬਚਾਇਆ ਨਾ ਜਾ ਸਕਿਆ। ਇਸ ਦੁਖਦਾਈ ਹਾਦਸੇ ਨਾਲ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਗੁਰਸ਼ਬਦ ਵਿਸ਼ੇਸ਼ ਜ਼ਰੂਰਤਾਂ (Special Needs) ਵਾਲਾ ਬੱਚਾ ਸੀ ਅਤੇ ਆਉਂਦੇ ਦਿਨਾਂ ਵਿੱਚ ਆਪਣਾ ਨੌਵਾਂ ਜਨਮਦਿਨ ਮਨਾਉਣ ਦੀ ਤਿਆਰੀ ਕਰ ਰਿਹਾ ਸੀ।
Publish Date: Thu, 13 Nov 2025 01:00 PM (IST)
Updated Date: Thu, 13 Nov 2025 01:03 PM (IST)
ਖੁਸ਼ਪ੍ਰੀਤ ਸਿੰਘ ਸੁਨਾਮ,ਮੈਲਬੌਰਨ : ਆਸਟ੍ਰੇਲੀਆ ਦੇ ਵਿਕਟੋਰੀਆ ਸ਼ਹਿਰ ਸ਼ੈਪਰਟਨ ਦੇ ਇਲਾਕੇ ਕਿਆਲਾ ਵਿੱਚ ਬੀਤੇ ਦਿਨੀ ਵਾਪਰੇ ਇੱਕ ਦਰਦਨਾਕ ਹਾਦਸੇ ਵਿੱਚ ਅੱਠ ਸਾਲਾ ਬੱਚੇ ਗੁਰਸ਼ਬਦ ਸਿੰਘ ਦੀ ਪੂਲ ਵਿੱਚ ਡੁੱਬਣ ਕਾਰਨ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ ।
ਪ੍ਰਾਪਤ ਜਾਣਕਾਰੀ ਅਨੁਸਾਰ ਗੁਰਸ਼ਬਦ ਆਪਣੇ ਪਰਿਵਾਰ ਨਾਲ ਇੱਕ ਜਨਮ ਦਿਨ ਪਾਰਟੀ ਵਿੱਚ ਸ਼ਾਮਲ ਹੋਣ ਲਈ ਆਇਆ ਹੋਇਆ ਸੀ ਕੁਝ ਸਮੇਂ ਬਾਅਦ ਉਹ ਬਿਨਾਂ ਕਿਸੇ ਨੂੰ ਦੱਸੇ ਨਾਲ ਲੱਗਦੇ ਇੱਕ ਡਿਸਪਲੇ ਹੋਮ ਵਲ ਚਲਾ ਗਿਆ ਜੋ ਕਿ ਖਾਲੀ ਸੀ ਤੇ ਉੱਥੇ ਬਣੇ ਸਵੀਮਿੰਗ ਪੂਲ ਵੱਲ ਚਲਾ ਗਿਆ। ਜਦੋਂ ਮਾਪੇ ਉਸਦੀ ਤਲਾਸ਼ ਕਰਦੇ ਹੋਏ ਉੱਥੇ ਪਹੁੰਚੇ ਤਦ ਤੱਕ ਬੱਚਾ ਬੇਹੋਸ਼ ਅਵਸਥਾ ਵਿੱਚ ਪਾਇਆ ਗਿਆ।
ਐਮਰਜੈਂਸੀ ਸੇਵਾਵਾਂ ਵਲੋਂ ਤੁਰੰਤ ਮੌਕੇ ਤੇ ਪਹੁੰਚ ਕੇ ਬੱਚੇ ਨੂੰ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਗਈ ਪਰ ਗੁਰਸ਼ਬਦ ਨੂੰ ਬਚਾਇਆ ਨਾ ਜਾ ਸਕਿਆ। ਇਸ ਦੁਖਦਾਈ ਹਾਦਸੇ ਨਾਲ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਗੁਰਸ਼ਬਦ ਵਿਸ਼ੇਸ਼ ਜ਼ਰੂਰਤਾਂ (Special Needs) ਵਾਲਾ ਬੱਚਾ ਸੀ ਅਤੇ ਆਉਂਦੇ ਦਿਨਾਂ ਵਿੱਚ ਆਪਣਾ ਨੌਵਾਂ ਜਨਮਦਿਨ ਮਨਾਉਣ ਦੀ ਤਿਆਰੀ ਕਰ ਰਿਹਾ ਸੀ।
ਗੁਰਸ਼ਬਦ ਦੇ ਪਿਤਾ ਤਲਵਿੰਦਰ ਸਿੰਘ ਨੇ ਅਪੀਲ ਕੀਤੀ ਹੈ ਕਿ ਜੇਕਰ ਪੂਲ ਵਰਤੋਂ ਵਿੱਚ ਨਹੀਂ ਹੁੰਦੇ ਤਾਂ ਉਹਨਾਂ ਨੂੰ ਢੱਕ ਕੇ ਰੱਖਣਾ ਲਾਜ਼ਮੀ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਪਾਣੀ ਵੱਲ ਬੱਚੇ ਕੁਦਰਤੀ ਤੌਰ ਤੇ ਆਕਰਸ਼ਿਤ ਹੁੰਦੇ ਹਨ। ਦੂਜੇ ਪਾਸੇ ਡਿਸਪਲੇ ਹੋਮ ਦੀ ਕੰਪਨੀ ਵਲੋਂ ਕਿਹਾ ਗਿਆ ਹੈ ਕਿ ਪੂਲ ਦੀ ਸੁਰੱਖਿਆ ਲਈ ਸਾਰੇ ਮਾਪਦੰਡਾਂ ਦੀ ਪਾਲਣਾ ਕੀਤੀ ਗਈ ਸੀ। ਪੁਲਿਸ ਵਲੋਂ ਇਸ ਹਾਦਸੇ ਦੇ ਕਾਰਨਾਂ ਦੀ ਡੂੰਘਾਈ ਨਾਲ ਜਾਂਚ ਜਾਰੀ ਹੈ। ਗੁਰਸ਼ਬਦ ਸਿੰਘ ਦੀਆਂ ਅੰਤਿਮ ਰਸਮਾਂ ਸ਼ੁੱਕਰਵਾਰ ਨੂੰ ਮੈਲਬੌਰਨ ਵਿੱਚ ਹੋਣਗੀਆਂ।