ਬੈਲਰਟ ਵਿਖੇ ਦਲ ਬਾਬਾ ਬਿਧੀ ਚੰਦ ਜੀ ਖਾਲਸਾ ਦੀਵਾਨ ਦਾ ਹੋਇਆ ਉਦਘਾਟਨੀ ਸਮਾਰੋਹ! ਵੱਡੀ ਗਿਣਤੀ 'ਚ ਸਿੱਖ ਸੰਗਤਾਂ ਨੇ ਭਰੀ ਹਾਜ਼ਰੀ
ਸਮਾਗਮ ਦੌਰਾਨ ਸਥਾਨਕ ਸੰਗਤ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਅਸਥਾਈ ਰੂਪ ਵਿੱਚ ਸਥਾਪਿਤ ਗੁਰਦੁਆਰਾ ਸਾਹਿਬ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨਗਰ ਕੀਰਤਨ ਦੇ ਰੂਪ ਵਿੱਚ ਨਵੀ ਇਮਾਰਤ ਵਿੱਚ ਸਥਾਪਿਤ ਕੀਤੇ ਗਏ ਜਿਸ ਵਿੱਚ ਸਿੱਖ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ।
Publish Date: Wed, 01 Oct 2025 02:16 PM (IST)
Updated Date: Wed, 01 Oct 2025 02:18 PM (IST)
ਖੁਸ਼ਪ੍ਰੀਤ ਸਿੰਘ ਸੁਨਾਮ, ਮੈਲਬੌਰਨ : ਦਲ ਬਾਬਾ ਬਿਧੀ ਚੰਦ ਜੀ ਖਾਲਸਾ ਦੀਵਾਨ ਬੈਲਰਟ ਦਾ ਉਦਘਾਟਨੀ ਸਮਾਰੋਹ ਬੀਤੇ ਦਿਨ ਹੋਇਆ। ਇਸ ਮੌਕੇ ਸੰਪਰਦਾਇ ਦਲ ਬਾਬਾ ਬਿਧੀ ਚੰਦ ਜੀ ਦੇ 12ਵੇਂ ਜਾਨਸ਼ੀਨ ਜਥੇਦਾਰ ਸੰਤ ਬਾਬਾ ਅਵਤਾਰ ਸਿੰਘ ਜੀ ਸੁਰ ਸਿੰਘ ਵਾਲਿਆਂ ਦੇ ਛੋਟੇ ਸਪੁੱਤਰ ਸ੍ਰੀ ਮਾਨ ਸੰਤ ਬਾਬਾ ਚਰਨਜੀਤ ਸਿੰਘ ਜੀ ਇਸ ਉਦਘਾਟਨੀ ਸਮਾਗਮ ਵਿੱਚ ਪੰਜਾਬ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ।
ਸਮਾਗਮ ਦੌਰਾਨ ਸਥਾਨਕ ਸੰਗਤ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਅਸਥਾਈ ਰੂਪ ਵਿੱਚ ਸਥਾਪਿਤ ਗੁਰਦੁਆਰਾ ਸਾਹਿਬ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨਗਰ ਕੀਰਤਨ ਦੇ ਰੂਪ ਵਿੱਚ ਨਵੀ ਇਮਾਰਤ ਵਿੱਚ ਸਥਾਪਿਤ ਕੀਤੇ ਗਏ ਜਿਸ ਵਿੱਚ ਸਿੱਖ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ। ਇਸ ਮੌਕੇ ਸਹਿਜ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਆਰਤੀ ਆਰਤਾ ,ਸ਼ਬਦ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਤੇ ਦਲ ਬਾਬਾ ਬਿਧੀ ਚੰਦ ਜੀ ਗੁਰਮਤਿ ਸੰਗੀਤ ਵਿਦਿਆਲੇ ਦੇ ਵਿਦਿਆਰਥੀਆਂ ਨੇ ਵੀ ਕੀਰਤਨ ਦੁਆਰਾ ਹਾਜਰੀ ਲੁਆਈ ਗਈ ।।
ਇਸ ਉਦਘਾਟਨੀ ਸਮਾਰੋਹ ਵਿੱਚ ਫੈਡਰਲ ਮੈਂਬਰ ਪਾਰਲੀਮੈਂਟ ਕੈਥਰੀਨ ਕਿੰਗ ਅਤੇ ਸਟੇਟ ਮੈਂਬਰ ਪਾਰਲੀਮੈਂਟ ਜੁਲੀਆਨਾ ਐਡੀਸਨ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰੀ। ਦੋਵੇਂ ਮੈਂਬਰਾਂ ਨੇ ਆਪਣੇ ਸੰਬੋਧਨ ਦੌਰਾਨ ਸੰਗਤਾਂ ਨੂੰ ਸ਼ੁਭਕਾਮਨਾਵਾਂ ਭੇਂਟ ਕੀਤੀਆਂ ਤੇ ਬਾਬਾ ਚਰਨਜੀਤ ਸਿੰਘ ਜੀ ਵੱਲੋਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ।
ਸਮਾਗਮ ਵਿੱਚ ਮੈਲਬੌਰਨ ਅਤੇ ਬੈਲਰਟ ਹੀ ਨਹੀਂ, ਬਲਕਿ ਆਲੇ-ਦੁਆਲੇ ਦੇ ਖੇਤਰਾਂ ਤੋਂ ਵੀ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਨੇ ਹਾਜ਼ਰੀ ਭਰੀ। ਜਿਕਰਯੋਗ ਹੈ ਕਿ ਦਲ ਬਾਬਾ ਬਿਧੀ ਚੰਦ ਜੀ ਖਾਲਸਾ ਦੀਵਾਨ ਬੈਲਰਟ ਦੀ ਸਥਾਪਨਾ ਤਿੰਨ ਸਾਲ ਪਹਿਲਾਂ ਅਸਥਾਈ ਰੂਪ ਵਿੱਚ ਕੀਤੀ ਗਈ ਸੀ ਅਤੇ ਸੰਗਤ ਦੇ ਸਹਿਯੋਗ ਅਤੇ ਸੇਵਾ ਨਾਲ ਹੁਣ ਇਸ ਅਸਥਾਨ ਦੀ ਵਿਸ਼ਾਲਤਾ ਹੋਈ ਹੈ।