ਇਸ ਮੌਕੇ ਖ਼ਾਲਸਾ ਏਡ ਆਸਟ੍ਰੇਲੀਆ ਦੇ ਸੇਵਾਦਾਰ ਭਾਈ ਹਰਪ੍ਰੀਤ ਸਿੰਘ ਨੇ ਸੰਗਤਾਂ ਨੂੰ ਸੰਬੋਧਨ ਹੁੰਦੇ ਹੋਏ ਦੱਸਿਆ ਕਿ ਸੰਗਤ ਵੱਲੋਂ ਦਿੱਤੀ ਗਈ ਇਹ ਰਾਸ਼ੀ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਲੰਬੇ ਸਮੇਂ ਤੱਕ ਚੱਲਣ ਵਾਲੇ ਪੁਨਰਵਾਸ ਪ੍ਰੋਜੈਕਟਾਂ ਲਈ ਵਰਤੀ ਜਾਵੇਗੀ ਤੇ ਇੱਕ ਸਾਲ ਤੋਂ ਵੱਧ ਸਮੇਂ ਤੱਕ ਚੱਲਣ ਵਾਲੀਆਂ ਯੋਜਨਾਵਾਂ ਤਹਿਤ ਹੜ੍ਹ ਪ੍ਰਭਾਵਿਤ ਇਲਾਕਿਆਂ ਤੇ ਪਰਿਵਾਰਾਂ ਨੂੰ ਮੁੜ ਲੀਹ 'ਤੇ ਲੈ ਕੇ ਆਉਣ ਲਈ ਹਰ ਸੰਭਵ ਉਪਰਾਲੇ ਕੀਤੇ ਜਾਣਗੇ।

ਮੈਲਬੌਰਨ/ਸਿਡਨੀ – ਖੁਸ਼ਪ੍ਰੀਤ ਸਿੰਘ ਸੁਨਾਮ: ਪੰਜਾਬ ਵਿੱਚ ਹੜ੍ਹਾਂ ਨਾਲ ਪ੍ਰਭਾਵਿਤ ਖੇਤਰਾਂ ਦੀ ਲੰਬੇ ਸਮੇਂ ਲਈ ਮਦਦ ਅਤੇ ਪੁਨਰਵਾਸ ਨੂੰ ਯਕੀਨੀ ਬਣਾਉਂਦੇ ਹੋਏ ਸਿਡਨੀ ਦੀ ਸੰਗਤ ਅਤੇ ਗਲੇਨਵੁਡ ਗੁਰਦੁਆਰਾ ਸਾਹਿਬ ਸਿਡਨੀ ਦੀ ਪ੍ਰਬੰਧਕ ਕਮੇਟੀ ਵੱਲੋਂ ਖ਼ਾਲਸਾ ਏਡ ਆਸਟ੍ਰੇਲੀਆ ਨੂੰ $100,000 ਆਸਟ੍ਰੇਲੀਆਈ ਡਾਲਰ ਦੀ ਰਾਸ਼ੀ ਭੇਟ ਕੀਤੀ ਗਈ ਹੈ। ਅੰਤਰਰਾਸ਼ਟਰੀ ਸਹਾਇਤਾ ਸੰਸਥਾ ਖ਼ਾਲਸਾ ਏਡ ਆਸਟ੍ਰੇਲੀਆ ਵੱਲੋਂ ਪੰਜਾਬ ਵਿੱਚ ਹੜ੍ਹਾਂ ਨਾਲ ਪ੍ਰਭਾਵਿਤ ਪਰਿਵਾਰਾਂ ਦੀ ਸਹਾਇਤਾ ਲਈ ਲਗਾਤਾਰ ਯਤਨ ਜਾਰੀ ਹਨ।
ਇਸ ਮੌਕੇ ਖ਼ਾਲਸਾ ਏਡ ਆਸਟ੍ਰੇਲੀਆ ਦੇ ਸੇਵਾਦਾਰ ਭਾਈ ਹਰਪ੍ਰੀਤ ਸਿੰਘ ਨੇ ਸੰਗਤਾਂ ਨੂੰ ਸੰਬੋਧਨ ਹੁੰਦੇ ਹੋਏ ਦੱਸਿਆ ਕਿ ਸੰਗਤ ਵੱਲੋਂ ਦਿੱਤੀ ਗਈ ਇਹ ਰਾਸ਼ੀ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਲੰਬੇ ਸਮੇਂ ਤੱਕ ਚੱਲਣ ਵਾਲੇ ਪੁਨਰਵਾਸ ਪ੍ਰੋਜੈਕਟਾਂ ਲਈ ਵਰਤੀ ਜਾਵੇਗੀ ਤੇ ਇੱਕ ਸਾਲ ਤੋਂ ਵੱਧ ਸਮੇਂ ਤੱਕ ਚੱਲਣ ਵਾਲੀਆਂ ਯੋਜਨਾਵਾਂ ਤਹਿਤ ਹੜ੍ਹ ਪ੍ਰਭਾਵਿਤ ਇਲਾਕਿਆਂ ਤੇ ਪਰਿਵਾਰਾਂ ਨੂੰ ਮੁੜ ਲੀਹ 'ਤੇ ਲੈ ਕੇ ਆਉਣ ਲਈ ਹਰ ਸੰਭਵ ਉਪਰਾਲੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਯੋਜਨਾ ਦਾ ਮੁੱਖ ਉਦੇਸ਼ ਸਿਰਫ਼ ਤੁਰੰਤ ਰਾਹਤ ਪ੍ਰਦਾਨ ਕਰਨਾ ਨਹੀਂ ਸਗੋਂ ਪ੍ਰਭਾਵਿਤ ਪਰਿਵਾਰਾਂ ਨੂੰ ਲੰਬੇ ਸਮੇਂ ਲਈ ਆਤਮਨਿਰਭਰ ਬਣਾਉਣਾ ਹੈ।
ਉਨ੍ਹਾਂ ਦੱਸਿਆ ਕਿ ਇਸ ਰਾਹਤ ਅਤੇ ਪੁਨਰਵਾਸ ਯੋਜਨਾ ਤਹਿਤ ਹੜ੍ਹਾਂ ਨਾਲ ਨੁਕਸਾਨੇ ਘਰਾਂ ਦੀ ਮੁਰੰਮਤ ਅਤੇ ਮੁੜ ਨਿਰਮਾਣ, ਦਰਿਆਈ ਬੰਨਾਂ ਦੀ ਮਜ਼ਬੂਤੀ ਅਤੇ ਮੁੜ ਬਹਾਲੀ, ਖੇਤੀਬਾੜੀ ਵਾਲੀ ਜ਼ਮੀਨਾਂ ਵਿੱਚੋਂ ਰੇਤ ਅਤੇ ਮਲਬਾ ਹਟਾ ਕੇ ਉਨ੍ਹਾਂ ਨੂੰ ਮੁੜ ਖੇਤੀਯੋਗ ਬਣਾਉਣਾ, ਪ੍ਰਭਾਵਿਤ ਪਰਿਵਾਰਾਂ ਲਈ ਸਵੈ-ਰੋਜ਼ਗਾਰ ਦੇ ਮੌਕੇ ਤਿਆਰ ਕਰਨਾ, ਬਹੁਤ ਜ਼ਿਆਦਾ ਪ੍ਰਭਾਵਿਤ ਇਲਾਕੇ ਦੇ ਪਰਿਵਾਰਾਂ ਦੀਆਂ ਧੀਆਂ ਦੇ ਵਿਆਹਾਂ ਲਈ ਸਹਾਇਤਾ ਅਤੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਰਾਹਤ ਅਤੇ ਕਮਿਊਨਿਟੀ ਸਹਾਇਤਾ ਕੇਂਦਰਾਂ ਦੀ ਸਥਾਪਨਾ ਮੁੱਖ ਕਾਰਜਾਂ ਵਿੱਚ ਸ਼ਾਮਲ ਹਨ।
ਉਨ੍ਹਾਂ ਕਿਹਾ ਕਿ ਖ਼ਾਲਸਾ ਏਡ ਦੀ ਕਾਰਜ ਪ੍ਰਣਾਲੀ ਵਿਕਾਸ ਅਤੇ ਭਾਈਚਾਰਕ ਭਾਗੀਦਾਰੀ ‘ਤੇ ਆਧਾਰਿਤ ਹੈ ਤਾਂ ਜੋ ਪ੍ਰਭਾਵਿਤ ਪਰਿਵਾਰ ਆਪਣੇ ਪੈਰਾਂ ‘ਤੇ ਖੜ੍ਹੇ ਹੋ ਸਕਣ ਅਤੇ ਭਵਿੱਖ ਦੀਆਂ ਕਿਸੇ ਵੀ ਆਫ਼ਤਾਂ ਦਾ ਮਜ਼ਬੂਤੀ ਨਾਲ ਸਾਹਮਣਾ ਕਰਨ ਯੋਗ ਬਣ ਸਕਣ।
ਖ਼ਾਲਸਾ ਏਡ ਆਸਟ੍ਰੇਲੀਆ ਵੱਲੋਂ ਸਿਡਨੀ ਦੀ ਸੰਗਤ ਅਤੇ ਗਲੇਨਵੁਡ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦਿਆਂ ਕਿਹਾ ਗਿਆ ਕਿ ਇਹ ਸਹਿਯੋਗ “ਸਰਬੱਤ ਦਾ ਭਲਾ” ਦੀ ਸੋਚ ਨੂੰ ਪ੍ਰਗਟ ਕਰਦਾ ਹੈ ਜੋ ਕਿ ਪੰਜਾਬ ਦੇ ਹੜ੍ਹ ਪੀੜਤ ਪਰਿਵਾਰਾਂ ਲਈ ਮਦਦਗਾਰ ਸਾਬਿਤ ਹੋਵੇਗਾ ।