ਥਾਣਾ ਸਰਾਭਾ ਨਗਰ ਦੇ ਮੁਖੀ ਅਦਿੱਤਿਆ ਸ਼ਰਮਾ ਨੇ ਦੱਸਿਆ ਕਿ ਨਾਮਜ਼ਦ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਓਰੀਸਨ ਹਸਪਤਾਲ ਦੇ ਡਾਇਰੈਕਟਰ ਡਾ. ਨਿਰਮਲਜੀਤ ਸਿੰਘ ਮੱਲੀ, ਡਾ. ਸੁਨੀਲ ਮਿੱਤਲ, ਡਾ. ਰਾਜੀਵ ਗਰੋਵਰ ਅਤੇ ਡਾ. ਮਨੀਸ਼ਾ ਮਿੱਤਲ ਵਜੋਂ ਹੋਈ ਹੈ। ਥਾਣਾ ਮੁਖੀ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਅਗਲੇਰੀ ਪੜਤਾਲ ਜਾਰੀ ਹੈ।

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਮੋਗਾ ਗੁਰੂ ਰਾਮਦਾਸ ਨਗਰ ਦੀ ਰਹਿਣ ਵਾਲੀ ਬਿਰਧ ਔਰਤ ਦੀ ਲਾਸ਼ ਹਸਪਤਾਲ ਦੀ ਮੋਰਚਰੀ ਵਿੱਚੋਂ ਗਾਇਬ ਹੋਣ ਦੇ ਮਾਮਲੇ ਵਿਚ ਥਾਣਾ ਸਰਾਭਾ ਨਗਰ ਦੀ ਪੁਲਿਸ ਨੇ 22 ਦਸੰਬਰ ਨੂੰ ਐੱਫਆਈਆਰ ਦਰਜ ਕੀਤੀ ਗਈ ਸੀ, ਉਸ ਵਿਚ ਓਰੀਸਨ ਹਸਪਤਾਲ ਦੇ ਚਾਰ ਡਾਇਰੈਕਟਰਾਂ ਨੂੰ ਨਾਮਜ਼ਦ ਕਰ ਲਿਆ ਹੈ। ਥਾਣਾ ਸਰਾਭਾ ਨਗਰ ਦੇ ਮੁਖੀ ਅਦਿੱਤਿਆ ਸ਼ਰਮਾ ਨੇ ਦੱਸਿਆ ਕਿ ਨਾਮਜ਼ਦ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਓਰੀਸਨ ਹਸਪਤਾਲ ਦੇ ਡਾਇਰੈਕਟਰ ਡਾ. ਨਿਰਮਲਜੀਤ ਸਿੰਘ ਮੱਲੀ, ਡਾ. ਸੁਨੀਲ ਮਿੱਤਲ, ਡਾ. ਰਾਜੀਵ ਗਰੋਵਰ ਅਤੇ ਡਾ. ਮਨੀਸ਼ਾ ਮਿੱਤਲ ਵਜੋਂ ਹੋਈ ਹੈ। ਥਾਣਾ ਮੁਖੀ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਅਗਲੇਰੀ ਪੜਤਾਲ ਜਾਰੀ ਹੈ।
ਇੰਝ ਵਾਪਰੀ ਸੀ ਸਾਰੀ ਘਟਨਾ : ਕੁਝ ਹਫਤੇ ਪਹਿਲਾਂ ਮੋਗਾ ਦੇ ਰਹਿਣ ਵਾਲੇ ਜਸਵੰਤ ਸਿੰਘ ਸੰਧੂ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਜਸਬੀਰ ਕੌਰ ਕੁਝ ਸਮੇਂ ਤੋਂ ਜਿਗਰ ਦੀ ਬਿਮਾਰੀ ਤੋਂ ਪੀੜਤ ਸਨ। ਕੁਝ ਦਿਨ ਪਹਿਲਾਂ ਹਾਲਤ ਵਿਗੜਨ ਕਾਰਨ ਉਨ੍ਹਾਂ ਨੂੰ ਨੇੜਲੇ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੋਂ ਉਨ੍ਹਾਂ ਨੂੰ ਲੁਧਿਆਣਾ ਦੇ ਓਰੀਸਨ ਹਸਪਤਾਲ ਰੈਫਰ ਕਰ ਦਿੱਤਾ ਗਿਆ, 10 ਦਸੰਬਰ ਨੂੰ ਜਸਬੀਰ ਕੌਰ ਨੂੰ ਇਲਾਜ ਲਈ ਓਰੀਸਨ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ 9 ਦਿਨਾਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ। ਜਸਵੰਤ ਸਿੰਘ ਦੇ ਦੋਵਾਂ ਪੁੱਤਰਾਂ ਬਲਬੀਰ ਸਿੰਘ ਅਤੇ ਜਰਨੈਲ ਸਿੰਘ ਨੇ ਕੈਨੇਡਾ ਤੋਂ ਭਾਰਤ ਆਉਣਾ ਸੀ, ਇਸ ਲਈ ਜਸਵੰਤ ਸਿੰਘ ਨੇ ਆਪਣੀ ਪਤਨੀ ਦੀ ਮ੍ਰਿਤਕ ਦੇਹ ਓਰੀਸਨ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤੀ। ਉਨ੍ਹਾਂ ਹਸਪਤਾਲ ਦਾ ਪੂਰਾ ਬਿੱਲ ਦੇਣ ਤੋਂ ਬਾਅਦ ਮੋਰਚਰੀ ਦੇ ਪੈਸੇ ਵੀ ਜਮ੍ਹਾ ਕਰਵਾ ਦਿੱਤੇ ਸਨ। 22 ਦਸੰਬਰ ਨੂੰ ਜਿਵੇਂ ਹੀ ਜਸਵੰਤ ਸਿੰਘ ਅਤੇ ਉਨ੍ਹਾਂ ਦਾ ਪਰਿਵਾਰ ਮ੍ਰਿਤਕ ਦੇਹ ਲੈਣ ਲਈ ਹਸਪਤਾਲ ਪਹੁੰਚਿਆ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ। ਹਸਪਤਾਲ ਦੀ ਮੋਰਚਰੀ ਵਿੱਚੋਂ ਜਸਬੀਰ ਕੌਰ ਦੀ ਲਾਸ਼ ਗਾਇਬ ਸੀ ਅਤੇ ਉਸ ਦੀ ਜਗ੍ਹਾ ਤੇ 72 ਸਾਲਾ ਮੰਜੂ ਦੇਵੀ ਦੀ ਲਾਸ਼ ਪਈ ਹੋਈ ਸੀ। ਹਸਪਤਾਲ ਪ੍ਰਬੰਧਕਾਂ ਨੇ ਇਹ ਆਖਿਆ ਕਿ ਲਾਸ਼ ਗ਼ਲਤੀ ਨਾਲ ਕਿਸੇ ਹੋਰ ਨੂੰ ਚਲੀ ਗਈ ਹੋਵੇਗੀ। ਇਸੇ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਕਿ ਮੰਜੂ ਦੇਵੀ ਦੇ ਪਰਿਵਾਰਕ ਮੈਂਬਰ ਜਸਬੀਰ ਕੌਰ ਦੀ ਲਾਸ਼ ਲਿਜਾ ਚੁੱਕੇ ਹਨ ਤੇ ਉਨ੍ਹਾਂ ਨੇ ਜਸਬੀਰ ਕੌਰ ਦੀ ਲਾਸ਼ ਨੂੰ ਮੰਜੂ ਦੇਵੀ ਦੀ ਲਾਸ਼ ਸਮਝ ਕੇ ਉਸ ਦਾ ਸਸਕਾਰ ਵੀ ਕਰ ਦਿੱਤਾ ਹੈ। ਜਿਸ ਦੀ ਜਾਣਕਾਰੀ ਮਿਲਣ ਤੋਂ ਬਾਅਦ ਜਸਬੀਰ ਕੌਰ ਦੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਦੇ ਅੰਦਰ ਡਾਕਟਰਾਂ ਦੇ ਖਿਲਾਫ ਤਿੱਖਾ ਰੋਸ ਮੁਜ਼ਾਹਰਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਜਸਬੀਰ ਕੌਰ ਦੇ ਪਰਿਵਾਰਕ ਮੈਂਬਰਾਂ ਨੇ ਮ੍ਰਿਤਕ ਦੇਹ ਦੇ ਅੰਗ ਚੋਰੀ ਹੋਣ ਦਾ ਵੀ ਖਦਸ਼ਾ ਜਾਹਿਰ ਕੀਤਾ ਸੀ। ਮਾਮਲੇ ਦੀ ਜਾਣਕਾਰੀ ਮਿਲਦੇ ਹੀ ਥਾਣਾ ਸਰਾਭਾ ਨਗਰ ਦੀ ਪੁਲਿਸ ਮੌਕੇ ’ਤੇ ਪਹੁੰਚੀ ਤੇ ਹਸਪਤਾਲ ਦੇ ਖਿਲਾਫ ਮੁਕੱਦਮਾ ਦਰਜ ਕੀਤਾ। ਪਰਿਵਾਰਕ ਮੈਂਬਰਾਂ ਦਾ ਕਹਿਣਾ ਸੀ ਕਿ ਉਹ ਪੁਲਿਸ ਦੀ ਕਾਰਵਾਈ ਤੋਂ ਸੰਤੁਸ਼ਟ ਨਹੀਂ ਹਨ। ਉਨ੍ਹਾਂ ਆਖਿਆ ਸੀ ਕਿ ਉਹ ਡਾਕਟਰਾਂ ਦੇ ਖਿਲਾਫ ਬਾਏ ਨੇਮ ਮੁਕੱਦਮਾ ਦਰਜ ਕਰਵਾਉਣਾ ਚਾਹੁੰਦੇ ਹਨ, ਇਹ ਸਾਰਾ ਕੁਝ ਡਾਕਟਰ ਅਤੇ ਪੂਰੇ ਸਟਾਫ ਦੀ ਨਿਗਰਾਨੀ ਹੇਠ ਹੋਇਆ ਅਤੇ ਪੁਲਿਸ ਹਸਪਤਾਲ ਪ੍ਰਬੰਧਕਾਂ ਅਤੇ ਸਟਾਫ ਦੇ ਖਿਲਾਫ ਮੁਕੱਦਮਾ ਦਰਜ ਕਰ ਰਹੀ ਜਦਕਿ ਇਸ ਮਾਮਲੇ ਵਿਚ ਹਸਪਤਾਲ ਦੇ ਡਾਕਟਰਾਂ ਤੇ ਡਾਇਰੈਕਟਰਾਂ ਨੂੰ ਨਾਮਜ਼ਦ ਕਰਨਾ ਚਾਹੀਦਾ ਹੈ। ਇਸ ਮਾਮਲੇ ਵਿਚ ਸਿੱਖ ਵੈਲਫੇਅਰ ਕੌਂਸਲ ਵੀ ਅੱਗੇ ਆਈ। ਇਸੇ ਦੌਰਾਨ ਜਸਵੰਤ ਸਿੰਘ ਨੇ ਇਹ ਵੀ ਦੱਸਿਆ ਸੀ ਕਿ ਹਸਪਤਾਲ ਪ੍ਰਬੰਧਕ ਉਨ੍ਹਾਂ ਨੂੰ ਫੈਸਲਾ ਕਰਨ ਲਈ ਕਹਿ ਰਹੇ ਹਨ ਪਰ ਉਹ ਕਿਸੇ ਵੀ ਕੀਮਤ ’ਤੇ ਫੈਸਲਾ ਨਹੀਂ ਕਰਨਗੇ। ਇਸ ਘਟਨਾ ਤੋਂ ਦੋ ਹਫਤੇ ਬਾਅਦ ਲੁਧਿਆਣਾ ਦੇ ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਪੜਤਾਲ ਤੋਂ ਬਾਅਦ ਹਸਪਤਾਲ ਦੇ ਚਾਰ ਡਾਇਰੈਕਟਰਾਂ ਨੂੰ ਮਾਮਲੇ ਵਿਚ ਨਾਮਜ਼ਦ ਕਰ ਲਿਆ ਹੈ। ਇਸ ਮੌਕੇ ਜਸਵੰਤ ਸਿੰਘ ਨੇ ਆਖਿਆ ਕਿ ਇਹ ਗੰਭੀਰ ਅਤੇ ਜਨਹਿੱਤ ਨਾਲ ਜੁੜਿਆ ਮਾਮਲਾ ਹੈ। ਉਨ੍ਹਾਂ ਆਖਿਆ ਕਿ ਮੁਲਜ਼ਮਾਂ ਨੂੰ ਕਾਨੂੰਨ ਤਹਿਤ ਸਖਤ ਸਜ਼ਾ ਮਿਲਣੀ ਚਾਹੀਦੀ ਹੈ।