ਇਸੇ ਰੋਸ ਕਾਰਨ ਪਿੰਡ ਸੁਧਾਰ ਵਿਚ ਪਤੰਗਬਾਜ਼ੀ ’ਤੇ ਹੀ ਪਾਬੰਦੀ ਲਗਾ ਦਿੱਤੀ ਜਿਸ ਦਾ ਮੁੱਖ ਕਾਰਨ ਚਾਈਨਾ ਡੋਰ ਦੇ ਇਸਤੇਮਾਲ ’ਤੇ ਪੂਰਨ ਪਾਬੰਦੀ ਦੇ ਬਾਵਜੂਦ ਇਸ ਦੀ ਧੜੱਲੇ ਨਾਲ ਹੋ ਰਹੀ ਵਰਤੋਂ ਅਤੇ ਅੰਨ੍ਹੇਵਾਹ ਚਾਈਨਾ ਡੋਰ ਦੇ ਇਸਤੇਮਾਲ ਕਾਰਨ ਮਨੁੱਖੀ ਅਤੇ ਜੀਵ-ਜੰਤੂਆਂ ਦੀ ਹੋ ਰਹੀ ਦਰਦਨਾਕ ਮੌਤ ਦੱਸਿਆ ਗਿਆ ਹੈ।

ਸੰਜੀਵ ਗੁਪਤਾ, ਪੰਜਾਬੀ ਜਾਗਰਣ ਜਗਰਾਓਂ : ਚਾਈਨਾ ਡੋਰ ਦੀ ਧੜੱਲੇ ਨਾਲ ਹੋ ਰਹੀ ਵਰਤੋਂ ਕਾਰਨ ਵਾਪਰ ਰਹੇ ਦਰਦਨਾਕ ਹਾਦਸਿਆਂ ’ਤੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸੁਧਾਰ ਵਿਚ ਪਤੰਗਬਾਜ਼ੀ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਸ਼ਾਇਦ ਪਿੰਡ ਸੁਧਾਰ ਦੇਸ਼ ਦਾ ਪਹਿਲਾ ਅਜਿਹਾ ਪਿੰਡ ਹੋਵੇਗਾ ਜਿੱਥੇ ਪਤੰਗਬਾਜ਼ੀ ਉਡਾਉਣ ’ਤੇ ਪਾਬੰਦੀ ਲੱਗੀ ਹੋਵੇ। ਪਿੰਡ ਸੁਧਾਰ ਦੇ ਇਸ ਸਖ਼ਤ ਫ਼ੈਸਲੇ ਦੇ ਨਾਲ ਹੀ ਪਿੰਡ ਅਕਾਲਗੜ੍ਹ ਦੀ ਪੰਚਾਇਤ ਨੇ ਚਾਈਨਾ ਡੋਰ ਵੇਚਣ ਵਾਲਿਆਂ ਅਤੇ ਚਾਈਨਾ ਡੋਰ ਨਾਲ ਪਤੰਗ ਉਡਾਉਣ ਵਾਲਿਆਂ ਦੋਵਾਂ ਨੂੰ ਹੀ ਪੁਲਿਸ ਹਵਾਲੇ ਕਰਨ ਅਤੇ ਬਾਈਕਾਟ ਕਰਨ ਦਾ ਫੈਸਲਾ ਕਰ ਲਿਆ ਹੈ।
ਵਰਣਨਯੋਗ ਹੈ ਕਿ 25 ਜਨਵਰੀ ਨੂੰ ਮੁੱਲਾਂਪੁਰ ਦੇ ਰਾਏਕੋਟ ਰੋਡ ’ਤੇ ਚਾਈਨਾ ਡੋਰ ਦੀ ਲਪੇਟ ਵਿਚ ਆਉਣ ਕਾਰਨ ਪਿੰਡ ਅਕਾਲਗੜ੍ਹ ਦੀ ਸਰਬਜੀਤ ਕੌਰ ਉਰਫ ਜਸਲੀਨ ਕੌਰ ਦੀ ਮੌਤ ਹੋ ਗਈ ਸੀ। ਇਸ ਦਰਦਨਾਕ ਹਾਦਸੇ ਨੂੰ ਲੈ ਕੇ ਪੂਰੇ ਇਲਾਕੇ ਵਿਚ ਚਾਈਨਾ ਡੋਰ ਵੇਚਣ ਅਤੇ ਇਸਤੇਮਾਲ ਕਰਨ ਵਾਲਿਆਂ ਖ਼ਿਲਾਫ਼ ਭਾਰੀ ਰੋਸ ਸੀ। ਇਸੇ ਰੋਸ ਕਾਰਨ ਪਿੰਡ ਸੁਧਾਰ ਵਿਚ ਪਤੰਗਬਾਜ਼ੀ ’ਤੇ ਹੀ ਪਾਬੰਦੀ ਲਗਾ ਦਿੱਤੀ ਜਿਸ ਦਾ ਮੁੱਖ ਕਾਰਨ ਚਾਈਨਾ ਡੋਰ ਦੇ ਇਸਤੇਮਾਲ ’ਤੇ ਪੂਰਨ ਪਾਬੰਦੀ ਦੇ ਬਾਵਜੂਦ ਇਸ ਦੀ ਧੜੱਲੇ ਨਾਲ ਹੋ ਰਹੀ ਵਰਤੋਂ ਅਤੇ ਅੰਨ੍ਹੇਵਾਹ ਚਾਈਨਾ ਡੋਰ ਦੇ ਇਸਤੇਮਾਲ ਕਾਰਨ ਮਨੁੱਖੀ ਅਤੇ ਜੀਵ-ਜੰਤੂਆਂ ਦੀ ਹੋ ਰਹੀ ਦਰਦਨਾਕ ਮੌਤ ਦੱਸਿਆ ਗਿਆ ਹੈ।
ਸੁਧਾਰ ਦੀਆਂ ਦੋਵਾਂ ਪੱਤੀਆਂ ਦੇ ਸਰਪੰਚ ਇੰਦਰਜੀਤ ਸਿੰਘ ਅਤੇ ਸਰਪੰਚ ਹਰਮੇਲ ਸਿੰਘ ਨੇ ਕਿਹਾ ਕਿ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਬਕਾਇਦਾ ਪਤੰਗਬਾਜ਼ੀ ’ਤੇ ਪਾਬੰਦੀ ਦੀ ਅਨਾਊਸਮੈਂਟ ਕਰ ਦਿੱਤੀ ਗਈ ਹੈ। ਬੁੱਧਵਾਰ ਨੂੰ ਪੰਚਾਇਤ ਦੀਆਂ ਮੀਟਿੰਗਾਂ ਵਿਚ ਬਕਾਇਦਾ ਮਤੇ ਵੀ ਪਾਸ ਕੀਤੇ ਜਾਣਗੇ। ਇਸੇ ਤਰ੍ਹਾਂ ਪਿੰਡ ਅਕਾਲਗੜ੍ਹ ’ਚ ਚਾਈਨਾ ਡੋਰ ਵੇਚਣ ਵਾਲਿਆਂ ਨੂੰ ਪੁਲਿਸ ਹਵਾਲੇ ਕਰਨ ਅਤੇ ਇਸ ਦਾ ਇਸਤੇਮਾਲ ਕਰਨ ਵਾਲਿਆਂ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਗਿਆ ਹੈ। ਪਿੰਡ ਨਵੀਂ ਆਬਾਦੀ ਅਕਾਲਗੜ੍ਹ ਦੀ ਪੰਚਾਇਤ ਵੀ ਚਾਈਨਾ ਡੋਰ ਖ਼ਿਲਾਫ਼ ਸਖਤ ਫੈਸਲਾ ਲੈਣ ਜਾ ਰਹੀ ਹੈ ਜਿਸ ਦੇ ਲਈ ਪੰਚਾਇਤ ਵੱਲੋਂ ਮੀਟਿੰਗ ਸੱਦ ਲਈ ਗਈ ਹੈ।
ਚਾਈਨਾ ਡੋਰ ਨਾਲ ਔਰਤ ਦੀ ਮੌਤ ਮਾਮਲੇ ’ਚ ਪਰਚਾ ਦਰਜ
ਮੁੱਲਾਂਪੁਰ ਸਬ-ਡਵੀਜ਼ਨ ਦੇ ਡੀਐੱਸਪੀ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਐਤਵਾਰ ਨੂੰ ਮੁੱਲਾਂਪੁਰ ਦੇ ਰਾਏਕੋਟ ਰੋਡ ’ਤੇ ਚਾਈਨਾ ਡੋਰ ਦੀ ਲਪੇਟ ਵਿਚ ਆਉਣ ਕਾਰਨ ਸਰਬਜੀਤ ਕੌਰ ਦੀ ਹੋਈ ਦਰਦਨਾਕ ਮੌਤ ਮਾਮਲੇ ’ਚ ਪੁਲਿਸ ਨੇ ਮੁਕੱਦਮਾ ਦਰਜ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਚਾਹੇ ਪੀੜਤ ਪਰਿਵਾਰ ਨੇ ਇਸ ਮਾਮਲੇ ’ਚ ਕੋਈ ਕਾਰਵਾਈ ਨਹੀਂ ਕਰਵਾਈ ਪਰ ਮੁੱਲਾਂਪੁਰ ਦਾਖਾ ਥਾਣੇ ਦੀ ਪੁਲਿਸ ਵੱਲੋਂ ਇਸ ਮਾਮਲੇ ’ਚ ਅਣਪਛਾਤੇ ਵਿਅਕਤੀ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
ਚਾਈਨ ਡੋਰ ਦੇ ਜ਼ਖ਼ੀਰੇ ਸਣੇ ਦੁਕਾਨਦਾਰ ਕਾਬੂ
ਮੁੱਲਾਂਪੁਰ ’ਚ ਬੀਤੇ ਐਤਵਾਰ ਚਾਈਨਾ ਡੋਰ ਦੀ ਲਪੇਟ ਵਿਚ ਆਉਣ ਕਾਰਨ ਪਿੰਡ ਅਕਾਲਗੜ੍ਹ ਦੀ ਮਹਿਲਾ ਸਰਬਜੀਤ ਕੌਰ ਦੀ ਮੌਤ ਹੋ ਜਾਣ ਤੋਂ ਬਾਅਦ ਪੁਲਿਸ ਵੀ ਹਰਕਤ ਵਿਚ ਆਈ। ਥਾਣਾ ਸੁਧਾਰ ਦੀ ਪੁਲਿਸ ਨੇ ਚਾਈਨਾ ਡੋਰ ਵੇਚਣ ਵਾਲੇ ਦੁਕਾਨਦਾਰ ਨੂੰ ਚਾਈਨਾ ਡੋਰ ਦੇ ਜ਼ਖ਼ੀਰੇ ਨਾਲ ਜਾ ਫੜ੍ਹਿਆ। ਥਾਣਾ ਮੁਖੀ ਗੁਰਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਛਾਪਾਮਾਰੀ ਕਰਦਿਆਂ ਦੁਕਾਨਦਾਰ ਸੁਰਿੰਦਰ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਕੋਲੋਂ ਪੁਲਿਸ ਨੂੰ 60 ਗੱਟੂ ਚਾਈਨਾ ਡੋਰ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਸੁਰਿੰਦਰ ਕੁਮਾਰ ਸੁਧਾਰ ਨਹਿਰ ਦੇ ਪੁਲ ਕੰਢੇ ‘ਸੁੰਦਰ ਪਤੰਗ ਐਂਡ ਡੋਰ ਹਾਊਸ’ ਨਾਂ ਦੀ ਦੁਕਾਨ ਚਲਾਉਂਦਾ ਹੈ।