ਲਾਸ਼ ਬਰਾਮਦ ਹੋਣ ਵਾਲੀ ਜਗ੍ਹਾ ਦੇ ਨਜ਼ਦੀਕ ਹੀ ਢਾਬਾ ਚਲਾਉਣ ਵਾਲੇ ਸੁਖਦੇਵ ਸਿੰਘ ਮੁਤਾਬਕ ਕਰੀਬ 25 ਤੋਂ 28 ਸਾਲ ਦਾ ਉਕਤ ਨੌਜਵਾਨ ਕਰੀਬ ਦੋ ਹਫਤੇ ਪਹਿਲਾਂ ਉਸ ਦੇ ਢਾਬੇ ਤੇ ਆਇਆ ਸੀ। ਉਸ ਵੇਲੇ ਨੌਜਵਾਨ ਨੇ ਆਪਣਾ ਨਾਮ ਕਰਨ ਕੁਮਾਰ ਦੱਸਿਆ ਅਤੇ ਖੁਦ ਨੂੰ ਮੂਲ ਰੂਪ ਵਿੱਚ ਰੋਪੜ ਦਾ ਵਸਨੀਕ ਦੱਸਦੇ ਹੋਏ ਕੰਮ ਦੀ ਮੰਗ ਕੀਤੀ ਤਾਂ ਢਾਬਾ ਮਾਲਕ ਨੇ ਉਸ ਨੂੰ ਕੰਮ 'ਤੇ ਰੱਖ ਲਿਆ।

ਐਸਪੀ ਜੋਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਸਥਾਨਕ ਸਮਰਾਲਾ ਚੌਂਕ ਨਜ਼ਦੀਕ ਗੁਰੂ ਅਰਜਨ ਦੇਵ ਨਗਰ ਇਲਾਕੇ ਵਿੱਚੋਂ ਨੌਜਵਾਨ ਦੀ ਗਲੀ ਵਿੱਚੋਂ ਲਾਵਾਰਿਸ ਹਾਲ ਪਈ ਲਾਸ਼ ਬਰਾਮਦ ਹੋਈ। ਖੌਫ਼ਜ਼ਦਾ ਹੋਏ ਰਾਹਗੀਰਾਂ ਨੇ ਇਹ ਮਾਮਲਾ ਪੁਲਿਸ ਦੇ ਧਿਆਨ ਵਿੱਚ ਲਿਆਂਦਾ ਤਾਂ ਮੌਕੇ ਤੇ ਪੁੱਜੀ ਪੁਲਿਸ ਪਾਰਟੀ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭਿਜਵਾ ਦਿੱਤਾ ਹੈ, ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਨੌਜਵਾਨ ਦੀ ਮੌਤ ਮਗਰਲੇ ਸਟੀਕ ਕਾਰਨਾਂ ਦੀ ਜਾਣਕਾਰੀ ਮਿਲ ਸਕੇਗੀ।
ਲਾਸ਼ ਬਰਾਮਦ ਹੋਣ ਵਾਲੀ ਜਗ੍ਹਾ ਦੇ ਨਜ਼ਦੀਕ ਹੀ ਢਾਬਾ ਚਲਾਉਣ ਵਾਲੇ ਸੁਖਦੇਵ ਸਿੰਘ ਮੁਤਾਬਕ ਕਰੀਬ 25 ਤੋਂ 28 ਸਾਲ ਦਾ ਉਕਤ ਨੌਜਵਾਨ ਕਰੀਬ ਦੋ ਹਫਤੇ ਪਹਿਲਾਂ ਉਸ ਦੇ ਢਾਬੇ ਤੇ ਆਇਆ ਸੀ। ਉਸ ਵੇਲੇ ਨੌਜਵਾਨ ਨੇ ਆਪਣਾ ਨਾਮ ਕਰਨ ਕੁਮਾਰ ਦੱਸਿਆ ਅਤੇ ਖੁਦ ਨੂੰ ਮੂਲ ਰੂਪ ਵਿੱਚ ਰੋਪੜ ਦਾ ਵਸਨੀਕ ਦੱਸਦੇ ਹੋਏ ਕੰਮ ਦੀ ਮੰਗ ਕੀਤੀ ਤਾਂ ਢਾਬਾ ਮਾਲਕ ਨੇ ਉਸ ਨੂੰ ਕੰਮ 'ਤੇ ਰੱਖ ਲਿਆ। ਵੀਰਵਾਰ ਸਵੇਰੇ ਉਸ ਨੇ ਆਪਣੇ ਕਿਸੇ ਸਾਥੀ ਕੋਲੋਂ ਕੋਲਡ ਡਰਿੰਕ ਮੰਗਵਾਈ ਅਤੇ ਕੋਲਡ ਡਰਿੰਕ ਪੀ ਕੇ ਗਲੀ ਵਿੱਚ ਹੀ ਲੰਮਾ ਪੈ ਗਿਆ। ਕਾਫੀ ਸਮਾਂ ਬੀਤਣ ਦੇ ਬਾਵਜੂਦ ਕਰਨ ਦੇ ਸਰੀਰ ਨੇ ਕੋਈ ਹਰਕਤ ਨਾ ਕੀਤੀ ਤਾਂ ਆਲੇ ਦੁਆਲੇ ਦੇ ਦੁਕਾਨਦਾਰਾਂ ਅਤੇ ਸੜਕ ਤੋਂ ਲੰਘਣ ਵਾਲੇ ਰਾਹਗੀਰਾਂ ਨੇ ਉਸ ਨੂੰ ਹਿਲਾ ਜੁਲਾ ਕੇ ਦੇਖਿਆ, ਪਰ ਕਰਨ ਦੇ ਸਰੀਰ ਵਿੱਚ ਕੋਈ ਹਰਕਤ ਨਹੀਂ ਸੀ। ਮਾਰਕੀਟ ਵਾਲਿਆਂ ਨੇ ਤੁਰੰਤ ਇਸ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਤਾਂ ਪੁਲਿਸ ਨੇ ਮੌਕੇ ਤੇ ਪੁੱਜ ਕੇ ਲਾਸ਼ ਨੂੰ ਕਬਜ਼ੇ ਵਿੱਚ ਲਿਆ ਅਤੇ ਲਾਸ਼ ਪੋਸਟਮਾਰਟਮ ਲਈ ਸਿਵਿਲ ਹਸਪਤਾਲ ਭੇਜ ਦਿੱਤੀ। ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਸ਼ਨਾਖਤ ਲਈ ਤਿੰਨ ਦਿਨਾ ਤੱਕ ਮਾਰਚਰੀ ’ਚ ਰੱਖੀ ਜਾਵੇਗੀ ਲਾਸ਼
ਜਾਣਕਾਰੀ ਮੁਤਾਬਕ ਕੰਮ ਤੇ ਲੱਗਣ ਤੋਂ ਪਹਿਲਾਂ ਨੌਜਵਾਨ ਨੇ ਆਪਣੇ ਬਾਰੇ ਕਿਸੇ ਨੂੰ ਕੋਈ ਬਹੁਤੀ ਜਾਣਕਾਰੀ ਵੀ ਨਹੀਂ ਦਿੱਤੀ ਸੀ। ਬਸ ਆਲੇ ਦੁਆਲੇ ਦੇ ਲੋਕ ਸਿਰਫ ਇਨਾਂ ਜਾਣਦੇ ਸਨ ਕਿ ਉਸ ਦਾ ਨਾਮ ਕਰਨ ਕਮਾਰ ਹੈ ਅਤੇ ਉਹ ਮੂਲ ਰੂਪ ਵਿੱਚ ਰੋਪੜ ਦਾ ਰਹਿਣ ਵਾਲਾ ਸੀ। ਪੁਲਿਸ ਵਲੋ ਮ੍ਰਿਤਕ ਦੀ ਸ਼ਨਾਖਤ ਲਈ ਅਗਲੇ 72 ਘੰਟੇ ਤੱਕ ਲਾਸ਼ ਨੂੰ ਮੋਰਚਰੀ ਦੇ ਵਿੱਚ ਰਖਵਾ ਦਿੱਤਾ ਗਿਆ ਹੈ। ਸੋਸ਼ਲ ਮੀਡੀਆ ਪਲੇਟਫਾਰਮ ਸਣੇ ਰੋਪੜ ਪੁਲਿਸ ਨਾਲ ਸੰਪਰਕ ਕਰਕੇ ਮ੍ਰਿਤਕ ਦੇ ਪਰਿਵਾਰ ਵਾਲਿਆਂ ਦੀ ਭਾਲ ਵਿੱਚ ਪੁਲਿਸ ਵੱਲੋਂ ਉਦਮ ਸ਼ੁਰੂ ਕਰ ਦਿੱਤੇ ਗਏ ਹਨ। ਪੁਲਿਸ ਅਧਿਕਾਰੀਆਂ ਮੁਤਾਬਕ ਸ਼ੁਰੂਆਤੀ ਪੜਤਾਲ ਵਿੱਚ ਨੌਜਵਾਨ ਦੀ ਮੌਤ ਬਿਮਾਰ ਹੋਣ ਨਾਲ ਹੋਈ ਜਪਦੀ ਹੈ ਮੌਤ ਮਗਰਲੇ ਸਟੀਕ ਤੱਥਾਂ ਦੀ ਜਾਣਕਾਰੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਪੁਖਤਾ ਹੋ ਸਕੇਗੀ।