ਥਾਣਾ ਮੁਖੀ ਪਵਿੱਤਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਜੀਤ ਸਿੰਘ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਕਿ ਉਹ ਆਪਣੇ ਮਾਮੇ ਦੇ ਲੜਕੇ ਬਲਵੀਰ ਸਿੰਘ ਦੇ ਵਿਆਹ ਵਿਚ ਸ਼ਾਮਲ ਹੋਣ ਲਈ ਪੈਲੇਸ ਵਿਚ ਆਇਆ ਸੀ। ਵਿਆਹ ਵਿਚ ਅਸੀਂ ਸਾਰੇ ਭੰਗੜਾ ਪਾ ਰਹੇ ਸੀ ਤਾਂ ਸਟੇਜ ਉੱਪਰ ਸਾਡੇ ਹੀ ਰਿਸ਼ਤੇਦਾਰ ਮਨਿੰਦਰ ਸਿੰਘ, ਜਗਜੀਤ ਸਿੰਘ, ਮਲਕੀਤ ਸਿੰਘ, ਦੀਦਾਰ ਸਿੰਘ ਅਤੇ ਅਜਮੇਰ ਸਿੰਘ ਨੇ ਮੇਰੇ ਦੋਸਤ ਦਲਜੀਤ ਸਿੰਘ ਦੇ ਸਿਰ ’ਤੇ ਆ ਕੇ ਸ਼ਰਾਬ ਦੀ ਕੱਚ ਵਾਲੀ ਬੋਤਲ ਮਾਰੀ ਤੇ ਇਨ੍ਹਾਂ ਨੇ ਮੇਰੇ ’ਤੇ ਆ ਕੇ ਵੀ ਹਮਲਾ ਕਰ ਸੱਟਾਂ ਮਾਰੀਆਂ।

ਕਰਮਜੀਤ ਸਿੰਘ ਆਜ਼ਾਦ, ਪੰਜਾਬੀ ਜਾਗਰਣ, ਸ੍ਰੀ ਮਾਛੀਵਾੜਾ ਸਾਹਿਬ : ਮਾਛੀਵਾੜਾ-ਸਮਰਾਲਾ ਰੋਡ ’ਤੇ ਸਥਿਤ ਮੈਰਿਜ ਪੈਲੇਸ ਵਿਚ ਵਿਆਹ ਵਿਚ ਬਰਾਤੀ ਜੋ ਆਪਸ ਵਿਚ ਰਿਸ਼ਤੇਦਾਰ ਹਨ, ਦੀ ਖੂਨੀ ਝੜਪ ਹੋ ਗਈ, ਜਿਸ ਵਿਚ 2 ਵਿਅਕਤੀ ਜਖ਼ਮੀ ਹੋ ਗਏ। ਥਾਣਾ ਮੁਖੀ ਪਵਿੱਤਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਜੀਤ ਸਿੰਘ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਕਿ ਉਹ ਆਪਣੇ ਮਾਮੇ ਦੇ ਲੜਕੇ ਬਲਵੀਰ ਸਿੰਘ ਦੇ ਵਿਆਹ ਵਿਚ ਸ਼ਾਮਲ ਹੋਣ ਲਈ ਪੈਲੇਸ ਵਿਚ ਆਇਆ ਸੀ। ਵਿਆਹ ਵਿਚ ਅਸੀਂ ਸਾਰੇ ਭੰਗੜਾ ਪਾ ਰਹੇ ਸੀ ਤਾਂ ਸਟੇਜ ਉੱਪਰ ਸਾਡੇ ਹੀ ਰਿਸ਼ਤੇਦਾਰ ਮਨਿੰਦਰ ਸਿੰਘ, ਜਗਜੀਤ ਸਿੰਘ, ਮਲਕੀਤ ਸਿੰਘ, ਦੀਦਾਰ ਸਿੰਘ ਅਤੇ ਅਜਮੇਰ ਸਿੰਘ ਨੇ ਮੇਰੇ ਦੋਸਤ ਦਲਜੀਤ ਸਿੰਘ ਦੇ ਸਿਰ ’ਤੇ ਆ ਕੇ ਸ਼ਰਾਬ ਦੀ ਕੱਚ ਵਾਲੀ ਬੋਤਲ ਮਾਰੀ ਤੇ ਇਨ੍ਹਾਂ ਨੇ ਮੇਰੇ ’ਤੇ ਆ ਕੇ ਵੀ ਹਮਲਾ ਕਰ ਸੱਟਾਂ ਮਾਰੀਆਂ।
ਬਿਆਨਕਰਤਾ ਅਨੁਸਾਰ ਜਦੋਂ ਮੇਰੀ ਭੈਣ ਤੇ ਮਾਂ ਬਚਾਉਣ ਆਏ ਤਾਂ ਉਨ੍ਹਾਂ ਨਾਲ ਵੀ ਕੁੱਟਮਾਰ ਕੀਤੀ ਅਤੇ ਮੇਰੇ ਗਲ ਵਿਚ ਪਾਈ ਸੋਨੇ ਦੀ ਚੇਨ ਵੀ ਖੋਹ ਕੇ ਲੈ ਗਏ। ਬਿਆਨਕਰਤਾ ਅਨੁਸਾਰ ਇਹ ਝਗੜਾ ਪੁਰਾਣੀ ਰੰਜਿਸ਼ ਕਾਰਨ ਹੋਇਆ ਕਿਉਂਕਿ ਇਨ੍ਹਾਂ ’ਚੋਂ ਮਨਿੰਦਰ ਸਿੰਘ ਜੋ ਕਿ ਮੇਰੀ ਭੂਆ ਦਾ ਲੜਕਾ ਲੱਗਦਾ ਹੈ, ਉਹ ਮੇਰੇ ਤੋਂ ਖਾਰ ਖਾਂਦਾ ਸੀ। ਮਾਛੀਵਾੜਾ ਪੁਲਿਸ ਵਲੋਂ ਇਸ ਸਬੰਧੀ ਅਣਪਛਾਤਿਆਂ ਸਮੇਤ ਕੁੱਲ 9 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਦੂਜੀ ਧਿਰ ਦੇ ਅਜਮੇਰ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਕਿ ਉਹ ਆਪਣੇ ਭਤੀਜੇ ਦੇ ਵਿਆਹ ਵਿਚ ਸ਼ਾਮਲ ਹੋਣ ਲਈ ਆਏ ਸਨ ਅਤੇ ਕੁਝ ਅਣਪਛਾਤੇ ਵਿਅਕਤੀ ਜਿਨ੍ਹਾਂ ਨੂੰ ਅਸੀਂ ਵਿਆਹ ਵਿਚ ਬੁਲਾਇਆ ਵੀ ਨਹੀਂ, ਉਹ ਸਾਡੀ ਵਿਰੋਧੀ ਧਿਰ ਦੇ ਇੱਕ ਰਿਸ਼ਤੇਦਾਰ ਨਾਲ ਆਏ ਸਨ।
ਇਹ ਵਿਅਕਤੀ ਜਾਣਬੁੱਝ ਕੇ ਭੜਕਾਊ ਗੀਤ ਲਗਾ ਰਹੇ ਸਨ ਤੇ ਇਸ ਦੌਰਾਨ ਉਨ੍ਹਾਂ ਦਾ ਆਪਸ ਵਿਚ ਝਗੜਾ ਹੋ ਗਿਆ, ਜਿਨ੍ਹਾਂ ’ਚੋਂ ਗੁਰਜੀਤ ਸਿੰਘ ਨੇ ਸਾਡੇ ’ਤੇ ਹਮਲਾ ਕਰ ਦਿੱਤਾ। ਦੇਰ ਸ਼ਾਮ ਜਦੋਂ ਉਹ ਸਮਰਾਲਾ ਹਸਪਤਾਲ ਤੋਂ ਵਾਪਸ ਆ ਰਹੇ ਸਨ ਤਾਂ ਦੂਜੀ ਧਿਰ ਨੇ ਉਨ੍ਹਾਂ ਨੂੰ ਰਸਤੇ ਵਿਚ ਘੇਰ ਕੇ ਕੁੱਟਿਆ ਅਤੇ ਉਨ੍ਹਾਂ ਦੀ ਥਾਰ ਗੱਡੀ ਨੂੰ ਬੁਰੀ ਤਰ੍ਹਾਂ ਭੰਨ ਦਿੱਤਾ ਜੋ ਕਿ ਇਸ ਸਮੇਂ ਮਾਛੀਵਾੜਾ ਥਾਣਾ ਵਿਖੇ ਖੜ੍ਹੀ ਹੈ। ਅਜਮੇਰ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਇੱਕ ਰਿਸ਼ਤੇਦਾਰ ਹਸਪਤਾਲ ਵਿਚ ਇਲਾਜ ਅਧੀਨ ਹੈ। ਥਾਣਾ ਮੁਖੀ ਪਵਿੱਤਰ ਸਿੰਘ ਨੇ ਕਿਹਾ ਕਿ ਦੂਜੀ ਧਿਰ ਦੇ ਬਿਆਨ ਵੀ ਦਰਜ ਕੀਤੇ ਜਾਣਗੇ ਜਿਸ ਤੋਂ ਬਾਅਦ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।