ਸ਼ਮਸ਼ਾਨਘਾਟ 'ਚ ਦਫ਼ਨਾਉਣ ਨੂੰ ਲੈ ਕੇ ਭਿੜੀਆਂ ਦੋ ਧਿਰਾਂ: ਬਜ਼ੁਰਗ ਦੀ ਮੌਤ ਮਗਰੋਂ ਅੰਤਿਮ ਸੰਸਕਾਰ ਬਣਿਆ ਜੀ ਦਾ ਜੰਜਾਲ
ਇੱਕ ਵਾਰ ਤਾਂ ਦੋਵੇਂ ਧਿਰਾਂ ਇੱਕ-ਦੂਸਰੇ ’ਤੇ ਹੱਲਾ ਬੋਲਣ ਨੂੰ ਹੀ ਟੁੱਟ ਪਈਆਂ ਪਰ ਕੁਝ ਲੋਕਾਂ ਨੇ ਬਚਾਅ ਕਰਵਾਇਆ। ਇਸ ’ਤੇ ਦੋਵਾਂ ਵਿਚ ਜ਼ਬਰਦਸਤ ਸ਼ਬਦੀ ਜੰਗ ਵੀ ਚੱਲੀ। ਅਖ਼ੀਰ ਵਿਰੋਧ ਕਰ ਰਹੇ ਧੜੇ ਨੇ ਦੇਹ ਦਫਨਾਉਣ ਲਈ ਪੁੱਟੀ ਜ਼ਮੀਨ ਭਰ ਦਿੱਤੀ ਜਿਸ ਤੋਂ ਬਾਅਦ ਦੂਸਰੀ ਧਿਰ ਨੂੰ ਦੇਹ ਸ਼ਮਸ਼ਾਨਘਾਟ ਵਿਚੋਂ ਵਾਪਸ ਲਿਜਾਣੀ ਪਈ।
Publish Date: Wed, 21 Jan 2026 11:07 AM (IST)
Updated Date: Wed, 21 Jan 2026 11:12 AM (IST)
ਗੁਪਤਾ/ਵਿੱਕੀ ਪੰਜਾਬੀ ਜਾਗਰਣ , ਜਗਰਾਓਂ : ਸ਼ਮਸ਼ਾਨਘਾਟ ਵਿਚ ਲਾਸ਼ ਦਫ਼ਨਾਉਣ ਨੂੰ ਲੈ ਕੇ ਦੋ ਧਿਰਾਂ ਆਹਮੋ ਸਾਹਮਣੇ ਹੋ ਗਈਆਂ। ਇੱਕ ਧਿਰ ਦੇਹ ਦਫਨਾਉਣਾ ਚਾਹੁੰਦੀ ਸੀ, ਜਦਕਿ ਦੂਸਰੀ ਧਿਰ ਕਹਿ ਰਹੀ ਸੀ ਕਿ ਸ਼ਮਸ਼ਾਨਘਾਟ ਵਿਚ ਸਿਰਫ਼ ਅੰਤਿਮ ਸੰਸਕਾਰ ਕੀਤਾ ਸਕਦਾ ਹੈ। ਇੱਕ ਵਾਰ ਤਾਂ ਦੋਵੇਂ ਧਿਰਾਂ ਇੱਕ-ਦੂਸਰੇ ’ਤੇ ਹੱਲਾ ਬੋਲਣ ਨੂੰ ਹੀ ਟੁੱਟ ਪਈਆਂ ਪਰ ਕੁਝ ਲੋਕਾਂ ਨੇ ਬਚਾਅ ਕਰਵਾਇਆ। ਇਸ ’ਤੇ ਦੋਵਾਂ ਵਿਚ ਜ਼ਬਰਦਸਤ ਸ਼ਬਦੀ ਜੰਗ ਵੀ ਚੱਲੀ। ਅਖ਼ੀਰ ਵਿਰੋਧ ਕਰ ਰਹੇ ਧੜੇ ਨੇ ਦੇਹ ਦਫਨਾਉਣ ਲਈ ਪੁੱਟੀ ਜ਼ਮੀਨ ਭਰ ਦਿੱਤੀ ਜਿਸ ਤੋਂ ਬਾਅਦ ਦੂਸਰੀ ਧਿਰ ਨੂੰ ਦੇਹ ਸ਼ਮਸ਼ਾਨਘਾਟ ਵਿਚੋਂ ਵਾਪਸ ਲਿਜਾਣੀ ਪਈ।
ਜਾਣਕਾਰੀ ਅਨੁਸਾਰ ਜਗਰਾਓਂ ਦੇ ਵਾਰਡ ਨੰਬਰ 7 ਦੇ ਪਰਿਵਾਰ ਨੇ ਧਰਮ ਪਰਿਵਰਤਨ ਕਰਦਿਆਂ ਈਸਾਈ ਧਰਮ ਅਪਣਾ ਲਿਆ ਹੈ। ਮੰਗਲਵਾਰ ਨੂੰ ਉਨ੍ਹਾਂ ਦੇ ਘਰ ਵਿਚ ਬਜ਼ੁਰਗ ਦੀ ਮੌਤ ਹੋ ਗਈ ਜਿਸ ਨੂੰ ਈਸਾਈ ਧਰਮ ਅਨੁਸਾਰ ਦਫਨਾਉਣ ਲਈ ਪਰਿਵਾਰ ਅਤੇ ਲੋਕ ਵਾਰਡ ਨੂੰ ਲੱਗਦੀ ਸਾਇੰਸ ਕਾਲਜ ਨੇੜਲੀ ਸ਼ਮਸ਼ਾਨਘਾਟ ਲੈ ਆਏ। ਉਨ੍ਹਾਂ ਵੱਲੋਂ ਜ਼ਮੀਨ ਵੀ ਪੁੱਟ ਲਈ ਗਈ। ਇਸ ਦੌਰਾਨ ਵਾਰਡ ਵਾਸੀਆਂ ਨੂੰ ਪਤਾ ਲੱਗਾ ਤਾਂ ਉਹ ਸ਼ਮਸ਼ਾਨਘਾਟ ਆ ਪੁੱਜੇ ਜਿਨ੍ਹਾਂ ਨੇ ਜ਼ਮੀਨ ਪੁੱਟਦਿਆਂ ਨੂੰ ਰੋਕਦਿਆਂ ਕਿਹਾ ਕਿ ਸ਼ਮਸ਼ਾਨਘਾਟ ਵਿਚ ਸਸਕਾਰ ਕੀਤਾ ਜਾਂਦਾ ਹੈ ਨਾ ਕਿ ਦੇਹ ਦਫਨਾਈ ਜਾਂਦੀ ਹੈ, ਦਫਨਾਉਣ ਲਈ ਵੱਖਰੀ ਥਾਂ ਹੁੰਦੀ ਹੈ ਪਰ ਮ੍ਰਿਤਕ ਦਾ ਪਰਿਵਾਰ ਦੇਹ ਦਫਨਾਉਣ ਲਈ ਅੜ ਗਿਆ। ਇਸ ਦੌਰਾਨ ਵਾਰਡ ਦੇ ਮੌਜੂਦਾ ਕੌਂਸਲਰ ਰਮੇਸ਼ ਕੁਮਾਰ ਮਹੇਸ਼ੀ ਸਹੋਤਾ ਅਤੇ ਸਾਬਕਾ ਕੌਂਸਲਰ ਅਮਰਨਾਥ ਕਲਿਆਣ ਵੀ ਪੁੱਜੇ। ਉਨ੍ਹਾਂ ਦੀ ਹਾਜ਼ਰੀ ਵਿਚ ਹੀ ਦੋਵੇਂ ਧਿਰਾਂ ਆਪਸ ਵਿਚ ਉਲਝ ਪਈਆਂ ਅਤੇ ਹੱਲਾ ਬੋਲਣ ਨੂੰ ਅੱਗੇ ਵਧੀਆਂ। ਕਿਸੇ ਤਰ੍ਹਾਂ ਵਿਚ ਬਚਾਅ ਕਰਵਾਇਆ ਗਿਆ। ਇਸ ਤੋਂ ਖਫਾ ਵਿਰੋਧ ਕਰ ਰਹੀ ਧਿਰ ਨੇ ਦੇਹ ਦਫਨਾਉਣ ਲਈ ਪੁੱਟਿਆ ਟੋਆ ਭਰ ਦਿੱਤਾ ਜਿਸ ਦੇ ਚੱਲਦਿਆਂ ਪਰਿਵਾਰ ਨੇ ਦੇਹ ਸ਼ਮਸ਼ਾਨਘਾਟ ਵਿਚੋਂ ਲਿਜਾਣੀ ਪਈ।