ਪਾਸ਼ ਇਲਾਕੇ 'ਚ ਹੜਕੰਪ: ਚੋਰ ਕੰਧ ਟੱਪ ਕੇ ਲੈ ਗਏ 12 ਲੱਖ, ਸਿਵਿਲ ਇੰਜੀਨੀਅਰ ਦੇ ਘਰ ਪੈ ਗਿਆ 'ਦਿਨ-ਦਿਹਾੜੇ' ਡਾਕਾ!
ਲੁਧਿਆਣਾ ਦੇ ਪਾਸ਼ ਇਲਾਕੇ ਰਾਜਗੁਰੂ ਨਗਰ ਵਿੱਚ ਚੋਰਾਂ ਦੇ ਹੌਸਲੇ ਬੁਲੰਦ ਨਜ਼ਰ ਆ ਰਹੇ ਹਨ। ਇੱਥੋਂ ਦੇ ਸੁਖਦੇਵ ਐਵੀਨਿਊ ਸਥਿਤ ਇੱਕ ਸਿਵਿਲ ਇੰਜੀਨੀਅਰ ਦੇ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਚੋਰਾਂ ਨੇ ਲੱਖਾਂ ਰੁਪਏ ਦੇ ਗਹਿਣੇ, ਨਕਦੀ ਅਤੇ ਕੀਮਤੀ ਸਾਮਾਨ ਸਾਫ਼ ਕਰ ਦਿੱਤਾ। ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਸ਼ਿਕਾਇਤ ਦੇ ਆਧਾਰ 'ਤੇ ਅਣਪਛਾਤੇ ਚੋਰਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Publish Date: Sun, 18 Jan 2026 03:56 PM (IST)
Updated Date: Sun, 18 Jan 2026 04:01 PM (IST)
ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ: ਲੁਧਿਆਣਾ ਦੇ ਪਾਸ਼ ਇਲਾਕੇ ਰਾਜਗੁਰੂ ਨਗਰ ਵਿੱਚ ਚੋਰਾਂ ਦੇ ਹੌਸਲੇ ਬੁਲੰਦ ਨਜ਼ਰ ਆ ਰਹੇ ਹਨ। ਇੱਥੋਂ ਦੇ ਸੁਖਦੇਵ ਐਵੀਨਿਊ ਸਥਿਤ ਇੱਕ ਸਿਵਿਲ ਇੰਜੀਨੀਅਰ ਦੇ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਚੋਰਾਂ ਨੇ ਲੱਖਾਂ ਰੁਪਏ ਦੇ ਗਹਿਣੇ, ਨਕਦੀ ਅਤੇ ਕੀਮਤੀ ਸਾਮਾਨ ਸਾਫ਼ ਕਰ ਦਿੱਤਾ। ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਸ਼ਿਕਾਇਤ ਦੇ ਆਧਾਰ 'ਤੇ ਅਣਪਛਾਤੇ ਚੋਰਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਰਿਵਾਰ ਗਿਆ ਸੀ ਰਿਸ਼ਤੇਦਾਰੀ 'ਚ, ਪਿੱਛੋਂ ਹੋ ਗਈ ਵਾਰਦਾਤ
ਸਿਵਿਲ ਇੰਜੀਨੀਅਰ ਪੁਨੀਤ ਕਮਲ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਰਾਜਗੁਰੂ ਨਗਰ ਦੇ ਸੁਖਦੇਵ ਐਵੀਨਿਊ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਹਨ। ਬੀਤੇ ਦਿਨੀਂ ਉਹ ਆਪਣੇ ਪਰਿਵਾਰ ਸਮੇਤ ਕਿਸੇ ਰਿਸ਼ਤੇਦਾਰੀ ਵਿੱਚ ਗਏ ਹੋਏ ਸਨ ਅਤੇ ਘਰ ਦੇ ਮਾਲਕ ਵੀ ਕਿਸੇ ਕੰਮ ਲਈ ਬਾਹਰ ਗਏ ਹੋਏ ਸਨ। ਜਦੋਂ ਉਹ ਵਾਪਸ ਪਰਤੇ ਤਾਂ ਘਰ ਦੇ ਉੱਪਰਲੇ ਹਿੱਸੇ ਦੇ ਤਾਲੇ ਟੁੱਟੇ ਹੋਏ ਦੇਖ ਕੇ ਉਨ੍ਹਾਂ ਦੇ ਹੋਸ਼ ਉੱਡ ਗਏ।
12 ਲੱਖ ਦਾ ਨੁਕਸਾਨ, ਅਲਮਾਰੀਆਂ ਦੇ ਫੋਲੇ ਗਏ ਤਾਲੇ
ਪੁਨੀਤ ਅਨੁਸਾਰ, ਚੋਰਾਂ ਨੇ ਘਰ ਦੇ ਅੰਦਰ ਪਈਆਂ ਅਲਮਾਰੀਆਂ ਦੀ ਫਰੋਲਾ-ਫਰਾਲੀ ਕੀਤੀ ਅਤੇ ਉੱਥੋਂ 59,000 ਰੁਪਏ ਨਕਦ, ਸੋਨੇ-ਚਾਂਦੀ ਦੇ ਗਹਿਣੇ ਅਤੇ ਕੀਮਤੀ ਘੜੀਆਂ ਚੋਰੀ ਕਰ ਲਈਆਂ। ਪੀੜਤ ਮੁਤਾਬਕ ਚੋਰੀ ਹੋਏ ਕੁੱਲ ਸਾਮਾਨ ਦੀ ਕੀਮਤ ਕਰੀਬ 12 ਲੱਖ ਰੁਪਏ ਹੈ।
ਸੀਸੀਟੀਵੀ ਫੁਟੇਜ ਆਈ ਸਾਹਮਣੇ
ਵਾਰਦਾਤ ਤੋਂ ਬਾਅਦ ਜਦੋਂ ਘਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਗਈ ਤਾਂ ਚੋਰਾਂ ਦੀਆਂ ਹਰਕਤਾਂ ਕੈਮਰੇ ਵਿੱਚ ਕੈਦ ਮਿਲੀਆਂ। ਫੁਟੇਜ ਵਿੱਚ ਸਾਫ਼ ਦਿਖ ਰਿਹਾ ਹੈ ਕਿ ਚੋਰ ਘਰ ਦੀ ਕੰਧ ਟੱਪ ਕੇ ਅੰਦਰ ਦਾਖ਼ਲ ਹੋਏ ਅਤੇ ਬੜੀ ਆਰਾਮ ਨਾਲ ਉੱਪਰਲੇ ਪੋਰਸ਼ਨ ਦੇ ਤਾਲੇ ਤੋੜ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ।
ਪੁਲਿਸ ਕਾਰਵਾਈ
ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਅਤੇ ਚੋਰਾਂ ਦੀ ਪਛਾਣ ਕੀਤੀ ਜਾ ਰਹੀ ਹੈ। ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।