'ਸਾਥੋਂ ਬਾਬਾ ਖੋਹ ਲਿਆ ਤੇਰਾ ਨਨਕਾਣਾ' ਦੇ ਰਚੇਤਾ ਸਵਰਨ ਸਿਵੀਆਂ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
ਉਨ੍ਹਾਂ ਨੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦਿਆਂ ਸਾਥੋ ਬਾਬਾ ਖੋਹ ਲਿਆ ਤੇਰਾ ਨਨਕਾਣਾ ਵਰਗੇ ਕਈ ਮਸ਼ਹੂਰ ਗੀਤ ਲਿਖੇ।
Publish Date: Tue, 03 Jan 2023 09:22 AM (IST)
Updated Date: Tue, 03 Jan 2023 09:46 AM (IST)

ਪਲਵਿੰਦਰ ਸਿੰਘ ਢੁੱਡੀਕੇ, ਲੁਧਿਆਣਾ : 'ਸਾਥੋਂ ਬਾਬਾ ਖ਼ੋਹ ਲਿਆ ਤੇਰਾ ਨਨਕਾਣਾ'..,'ਤਲਵਾਰ ਮੈਂ ਕਲਗੀਧਰ ਦੀ ਹਾਂ'.. 'ਐਵੇਂ ਨਾਂ ਜਿੰਦੇ ਮਾਨ ਕਰੀਂ' ਅਤੇ ਹੋਰ ਅਨੇਕਾਂ ਹੀ ਹਿੱਟ ਗੀਤਾਂ ਦੇ ਰਚੇਤਾ ਸਵਰਨ ਸਿਵੀਆ ਸਾਡੇ ਵਿੱਚ ਨਹੀਂ ਰਹੇ। ਕਰਨੈਲ ਸਿਵੀਆ ਦੇ ਦੱਸਣ ਅਨੁਸਾਰ ਸਵਰਨ ਸਿਵੀਆ ਹੁਣ ਪਿੰਡ ਹੀ ਰਹਿੰਦਾ ਸੀ। ਕੱਲ੍ਹ ਸ਼ਾਮ ਸੈਰ ਕਰਦੇ ਸਮੇਂ ਹਾਰਟ ਅਟੈਕ ਕਾਰਮ ਉਨ੍ਹਾਂ ਦਾ ਸੁਰਗਵਾਸ ਹੋ ਗਿਆ। ਉਸਦੇ ਬੇਟੇ ਦੇ ਇੰਗਲੈਂਡ ਤੋਂ ਪਰਤਣ ਤੇ ਹੀ ਕੱਲ੍ਹ ਬੁੱਧਵਾਰ ਨੂੰ ਪਿੰਡ ਉਪਲਾਂ ਕੋਹਾੜਾ ਮਾਛੀਵਾੜਾ ਰੋਡ ਤੇ ਸਸਕਾਰ ਕੀਤਾ ਜਾਵੇਗਾ। ਉਹ ਇਕ ਬਹੁਤ ਵੱਡੇ ਸੁਝਵਾਨ ਬੁਧੀਜੀਵੀ ਵਿਦਵਾਨ ਸ਼ਖ਼ਸੀਅਤ ਸਨ । ਲੰਮਾਂ ਸਮਾਂ ਲੁਧਿਆਣਾ ਦੇ ਸੈਸ਼ਨ ਜੱਜ ਸਾਹਿਬ ਦੇ ਨਾਲ ਸਟੈਨੋ ਤੌਰ ਤੇ ਆਪਣੀ ਸੱਚੀ ਸੁੱਚੀ ਕਿਰਤ ਕਰ ਕੇ ਲੋਕਾਈ ਲਈ ਭਲਾਈ ਦੇ ਕੰਮ ਕੀਤੇ ਹਨ । ਪੰਜਾਬੀ ਸੰਗੀਤ ਜਗਤ ਵਿਚ ਕਈ ਸੀਨੀਅਰ ਅਤੇ ਸਿਰਮੌਰ ਗਾਇਕਾ ਅਤੇ ਗਾਇਕਾਵਾਂ ਨੂੰ ਵਡੇਰਾ ਸਹਿਯੋਗ ਦੇ ਕੇ ਵਡੇਰੀ ਮਕਬੂਲੀਅਤ ਦਾ ਰਾਹ ਦਸੇਰਾ ਬਣੇ ਹਨ । ਇਸ ਤੋਂ ਵੀ ਅੱਗੇ ਹਮੇਸ਼ਾ ਸਭ ਨੂੰ ਸਹੀ ਸਲਾਹ ਮਸ਼ਵਰਾ ਅਤੇ ਸਾਰਿਆਂ ਦੇ ਸ਼ੁਭ ਚਿੰਤਕ ਸਨ । ਪੰਜਾਬੀ ਸੰਗੀਤ ਜਗਤ ਦੀ ਮਹਰੂਮ ਗਾਇਕ ਜੋੜੀ ਸਤਿਕਾਰਯੋਗ ਅਮਰਜੋਤ ਚਮਕੀਲਾ ਜੀ ਦੇ ਵਡੇਰੇ ਨਜ਼ਦੀਕੀ ਸੀ । ਉਨ੍ਹਾਂ ਵਲੋਂ ਗਾਇਆ ਗੀਤ " ਸਾਥੋਂ ਬਾਬਾ ਖੋਹ ਲਿਆ ਤੇਰਾ ਨਨਕਾਣਾ " ਇਨ੍ਹਾਂ ਦੀ ਕਲਮ ਤੋਂ ਜਨਮਿਆ ਸੀ । ਸੀਵੀਆ ਦੇ ਵਿਛੋੜੇ ਦੀ ਖ਼ਬਰ ਸੋਸ਼ਲ ਮੀਡੀਏ ਤੇ ਅੱਗ ਵਾਂਗ ਵਾਇਰਲ ਹੋ ਰਹੀ ਹੈ । ਕਰੋੜਾਂ ਲੋਕਾਂ ਦੇ ਦਿਲਾਂ ਦੀ ਧੜਕਣ ਇਹ ਕੁਲਖਣੀ ਖ਼ਬਰ ਸੁਣ ਕੇ ਇੱਕ ਪਲ ਲਈ ਰੁਕ ਗਈ ਸੀ । ਸੰਗੀਤ ਦੇ ਦੀਵਾਨੇ ਆਪਣੇ ਹੋਰ ਭਰੋਸੇ ਯੋਗ ਵਸੀਲਿਆਂ ਤੋਂ ਸੱਚੀਂ ਖ਼ਬਰ ਦੀ ਪੁਸ਼ਟੀ ਕਰ ਰਹੇ ਹਨ । ਕਿਸੇ ਨੂੰ ਉਨ੍ਹਾਂ ਦੇ ਵਿਛੜਨ ਦਾ ਯਕੀਨ ਨਹੀਂ ਆਉਂਦਾ ਹੈ । ਹੁਣ ਉਹ ਰਿਟਾਇਰ ਹੋ ਕੇ ਪੰਜਾਬੀ ਸੰਗੀਤ ਜਗਤ ਲਈ ਸਮਰਪਿਤ ਹੋ ਗਏ ਸਨ । ਅਜੇ ਬਹੁਤ ਕੁਝ ਨਵਾਂ ਕਰਨ ਦੀ ਸਮਰੱਥਾ ਵੀ ਰੱਖਦੇ ਸਨ । ਪਰ ਆਪਣੇ ਪਰਿਵਾਰ ਨੂੰ ਅਤੇ ਸੰਗੀਤ ਜਗਤ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਕੇ ਰੁਖ਼ਸਤ ਹੋ ਗਏ ਹਨ । ਉਨ੍ਹਾਂ ਵਲੋਂ ਪਾਇਆ ਯੋਗਦਾਨ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ।