ਜਗਰਾਓਂ ਬਰਤਨ ਬੈਂਕ ਦੀ ਸਥਾਪਨਾ ਕਰਨ ਵਾਲੇ ਮੋਹਿਤ ਗੁਪਤਾ ਨੇ ਦੱਸਿਆ ਕਿ ਹੁਣ ਤਾਂ ਪਲਾਸਟਿਕ ਦੇ ਬਰਤਨਾਂ ’ਤੇ ਹੋਈ ਰਿਸਰਚ ਨੇ ਇਸ ਦੇ ਨੁਕਸਾਨ ਦੇ ਰਾਜ਼ ਨੂੰ ਖੋਲ੍ਹ ਕੇ ਦੁਨੀਆ ਸਾਹਮਣੇ ਰੱਖ ਦਿੱਤਾ ਹੈ, ਜਿਸ ਅਨੁਸਾਰ ਖਾਣ ਦੀ ਗਰਮ ਵਸਤੂ ਨੂੰ ਪਲਾਸਟਿਕ ਪਲੇਟ ਜਾਂ ਫਿਰ ਡਿਸਪੋਜ਼ਲ ਪਲੇਟ ’ਤੇ ਰੱਖਦੇ ਹਾਂ ਤਾਂ ਨਾਲ ਦੀ ਨਾਲ ਇਹ ਪਕਵਾਨ ਜ਼ਹਿਰੀਲਾ ਹੋ ਜਾਂਦਾ ਹੈ, ਕਿਉਂਕਿ ਪਲਾਸਟਿਕ ਦੀ ਪਲੇਟ ਦੇ ਨਿਰਮਾਣ ਮੌਕੇ ਵਰਤਿਆਂ ਜਾਂਦਾ ਕੈਮੀਕਲ ਪਕਵਾਨ ਦੇ ਨਾਲ ਮਿਲ ਜਾਂਦਾ ਹੈ, ਜਿਸ ਨੂੰ ਖਾਣ ਨਾਲ ਆਦਮੀ ਬਿਮਾਰ ਹੋ ਜਾਂਦਾ ਹੈ।

ਸੰਜੀਵ ਗੁਪਤਾ ਪੰਜਾਬੀ ਜਾਗਰਣ , ਜਗਰਾਓਂ : ਖੁਸ਼ੀਆਂ ਦੀ ਮਹਿਫ਼ਿਲ ਸਜੇ ਜਾਂ ਗ਼ਮ ਦਾ ਮਾਹੌਲ ਹੋਵੇ ਪਰ ਖਾਣ-ਪੀਣ ਲਈ ਪਲਾਸਟਿਕ ਦੇ ਬਰਤਨਾਂ ਦੀ ਹੀ ਵਰਤੋਂ ਹੁੰਦੀ ਹੈ। ਹਾਲਾਂਕਿ ਇਨ੍ਹਾਂ ਪਲਾਸਟਿਕ ਦੇ ਬਰਤਨਾਂ ਦੀ ਵਰਤੋਂ ਮਨੁੱਖੀ ਸਿਹਤ ਲਈ ਬੇਹੱਦ ਖ਼ਤਰਨਾਕ ਹੈ ਪਰ ਇਸ ਦੇ ਬਾਵਜੂਦ ਇਸ ਦਾ ਕੋਈ ਹੋਰ ਸੌਖਾ ਬਦਲ ਨਾ ਹੋਣ ਕਾਰਨ ਇਸ ਦੀ ਵਰਤੋਂ ਮਜਬੂਰੀ ਬਣ ਗਈ ਹੈ ਪਰ ਜਗਰਾਓਂ ਦੇ ਨੌਜਵਾਨ ਨੇ ਖੁਦ ਹੀ ਡਿਸਪੋਜ਼ਲ ਬਰਤਨਾਂ ਤੋਂ ਤੌਬਾ ਨਹੀਂ ਕੀਤੀ ਬਲਕਿ ਸਮਾਜ ਵਿਚੋਂ ਵੀ ਪਲਾਸਟਿਕ ਬਰਤਨਾਂ ਦੇ ਟਰੈਂਡ ਨੂੰ ਖ਼ਤਮ ਕਰਨ ਦਾ ਤਹੱਈਆ ਕਰ ਲਿਆ ਹੈ। ਇਸ ਦੇ ਲਈ ਉਸ ਨੇ ਜਗਰਾਓਂ ਵਿਚ ‘ਬਰਤਨ ਬੈਂਕ’ ਹੀ ਖੋਲ੍ਹ ਦਿੱਤਾ ਹੈ। ਸਾਲ ਕੁ ਪਹਿਲਾਂ ਡਿਸਪੋਜ਼ਲ ਨੂੰ ਖ਼ਤਮ ਕਰਨ ਦੇ ਅਹਿਦ ਦੇ ਨਾਲ ਸਿਰਫ 25 ਸਟੀਲ ਦੇ ਬਰਤਨਾਂ ਤੋਂ ਸ਼ੁਰੂ ਕੀਤੇ ਇਸ ਬਰਤਨ ਬੈਂਕ ਵਿਚ ਅੱਜ ਹਜ਼ਾਰਾਂ ਦੀ ਗਿਣਤੀ ’ਚ ਬਰਤਨਾਂ ਦਾ ਸਟਾਕ ਹੈ।
ਜਗਰਾਓਂ ਬਰਤਨ ਬੈਂਕ ਦੀ ਸਥਾਪਨਾ ਕਰਨ ਵਾਲੇ ਮੋਹਿਤ ਗੁਪਤਾ ਨੇ ਦੱਸਿਆ ਕਿ ਹੁਣ ਤਾਂ ਪਲਾਸਟਿਕ ਦੇ ਬਰਤਨਾਂ ’ਤੇ ਹੋਈ ਰਿਸਰਚ ਨੇ ਇਸ ਦੇ ਨੁਕਸਾਨ ਦੇ ਰਾਜ਼ ਨੂੰ ਖੋਲ੍ਹ ਕੇ ਦੁਨੀਆ ਸਾਹਮਣੇ ਰੱਖ ਦਿੱਤਾ ਹੈ, ਜਿਸ ਅਨੁਸਾਰ ਖਾਣ ਦੀ ਗਰਮ ਵਸਤੂ ਨੂੰ ਪਲਾਸਟਿਕ ਪਲੇਟ ਜਾਂ ਫਿਰ ਡਿਸਪੋਜ਼ਲ ਪਲੇਟ ’ਤੇ ਰੱਖਦੇ ਹਾਂ ਤਾਂ ਨਾਲ ਦੀ ਨਾਲ ਇਹ ਪਕਵਾਨ ਜ਼ਹਿਰੀਲਾ ਹੋ ਜਾਂਦਾ ਹੈ, ਕਿਉਂਕਿ ਪਲਾਸਟਿਕ ਦੀ ਪਲੇਟ ਦੇ ਨਿਰਮਾਣ ਮੌਕੇ ਵਰਤਿਆਂ ਜਾਂਦਾ ਕੈਮੀਕਲ ਪਕਵਾਨ ਦੇ ਨਾਲ ਮਿਲ ਜਾਂਦਾ ਹੈ, ਜਿਸ ਨੂੰ ਖਾਣ ਨਾਲ ਆਦਮੀ ਬਿਮਾਰ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੇ ਖ਼ਤਰਨਾਕ ਨੁਕਸਾਨ ਨੂੰ ਭਾਪਦਿਆਂ ਉਨ੍ਹਾਂ ਨੇ ਸਮਾਜ ਵਿਚੋਂ ਇਸ ਜ਼ਹਿਰ ਵੰਡਣ ਵਾਲੇ ਪਲਾਸਟਿਕ ਅਤੇ ਡਿਸਪੋਜ਼ਲ ਬਰਤਨਾਂ ਤੋਂ ਤੌਬਾ ਕਰਨ ਦਾ ਅਹਿਦ ਲੈ ਲਿਆ। ਡਿਸਪੋਜ਼ਲ ਬਰਤਨਾਂ ਦੀ ਆਦਤ ਬਣਾ ਚੁੱਕੇ ਸਮਾਜ ਨੂੰ ਇਸ ਤੋਂ ਦੂਰ ਕਰਨਾ ਚਾਹੇ ਚੈਲੰਜ ਸੀ ਪਰ ਇਸ ਚੈਲੰਜ ਨੂੰ ਜਦੋਂ ਕਬੂਲਿਆ ਤਾਂ ਸਫਲਤਾ ਵੱਲ ਨੂੰ ਵੀ ਵੱਧ ਰਹੇ ਹਾਂ। ਇਸ ਬਰਤਨ ਬੈਂਕ ਨੂੰ ਸ਼ੁਰੂ ਕਰਨ ਲਈ ਜਗਰਾਓਂ ਇਲਾਕੇ ਦੇ ਪਿੰਡ ਤੱਪੜ ਹਰਨੀਆਂ ਦੀ ਏਪੀ ਰਿਫਾਇਨਰੀ ਦੇ ਭੂਵਨ ਗੋਇਲ, ਕੈਪਟਨ ਨਰੇਸ਼ ਵਰਮਾ, ਮੋਹਿਤ ਗੁਪਤਾ, ਬਲਰਾਮ ਬਾਂਸਲ, ਸੁਭਾਸ਼ ਕੁਮਾਰ, ਸੁਨੀਲ, ਈਸ਼ਾਨ ਸਿੰਗਲਾ ਅਤੇ ਮੋਹਿਤ ਜੈਨ ਨੇ ਭਰਪੂਰ ਸਹਿਯੋਗ ਦਿੱਤਾ ਜਿਸ ਸਦਕਾ ਸਾਲ ਵਿਚ ਹੀ ਬਰਤਨ ਬੈਂਕ ਦੀ ਛੋਟੀ ਬ੍ਰਾਂਚ ਅੱਜ ਵੱਡਾ ਬੈਂਕ ਬਣ ਗਈ ਹੈ।
25 ਪਲੇਟਾਂ ਤੋਂ ਸ਼ੁਰੂ ਹੋਇਆ ਬਰਤਨ ਬੈਂਕ
ਬਰਤਨ ਬੈਂਕ ਦੇ ਮੋਹਿਤ ਗੁਪਤਾ ਨੇ ਦੱਸਿਆ ਕਿ ਸਾਲ ਕੁ ਪਹਿਲਾਂ ਡਿਸਪੋਜ਼ਲ ਨੂੰ ਖ਼ਤਮ ਕਰਨ ਦੇ ਮਕਸਦ ਨਾਲ ਸ਼ੁਰੂ ਕੀਤਾ ਇਹ ਬਰਤਨ ਬੈਂਕ 25 ਪਲੇਟਾਂ ਨਾਲ ਸ਼ੁਰੂ ਹੋਇਆ। ਸ਼ੁਰੂਆਤ ਦੇ ਨਾਲ ਹੀ ਲੋਕਾਂ ਤੋਂ ਇੰਨਾ ਸਹਿਯੋਗ ਮਿਲਿਆ ਕਿ ਅੱਜ ਇਸ ਬਰਤਨ ਬੈਂਕ ਵਿਚ 1200 ਰੋਟੀ ਖਾਣ ਵਾਲੀਆਂ ਸਟੀਲ ਦੀਆਂ ਪਲੇਟਾਂ, 1000 ਪੀਣ ਵਾਲੇ ਪਾਣੀ ਦੇ ਗਲਾਸ, 1300 ਚਮਚੇ, 3 ਚਾਹ ਵਾਲੀਆਂ ਵੱਡੀਆਂ ਕੇਤਲੀਆਂ, 8 ਪਾਣੀ ਵਾਲੇ ਕੈਂਪਰ, ਡਿਸ਼ ਪਲੇਟਾਂ, ਕੜਛੀਆਂ, ਡੌਂਗੇ ਅਤੇ ਹੋਰ ਸਾਮਾਨ ਮੌਜੂਦ ਹੈ।
ਸਾਲ ’ਚ ਹੀ 15 ਲੱਖ ਰੁਪਏ ਦੀ ਹੋਈ ਵੱਡੀ ਬਚਤ
ਜਗਰਾਓਂ ਬਰਤਨ ਬੈਂਕ ਦੇ ਮੋਹਿਤ ਗੁਪਤਾ ਅਨੁਸਾਰ ਸਾਲ ਵਿਚ ਬਰਤਨ ਬੈਂਕ ਵੱਲੋਂ ਕਰੀਬ 200 ਸਮਾਗਮਾਂ ’ਚ ਬਰਤਨ ਬੈਂਕ ਰਾਹੀਂ ਬਰਤਨ ਭੇਜੇ ਗਏ। ਇਨ੍ਹਾਂ ਸਮਾਗਮਾਂ ਵਿਚ ਜੇ ਡਿਸਪੋਜ਼ਲ ਦੀ ਵਰਤੋਂ ਹੁੰਦੀ ਤਾਂ ਇੱਕ ਅੰਦਾਜ਼ੇ ਅਨੁਸਾਰ 15 ਲੱਖ ਰੁਪਏ ਖਰਚ ਹੁੰਦੇ ਪਰ ਬਰਤਨ ਬੈਂਕ ਦੇ ਇਸ ਉਪਰਾਲੇ ਸਦਕਾ 15 ਲੱਖ ਰੁਪਏ ਨੂੰ ਬਚਾਉਣ ਤੋਂ ਵੱਧ ਡਿਸਪੋਜ਼ਲ ਨਾਲ ਹਜ਼ਾਰਾਂ ਲੋਕਾਂ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਾਉਣ ਦੀ ਵੱਡੀ ਖੁਸ਼ੀ ਹੈ।
ਬਰਤਨ ਬੈਂਕ ਇੰਝ ਕਰਦੈ ਕੰਮ
ਜਗਰਾਓਂ ਬਰਤਨ ਬੈਂਕ ਦੇ ਮੋਹਿਤ ਗੁਪਤਾ ਨੇ ਦੱਸਿਆ ਕਿ ਸ਼ੁਰੂਆਤ ਵਿਚ ਬਰਤਨ ਬੈਂਕ ਰਾਹੀਂ ਡਿਸਪੋਜ਼ਲ ਤੋਂ ਲੋਕਾਂ ਦਾ ਮੂੰਹ ਮੋੜਨ ਲਈ ਵੱਡੇ ਯਤਨ ਕਰਨੇ ਪਏ, ਕਿਉਂਕਿ ਬਰਤਨ ਲੈ ਕੇ ਆਉਣ, ਉਨ੍ਹਾਂ ਦੀ ਵਰਤੋਂ ਲਈ ਪਹਿਲਾਂ ਸਾਫ-ਸਫਾਈ ਅਤੇ ਫਿਰ ਇਕੱਠੇ ਕਰ ਕੇ ਸਾਫ ਕਰਵਾ ਕੇ ਵਾਪਸ ਕਰਨ ਦੇ ਝੰਜਟ ਤੋਂ ਲੋਕ ਹਿਚਕਚਾਉਂਦੇ ਸਨ ਜਿਸ ਦੇ ਲਈ ਬਰਤਨ ਬੈਂਕ ਜਿਨ੍ਹਾਂ ਦੇ ਵੀ ਖੁਸ਼ੀ, ਗਮੀ ਦਾ ਸਮਾਗਮ ਹੋਵੇ, ਉਨ੍ਹਾਂ ਦੇ ਇੱਕ ਸੁਨੇਹੇ ’ਤੇ ਬਰਤਨ ਡਿਮਾਂਡ ਅਨੁਸਾਰ ਪਹੁੰਚਦੇ ਹੀ ਨਹੀਂ ਕਰਦਾ, ਬਲਕਿ ਬਰਤਨਾਂ ਨੂੰ ਸਾਫ ਕਰਨ ਲਈ ਲੋੜੀਂਦਾ ਸਟਾਫ ਵੀ ਭੇਜਦਾ ਹੈ ਜੋ ਸਮਾਗਮ ਦੌਰਾਨ ਬਰਤਨਾਂ ਦੀ ਸਾਫ-ਸਫਾਈ ਦੇ ਨਾਲ-ਨਾਲ ਸਾਂਭ-ਸੰਭਾਲ ਦਾ ਕੰਮ ਕਰਦਾ ਹੈ।
ਬਰਤਨ ਬੈਂਕ ਤੋਂ ਬਰਤਨ ਲੈਣ ਲਈ ਕੋਈ ਫੀਸ ਨਹੀਂ, ਬੱਸ ਇੱਛਾ ਹੋਵੇ ਤਾਂ ਬਰਤਨ ਦੇ ਦਿਓ
ਜਗਰਾਓਂ ਦੇ ਇਸ ਬਰਤਨ ਬੈਂਕ ਤੋਂ ਚਾਹੇ ਜਿੰਨ੍ਹੇ ਮਰਜ਼ੀ ਬਰਤਨ ਲੈ ਜਾਓ, ਇਸ ਦਾ ਕੋਈ ਕਿਰਾਇਆ ਜਾਂ ਫੀਸ ਨਹੀਂ, ਬੱਸ ਇੱਛਾ ਹੋਵੇ ਤਾਂ ਬਰਤਨ ਬੈਂਕ ’ਚੋਂ ਲੋੜੀਂਦੇ ਨਵੇਂ ਬਰਤਨ ਲੈ ਕੇ ਦੇ ਸਕਦੇ ਹੋ। ਉਨ੍ਹਾਂ ਵੱਲੋਂ ਦਿੱਤੇ ਗਏ ਬਰਤਨ ਇਸ ਬੈਂਕ ਵਿਚ ਜਮ੍ਹਾਂ ਕੀਤੇ ਜਾਂਦੇ ਹਨ।
ਵੱਡੇ-ਵੱਡੇ ਸਮਾਗਮਾਂ ’ਚ ਬਰਤਨ ਬੈਂਕ ਦੇ ਬਰਤਨਾਂ ਦੀ ਹੋਈ ਵਰਤੋਂ
ਜਗਰਾਓਂ ਦਾ ਬਰਤਨ ਬੈਂਕ ਡਿਸਪੋਜ਼ਲ ਬਰਤਨਾਂ ਤੋਂ ਲੋਕਾਂ ਨੂੰ ਤੌਬਾ ਕਰਨ ਦੇ ਮਕਸਦ ਵੱਲ ਤੇਜ਼ੀ ਨਾਲ ਵੱਧ ਰਿਹਾ ਹੈ। ਇਸ ਦੇ ਪ੍ਰਚਾਰ ਸਦਕਾ ਜਗਰਾਓਂ ਇਲਾਕੇ ਵਿਚ ਪਿਛਲੇ ਦਿਨੀਂ ਢੱਡਰੀਆਂ ਵਾਲੇ ਸੰਤਾਂ ਦੇ ਦੀਵਾਨ ਵਿਚ ਪੁੱਜੀ ਲੱਖਾਂ ਦੀ ਸੰਗਤ ਨੇ ਬਰਤਨ ਬੈਂਕ ਦੇ ਬਰਤਨਾਂ ਵਿਚ ਲੰਗਰ ਛਕਿਆ। ਇਸੇ ਤਰ੍ਹਾਂ ਜਗਰਾਓਂ ਦੇ ਬਰਤਨ ਬੈਂਕ ਦੇ ਬਰਤਨ ਇਲਾਕੇ ਹੀ ਨਹੀਂ ਲੁਧਿਆਣਾ ਅਤੇ ਜਲੰਧਰ ਵਰਗੇ ਸ਼ਹਿਰਾਂ ਦੇ ਸਮਾਗਮਾਂ ਵਿਚ ਵੀ ਵਰਤੇ ਗਏ।