ਲੋਹੜੀ ’ਤੇ ਪਈ ਰਿਕਾਰਡ ਠੰਢ, ਸੀਤ ਲਹਿਰ ਨੇ ਛੇੜਿਆ ਕਾਂਬਾ; ਸਿਫਰ ’ਤੇ ਪੁੱਜਾ SBS ਨਗਰ ਦਾ ਤਾਪਮਾਨ, ਜਾਣੋ ਮੌਸਮ ਦਾ ਤਾਜ਼ਾ ਹਾਲ
ਮੰਗਲਵਾਰ ਨੂੰ ਸੂਬੇ ਦੇ ਕਈ ਜ਼ਿਲ੍ਹਿਆਂ ’ਚ ਦਿਨ ਭਰ ਧੁੰਦ ਛਾਈ ਰਹੀ। ਸਵੇਰੇ ਸੰਘਣੀ ਧੁੰਦ ਨਾਲ ਦਿਸਣ ਹੱਦ ਜ਼ੀਰੋ ਰਹੀ। ਜ਼ਿਆਦਾਤਰ ਜ਼ਿਲ੍ਹੇ ਅੱਤ ਦੀ ਸੀਤ ਲਹਿਰ ਦੀ ਲਪੇਟ ’ਚ ਰਹੇ। ਦਿਨ ਭਰ ਬਰਫ਼ੀਲੀਆਂ ਹਵਾਵਾਂ ਕੰਬਣੀ ਛੇੜਦੀਆਂ ਰਹੀਆਂ। ਦਿਨ ਤੇ ਰਾਤ ਦਾ ਤਾਪਮਾਨ ਆਮ ਤੋਂ ਕਾਫ਼ੀ ਘੱਟ ਰਿਹਾ।
Publish Date: Wed, 14 Jan 2026 08:39 AM (IST)
Updated Date: Wed, 14 Jan 2026 08:43 AM (IST)
ਜਾਗਰਣ ਸੰਵਾਦਦਾਤਾ, ਲੁਧਿਆਣਾ : ਪੰਜਾਬ ’ਚ ਲੋਹੜੀ ’ਤੇ ਰਿਕਾਰਡ ਠੰਢ ਪਈ। ਸ਼ਹੀਦ ਭਗਤ ਸਿੰਘ (ਐੱਸਬੀਐੱਸ) ਨਗਰ ਸੂਬੇ ’ਚ ਸੰਭ ਤੋਂ ਠੰਢਾ ਰਿਹਾ। ਇੱਥੇ ਇਸ ਸੀਜ਼ਨ ’ਚ ਪਹਿਲੀ ਵਾਰ ਘੱਟੋ-ਘੱਟ ਤਾਪਮਾਨ ਜ਼ੀਰੋ ਡਿਗਰੀ ਸੈਲਸੀਅਸ ਤੱਕ ਪੁੱਜ ਗਿਆ, ਜੋ ਕਿ ਆਮ ਤੋਂ ਸੱਤ ਡਿਗਰੀ ਸੈਲਸੀਅਸ ਘੱਟ ਰਿਹਾ।
ਮੰਗਲਵਾਰ ਨੂੰ ਸੂਬੇ ਦੇ ਕਈ ਜ਼ਿਲ੍ਹਿਆਂ ’ਚ ਦਿਨ ਭਰ ਧੁੰਦ ਛਾਈ ਰਹੀ। ਸਵੇਰੇ ਸੰਘਣੀ ਧੁੰਦ ਨਾਲ ਦਿਸਣ ਹੱਦ ਜ਼ੀਰੋ ਰਹੀ। ਜ਼ਿਆਦਾਤਰ ਜ਼ਿਲ੍ਹੇ ਅੱਤ ਦੀ ਸੀਤ ਲਹਿਰ ਦੀ ਲਪੇਟ ’ਚ ਰਹੇ। ਦਿਨ ਭਰ ਬਰਫ਼ੀਲੀਆਂ ਹਵਾਵਾਂ ਕੰਬਣੀ ਛੇੜਦੀਆਂ ਰਹੀਆਂ। ਦਿਨ ਤੇ ਰਾਤ ਦਾ ਤਾਪਮਾਨ ਆਮ ਤੋਂ ਕਾਫ਼ੀ ਘੱਟ ਰਿਹਾ। ਅੱਠ ਜ਼ਿਲ੍ਹਿਆਂ ’ਚ ਰਾਤ ਦਾ ਤਾਪਮਾਨ ਤਿੰਨ ਡਿਗਰੀ ਸੈਲਸੀਅਸ ਤੋਂ ਹੇਠਾਂ ਰਿਹਾ। ਅੰਮ੍ਰਿਤਸਰ ਸੂਬੇ ’ਚ ਦਿਨ ’ਚ ਸਭ ਤੋਂ ਠੰਢਾ ਰਿਹਾ। ਇੱਥੇ ਦਾ ਵੱਧ ਤੋਂ ਵੱਧ ਤਾਪਮਾਨ 8.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਆਮ ਤੋਂ 9.5 ਡਿਗਰੀ ਸੈਲਸੀਅਸ ਘੱਟ ਸੀ। ਇਸੇ ਤਰ੍ਹਾਂ ਫ਼ਿਰੋਜ਼ਪੁਰ ਦਾ ਵੱਧ ਤੋਂ ਵੱਧ ਤਾਪਮਾਨ 9.9 ਡਿਗਰੀ ਸੈਲਸੀਅਸ ਰਿਹਾ, ਜੋ ਆਮ ਤੋਂ 7.9 ਡਿਗਰੀ ਸੈਲਸੀਅਸ ਘੱਟ ਸੀ। ਹੁਸ਼ਿਆਰਪੁਰ ’ਚ ਵੱਧ ਤੋਂ ਵੱਧ ਤਾਪਮਾਨ 10.7, ਐੱਸਬੀਐੱਸ ਨਗਰ ’ਚ 11.4, ਲੁਧਿਆਣਾ ’ਚ 13.4, ਪਟਿਆਲਾ ’ਚ 13.6, ਗੁਰਦਾਸਪੁਰ ’ਚ 13.0 ਤੇ ਹੁਸ਼ਿਆਰਪੁਰ ’ਚ 13.9 ਡਿਗਰੀ ਸੈਲਸੀਅਸ ਰਿਹਾ।
ਅੱਜ ਵੀ ਸੂਬੇ ’ਚ ਅੱਤ ਦੀ ਸੀਤ ਲਹਿਰ ਨੂੰ ਲੈ ਕੇ ਰੈੱਡ ਅਲਰਟ
ਮੌਸਮ ਵਿਭਾਗ ਚੰਡੀਗੜ੍ਹ ਨੇ ਬੁੱਧਵਾਰ ਨੂੰ ਵੀ ਅੱਤ ਦੀ ਸੀਤ ਲਹਿਰ ਨੂੰ ਲੈ ਕੇ ਰੈੱਡ ਅਲਰਟ ਜਾਰੀ ਕੀਤਾ ਹੈ। ਕਈ ਜ਼ਿਲ੍ਹਿਆਂ ’ਚ ਰਾਤ ਦਾ ਤਾਪਮਾਨ ਜ਼ੀਰੋ ਤੇ ਇਕ ਡਿਗਰੀ ਸੈਲਸੀਅਸ ਦੇ ਆਲੇ-ਦੁਆਲੇ ਪੁੱਜ ਸਕਦਾ ਹੈ, ਜਦਕਿ ਦਿਨ ਦਾ ਤਾਪਮਾਨ ਸੱਤ ਤੋਂ ਅੱਠ ਡਿਗਰੀ ਸੈਲਸੀਅਸ ਰਹਿ ਸਕਦਾ ਹੈ। 19 ਜਨਵਰੀ ਤੱਕ ਸੂਬੇ ’ਚ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ।
ਸ਼ਹਿਰਾਂ ਦਾ ਘੱਟੋ ਘੱਟ ਤਾਪਮਾਨ
ਐੱਸਬੀਐੱਸ ਨਗਰ : 0
ਬਠਿੰਡਾ : 1.6
ਫਰੀਦਕੋਟ : 2.0
ਗੁਰਦਾਸਪੁਰ : 2.5
ਹੁਸ਼ਿਆਰਪੁਰ : 2.6
ਰੂਪਨਗਰ : 2.4
ਲੁਧਿਆਣਾ : 2.6
ਚੰਡੀਗੜ੍ਹ : 2.8
ਪਟਿਆਲਾ : 3.0
ਅੰਮ੍ਰਿਤਸਰ : 4.1
(ਨੋਟ: ਤਾਪਮਾਨ ਡਿਗਰੀ ਸੈਲਸੀਅਸ ’ਚ)