Punjab Weather Update: ਸੂਬੇ 'ਚ ਗਰਮੀ ਦਾ ਪ੍ਰਕੋਪ ਜਾਰੀ, ਇਸ ਦਿਨ ਹੋਵੇਗੀ ਬਾਰਿਸ਼
ਬੇਸ਼ੱਕ ਮੰਗਲਵਾਰ ਨੂੰ ਵੀ ਗਰਮੀ ਦਾ ਪ੍ਰਕੋਪ ਜਾਰੀ ਰਿਹਾ ਅਤੇ ਮਹਾਂਨਗਰ ਲੁਧਿਆਣਾ ਦਾ ਪਾਰਾ ਸਭ ਤੋਂ ਵੱਧ 45.8 ਡਿਗਰੀ ਤੱਕ ਪੁੱਜ ਗਿਆ ਪਰ ਇਸ ਦਰਮਿਆਨ ਡਾ.ਪਵਨੀਤ ਕੌਰ ਕਿੰਗਰਾ ਮੁਖੀ ਮੌਸਮ ਵਿਭਾਗ ਪੀਏਯੂ ਲੁਧਿਆਣਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੂਬੇ ਦੇ ਕੁੱਝ ਜ਼ਿਲ੍ਹਿਆਂ ਵਿੱਚ ਗਰਜ ਅਤੇ ਚਮਕ ਨਾਲ 19 ਅਤੇ 20 ਜੂਨ ਨੂੰ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ।
Publish Date: Wed, 19 Jun 2024 08:02 AM (IST)
Updated Date: Wed, 19 Jun 2024 08:06 AM (IST)

ਪਲਵਿੰਦਰ ਸਿੰਘ ਢੁੱਡੀਕੇ,ਲੁਧਿਆਣਾ: ਬੇਸ਼ੱਕ ਮੰਗਲਵਾਰ ਨੂੰ ਵੀ ਗਰਮੀ ਦਾ ਪ੍ਰਕੋਪ ਜਾਰੀ ਰਿਹਾ ਅਤੇ ਮਹਾਂਨਗਰ ਲੁਧਿਆਣਾ ਦਾ ਪਾਰਾ ਸਭ ਤੋਂ ਵੱਧ 45.8 ਡਿਗਰੀ ਤੱਕ ਪੁੱਜ ਗਿਆ ਪਰ ਇਸ ਦਰਮਿਆਨ ਡਾ.ਪਵਨੀਤ ਕੌਰ ਕਿੰਗਰਾ ਮੁਖੀ ਮੌਸਮ ਵਿਭਾਗ ਪੀਏਯੂ ਲੁਧਿਆਣਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੂਬੇ ਦੇ ਕੁੱਝ ਜ਼ਿਲ੍ਹਿਆਂ ਵਿੱਚ ਗਰਜ ਅਤੇ ਚਮਕ ਨਾਲ 19 ਅਤੇ 20 ਜੂਨ ਨੂੰ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਇਸ ਦੇ ਨਾਲ ਹੀ ਤੇਜ਼ ਹਵਾਵਾਂ ਅਤੇ ਹਨੇਰੀ ਦੀ ਵੀ ਸੰਭਾਵਨਾ ਹੈ। ਵੱਖ ਵੱਖ ਜਿਲ੍ਹਿਆਂ ਵਿੱਚ ਤਾਪਮਾਨ 42 ਡਿਗਰੀ ਅਤੇ ਇਸ ਤੋਂ ਵੱਧ ਵੀ ਰਿਹਾ। ਚੰਡੀਗੜ੍ਹ 43.9, ਅੰਮ੍ਰਿਤਸਰ 45.4, ਪਟਿਆਲੇ 43.8, ਪਠਾਨਕੋਟ 45.4, ਬਠਿੰਡੇ 45.2, ਗੁਰਦਾਸਪੁਰ 43.0, ਫਰੀਦਕੋਟ 44.9, ਫਤਿਹਗੜ੍ਹ ਸਾਹਿਬ 42.4 ਅਤੇ ਫਿਰੋਜ਼ਪੁਰ ਵਿੱਚ 43.8 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ। ਕਹਿਰ ਦੀ ਗਰਮੀ ਦੇ ਮੱਦੇਨਜ਼ਰ ਪੀਏਯੂ ਵੱਲੋਂ ਸਾਵਧਾਨੀਆਂ ਵਰਤਣ ਦੀ ਵੀ ਸਲਾਹ ਦਿੱਤੀ ਗਈ ਹੈ। ਪੀਏਯੂ ਹੈਲਥ ਸੈਂਟਰ, ਲੁਧਿਆਣਾ ਦੇ ਚੀਫ਼ ਮੈਡੀਕਲ ਅਫ਼ਸਰ (ਆਈ/ਸੀ), ਡਾ. ਡੀਐੱਸ. ਪੂਨੀ ਨੇ ਅੱਤ ਦੇ ਗਰਮ ਮੌਸਮ ਵਿੱਚ ਹੀਟ ਸਟ੍ਰੋਕ ਦੀਆਂ ਵਧਦੀਆਂ ਸੰਭਾਵਨਾਵਾਂ 'ਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਹੈ ਕਿ ਠੰਡੇ ਪਾਣੀ ਦੇ ਨਾਲ ਨਾਲ ਲੱਸੀ ਅਤੇ ਨਿੰਬੂ ਪਾਣੀ ਵਰਗੇ ਘਰੇਲੂ ਪੀਣ ਵਾਲੇ ਪਦਾਰਥ ਲੈਣੇ ਚਾਹੀਦੇ ਹਨ। ਸੂਰਜ ਦੀ ਅੱਗ ਦਾ ਮੁਕਾਬਲਾ ਕਰਨ ਲਈ ਉਨ੍ਹਾਂ ਹਲਕੇ ਰੰਗ ਦੇ ਸੂਤੀ ਕੱਪੜੇ ਪਹਿਨਣ ਦਾ ਸੁਝਾਅ ਦਿੱਤਾ ਜੋ ਕਿ ਢਿੱਲੇ ਅਤੇ ਹਲਕੇ ਭਾਰ ਵਾਲੇ ਹੋਣ। ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਘਰਾਂ ਤੋਂ ਬਾਹਰ ਨਾ ਨਿਕਲਿਆ ਜਾਵੇ।