ਹੱਡ ਚੀਰਵੀਂ ਠੰਢ ਨੇ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਲਈ ਮਜਬੂਰ ਕਰ ਦਿੱਤਾ। ਮੌਸਮ ਮਾਹਰਾਂ ਮੁਤਾਬਕ ਲੋਹੜੀ ਤੱਕ ਇਹੀ ਹਾਲਾਤ ਰਹਿਣ ਵਾਲੇ ਹਨ। ਇਸੇ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਸਾਰੇ ਸਕੂਲ 13 ਜਨਵਰੀ ਤੱਕ ਬੰਦ ਰੱਖਣ ਦਾ ਫ਼ੈਸਲਾ ਕੀਤਾ ਹੈ। ਇਸ ਤੋਂ ਪਹਿਲਾਂ ਸੱਤ ਜਨਵਰੀ ਤੱਕ ਸਕੂਲ ਬੰਦ ਰੱਖਣ ਦਾ ਫ਼ੈਸਲਾ ਕੀਤਾ ਗਿਆ ਸੀ।

ਜੇਐੱਨਐੱਨ, ਲੁਧਿਆਣਾ : ਪਹਾੜਾਂ ’ਚ ਲਗਾਤਾਰ ਬਰਫ਼ਬਾਰੀ ਕਾਰਨ ਪੰਜਾਬ ਸਮੇਤ ਪੂਰੇ ਉੱਤਰ ਭਾਰਤ ’ਚ ਠੰਢ ਕਹਿਰ ਢਾਹੁਣ ਲੱਗੀ ਹੈ। ਬੁੱਧਵਾਰ ਨੂੰ ਬਰਫ਼ੀਲੀਆਂ ਹਵਾਵਾਂ ਕਾਰਨ ਪੰਜਾਬ ਦੇ ਕਈ ਜ਼ਿਲ੍ਹੇ ਠੁਰ-ਠੁਰ ਕਰਦੇ ਰਹੇ। ਕਈ ਜ਼ਿਲ੍ਹਿਆਂ ’ਚ ਸੂਰਜ ਗਾਇਬ ਰਿਹਾ ਤੇ ਸੀਤ ਲਹਿਰ ਤੇ ਸੰਘਣੀ ਧੁੰਦ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ। ਹੱਡ ਚੀਰਵੀਂ ਠੰਢ ਨੇ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਲਈ ਮਜਬੂਰ ਕਰ ਦਿੱਤਾ। ਮੌਸਮ ਮਾਹਰਾਂ ਮੁਤਾਬਕ ਲੋਹੜੀ ਤੱਕ ਇਹੀ ਹਾਲਾਤ ਰਹਿਣ ਵਾਲੇ ਹਨ। ਇਸੇ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਸਾਰੇ ਸਕੂਲ 13 ਜਨਵਰੀ ਤੱਕ ਬੰਦ ਰੱਖਣ ਦਾ ਫ਼ੈਸਲਾ ਕੀਤਾ ਹੈ। ਇਸ ਤੋਂ ਪਹਿਲਾਂ ਸੱਤ ਜਨਵਰੀ ਤੱਕ ਸਕੂਲ ਬੰਦ ਰੱਖਣ ਦਾ ਫ਼ੈਸਲਾ ਕੀਤਾ ਗਿਆ ਸੀ।
ਮੌਸਮ ਵਿਭਾਗ ਮੁਤਾਬਕ ਬੁੱਧਵਾਰ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਅੱਤ ਠੰਢੇ ਦਿਨ ਦੀ ਸਥਿਤੀ ਰਹੀ। ਪੰਜਾਬ ਦੇ ਤਿੰਨ ਜ਼ਿਲਿ੍ਹਆਂ ’ਚ ਵੱਧ ਤੋਂ ਵੱਧ ਤਾਪਮਾਨ ਦੱਸ ਡਿਗਰੀ ਸੈਲਸੀਅਤ ਤੱਕ ਹੀ ਰਿਹਾ, ਜਿਹੜਾ ਆਮ ਨਾਲੋਂ ਸੱਤ ਡਿੱਗਰੀ ਘੱਟ ਸੀ। ਸੀਜ਼ਨ ’ਚ ਪਹਿਲੀ ਵਾਰ ਪਹਿਲੀ ਵਾਰ ਇਕੱਠੇ ਤਿੰਨ ਜ਼ਿਲ੍ਹਿਆਂ ’ਚ ਤਾਪਮਾਨ ਏਨਾ ਹੇਠਾਂ ਆਇਆ। ਮੌਸਮ ਕੇਂਦਰ ਚੰਡੀਗੜ੍ਹ ਮੁਤਾਬਕ ਲੁਧਿਆਣਾ ’ਚ ਦਿਨ ਦਾ ਤਾਪਮਾਨ 8.0 ਡਿਗਰੀ ਰਿਹਾ। ਲੁਧਿਆਣਾ ’ਚ ਸਾਲ 2013 ਤੋਂ ਬਾਅਦ ਪਹਿਲੀ ਵਾਰ ਸੱਤ ਦਸੰਬਰ ਨੂੰ ਦਿਨ ਦਾ ਤਾਪਮਾਨ ਏਨਾ ਘੱਟ ਰਿਹਾ। ਇਸੇ ਤਰ੍ਹਾਂ ਅੰਮ੍ਰਿਤਸਰ ’ਚ 10.4, ਫਾਜ਼ਿਲਕਾ ’ਚ 10.0, ਪਟਿਆਲਾ ’ਚ 11.6, ਬਠਿੰਡਾ ’ਚ 11.4, ਫ਼ਰੀਦਕੋਟ ’ਚ 11.4, ਮਾਨਸਾ ’ਚ 11.8 ਚੰਡੀਗੜ੍ਹ, ਐੱਸਬੀਐੱਸ ਨਗਰ, ਗੁਰਦਾਸਪੁਰ ’ਚ ਵੱਧ ਤੋਂ ਵੱਧ ਤਾਪਮਾਨ 13 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਹ ਆਮ ਨਾਲੋਂ ਕਰੀਬ ਸੱਤ ਡਿਗਰੀ ਸੈਲਸੀਅਸ ਘੱਟ ਹੈ।
ਓਧਰ, ਧੁੰਦ ਕਾਰਨ ਅੰਮ੍ਰਿਤਸਰ ਸਥਿਤ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਏਅਰਪੋਰਟ ’ਤੇ ਬੁੱਧਵਾਰ ਦੀ ਸਵੇਰ ਰਾਸ਼ਟਰੀ ਤੇ ਅੰਤਰਰਾਸ਼ਟਰੀ ਉਡਾਣਾਂ ’ਤੇ ਅਸਰ ਪਿਆ। ਦਿੱਲੀ ਤੇ ਪੁਣੇ ਦੀਆਂ ਫਲਾਈਟਾਂ ਰੱਦ ਰਹੀਆਂ ਜਦਕਿ ਦੁਬਈ ਤੋਂ ਫਲਾਈਟ ਤਿੰਨ ਘੰਟੇ ਦੇਰੀ ਨਾਲ ਪੁੱਜੀ।
ਮੌਸਮ ਵਿਭਾਗ ਦੀ ਪੇਸ਼ੀਨਗੋਈ ਮੁਤਾਬਕ ਵੀਰਵਾਰ ਨੂੰ ਪੰਜਾਬ ਦੇ ਕੁਝ ਜ਼ਿਲ੍ਹਿਆਂ ’ਚ ਸੰਘਣੀ ਧੁੰਦ ਪੈ ਸਕਦੀ ਹੈ। ਕੁਝ ਜ਼ਿਲ੍ਹਿਆਂ ’ਚ ਸੀਤ ਲਹਿਰ ਨਾਲ ਅੱਤ ਠੰਢਾ ਦਿਨ ਹੋ ਸਕਦਾ ਹੈ। ਇਸ ਤੋਂ ਬਾਅਦ 13 ਜਨਵਰੀ ਤੱਕ ਕਈ ਜ਼ਿਲ੍ਹਿਆਂ ’ਚ ਸੰਘਣੀ ਧੁੰਦ ਤੇ ਸੀਤ ਲਹਿਰ ਜਾਰੀ ਰਹਿਣ ਦੀ ਸੰਭਾਵਨਾ ਹੈ।
ਓਧਰ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ’ਚ ਪਹਿਲੀ ਵਾਰ ਨੌਂ ਸਥਾਨਾਂ ’ਤੇ ਰਾਤ ਦਾ ਤਾਪਮਾਨ ਸਿਫ਼ਰ ਤੋਂ ਘੱਟ ਦਰਜ ਕੀਤਾ ਗਿਆ। ਸੂਬੇ ’ਚ ਸਭ ਤੋਂ ਘੱਟ ਤਾਪਮਾਨ ਤਾਬੋ ’ਚ ਮਾਈਨਸ 9.4 ਰਿਹਾ। ਇਸ ਦੇ ਨਾਲ ਹੀ ਸੈਲਾਨੀ ਕੇਂਦਰਾਂ ਮਨਾਲੀ ’ਚ ਮਾਈਨਸ 1.4, ਕੁਫਰੀ ’ਚ ਮਾਈਨਸ 1.3, ਸੋਲਨ ’ਚ ਮਾਈਨਸ 1.1 ਡਿਗਰੀ ਸੈਲਸੀਅਸ ਰਿਹਾ। 24 ਮੁੱਖ ਸਥਾਨਾਂ ’ਤੇ ਘੱਟੋ-ਘੱਟ ਤਾਪਮਾਨ ਪੰਜ ਡਿਗਰੀ ਸੈਲਸੀਅਸ ਤੋਂ ਘੱਟ ਰਿਹਾ। ਮੰਡੀ, ਬਿਲਾਸਪੁਰ, ਕਾਂਗੜਾ ਤੇ ਹਮੀਰਪੁਰ ਜ਼ਿਲ੍ਹੇ ’ਚ ਸੀਤ ਲਹਿਰ ਚੱਲੀ। ਪਹਾੜਾਂ ਦੇ ਨਾਲ ਮੈਦਾਨੀ ਖੇਤਰਾਂ ’ਚ ਕੜਾਕੇ ਦੀ ਠੰਢ ਪੈ ਰਹੀ ਹੈ। ਜਿੰਨਾ ਵੱਧ ਮੌਸਮ ਸਾਫ਼ ਹੋ ਰਿਹਾ ਹੈ ਓਨੀ ਰਾਤ ਨੂੰ ਠੰਢ ਪੈ ਰਹੀ ਹੈ। ਮੈਦਾਨੀ ਖੇਤਰਾਂ ’ਚ ਸੰਘਣੀ ਧੁੰਦ ਕਾਰਨ ਵਾਹਨ ਚਾਲਕਾਂ ਨੂੰ ਪਰੇਸ਼ਾਨ ਹੋਣਾ ਪੈ ਰਿਹਾ ਹੈ। ਕਬਾਇਲੀ ਤੇ ਉਚਾਈ ਵਾਲੇ ਇਲਾਕਿਆਂ ’ਚ ਠੰਢ ਵੱਧ ਹੈ।