ਉੱਧਰ, ਪਠਾਨਕੋਟ, ਫ਼ਿਰੋਜ਼ਪੁਰ ਤੇ ਹੁਸ਼ਿਆਰਪੁਰ ਵਿਚ ਰਾਤ ਦਾ ਤਾਪਮਾਨ ਚਾਰ ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦਕਿ ਚੰਡੀਗੜ੍ਹ, ਗੁਰਦਾਸਪੁਰ, ਮਾਨਸਾ, ਰੋਪੜ ਵਿਚ ਤਾਪਮਾਨ ਪੰਜ ਡਿਗਰੀ ਸੈਲਸੀਅਸ ਅਤੇ ਲੁਧਿਆਣਾ, ਪਟਿਆਲਾ, ਮੋਹਾਲੀ ਵਿਚ ਤਾਪਮਾਨ ਛੇ ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ : ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਬੁੱਧਵਾਰ ਨੂੰ ਕੜਾਕੇ ਦੀ ਠੰਢ ਰਹੀ। ਬਠਿੰਡਾ, ਫ਼ਰੀਦਕੋਟ ਤੇ ਅੰਮ੍ਰਿਤਸਰ ਵਿਚ ਰਾਤ ਦਾ ਤਾਪਮਾਨ ਤਿੰਨ ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਪੰਜਾਬ ਵਿਚ ਸਭ ਤੋਂ ਘੱਟ ਰਿਹਾ। ਉੱਧਰ, ਪਠਾਨਕੋਟ, ਫ਼ਿਰੋਜ਼ਪੁਰ ਤੇ ਹੁਸ਼ਿਆਰਪੁਰ ਵਿਚ ਰਾਤ ਦਾ ਤਾਪਮਾਨ ਚਾਰ ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦਕਿ ਚੰਡੀਗੜ੍ਹ, ਗੁਰਦਾਸਪੁਰ, ਮਾਨਸਾ, ਰੋਪੜ ਵਿਚ ਤਾਪਮਾਨ ਪੰਜ ਡਿਗਰੀ ਸੈਲਸੀਅਸ ਅਤੇ ਲੁਧਿਆਣਾ, ਪਟਿਆਲਾ, ਮੋਹਾਲੀ ਵਿਚ ਤਾਪਮਾਨ ਛੇ ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਦੂਜੇ ਪਾਸੇ ਦਿਨ ਦੇ ਤਾਪਮਾਨ ਦੀ ਗੱਲ ਕਰੀਏ ਤਾਂ ਮਾਨਸਾ ਵਿਚ 25.2 ਡਿਗਰੀ, ਪਟਿਆਲਾ, ਚੰਡੀਗੜ੍ਹ, ਰੋਪੜ ਵਿਚ 24 ਡਿਗਰੀ ਸੈਲਸੀਅਸ, ਬਠਿੰਡਾ ਤੇ ਫ਼ਾਜ਼ਿਲਕਾ ਵਿਚ 23 ਡਿਗਰੀ ਅਤੇ ਲੁਧਿਆਣਾ, ਮੋਹਾਲੀ, ਫ਼ਿਰੋਜ਼ਪੁਰ ਤੇ ਪਠਾਨਕੋਟ ਵਿਚ ਤਾਪਮਾਨ 22 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸਾਰੇ ਜ਼ਿਲ੍ਹਿਆਂ ਵਿਚ ਦਿਨ ਦਾ ਤਾਪਮਾਨ ਆਮ ਤੋਂ ਤਿੰਨ ਤੋਂ ਛੇ ਡਿਗਰੀ ਸੈਲਸੀਅਸ ਵੱਧ ਰਿਹਾ। ਮੌਸਮ ਵਿਭਾਗ ਦੀ ਪੇਸ਼ੀਨਗੋਈ ਮੁਤਾਬਕ, ਵੀਰਵਾਰ ਸਵੇਰੇ ਚਾਰ ਵਜੇ ਤੋਂ ਇਕ ਤੇਜ਼ ਗਤੀ ਪੱਛਮੀ ਗੜਬੜੀ ਪੰਜਾਬ ਨੂੰ ਪ੍ਰਭਾਵਿਤ ਕਰੇਗੀ, ਜਿਸ ਨਾਲ ਕਈ ਜ਼ਿਲ੍ਹਿਆਂ ਵਿਚ 50 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਧੂੜ ਭਰੀਆਂ ਹਵਾਵਾਂ ਚੱਲਣ ਅਤੇ ਭਾਰੀ ਮੀਂਹ ਦੇ ਨਾਲ ਗੜੇਮਾਰੀ ਦੀ ਸੰਭਾਵਨਾ ਹੈ। ਕੁਝ ਜ਼ਿਲ੍ਹਿਆਂ ਵਿਚ ਆਮ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਇਹੀ ਸਥਿਤੀ 23 ਤੇ 24 ਜਨਵਰੀ ਨੂੰ ਵੀ ਰਹੇਗੀ। ਇਸ ਨੂੰ ਲੈ ਕੇ ਮੌਸਮ ਵਿਭਾਗ ਨੇ ਆਰੇਂਜ ਅਲਰਟ ਜਾਰੀ ਕੀਤਾ ਹੈ ਜਦਕਿ 25 ਤੋਂ 26 ਜਨਵਰੀ ਤੱਕ ਮੌਸਮ ਸਾਫ਼ ਰਹੇਗਾ। 27 ਜਨਵਰੀ ਤੋਂ ਦੁਬਾਰਾ ਪੱਛਮੀ ਗੜਬੜੀ ਦੇ ਸਰਗਰਮ ਹੋਣ ਨਾਲ ਹਨੇਰੀ ਤੇ ਮੀਂਹ ਪੈ ਸਕਦਾ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਮੌਸਮ ਵਿਚ ਆ ਰਹੀ ਤਬਦੀਲੀ ਨੂੰ ਲੈ ਕੇ ਕਿਸਾਨਾਂ ਨੂੰ ਚੌਕਸ ਕੀਤਾ ਹੈ। ਪੀਏਯੂੀ ਨੇ ਐਡਵਾਇਜ਼ਰੀ ਜਾਰੀ ਕੀਤੀ ਹੈ। ਇਸ ਵਿਚ ਕਿਸਾਨਾਂ ਨੂੰ ਕਿਹਾ ਗਿਆ ਹੈ ਕਿ ਮੌਸਮ ਦੀ ਪੇਸ਼ੀਨਗੋਈ ਨੂੰ ਦੇਖਦੇ ਹੋਏ ਇਸ ਸਮੇਂ ਦੌਰਾਨ ਸਿੰਚਾਈ, ਕੀਟਨਾਸ਼ਕ ਤੇ ਖਾਦ ਆਦਿ ਦਾ ਛਿੜਕਾਅ ਨਾ ਕੀਤਾ ਜਾਵੇ। ਕਿਸਾਨ ਮੀਂਹ ਤੋਂ ਪਹਿਲਾਂ ਸਬਜ਼ੀਆਂ ਤੇ ਫਲਾਂ ਦੀ ਤੁੜਾਈ ਕਰ ਲੈਣ। ਖੇਤਾਂ ਵਿਚ ਪਾਣੀ ਜਮ੍ਹਾਂ ਨਾ ਹੋਣ ਦੇਣ ਅਤੇ ਪਾਣੀ ਦੇ ਰੁਕਣ ਤੋਂ ਬਚਣ ਲਈ ਖੇਤਰ ਵਿਚ ਪਾਣੀ ਦੀ ਸਹੀ ਨਿਕਾਸੀ ਦੇਖ ਲੈਣ।