ਚਿੰਤਾਜਨਕ ਗੱਲ ਇਹ ਹੈ ਕਿ ਇੱਕ ਪਾਸੇ ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਕੜਾਕੇ ਦੀ ਠੰਢ ਅਤੇ ਪਾਰਾ ਹੇਠਾਂ ਜਾਣ ਦੀ ਚਿਤਾਵਨੀ ਲਗਾਤਾਰ ਦਿੱਤੀ ਜਾ ਰਹੀ ਹੈ ਪਰ ਲੁਧਿਆਣਾ ਰੇਲਵੇ ਸਟੇਸ਼ਨ ਦੇ ਇਨ੍ਹਾਂ ਪਲੇਟਫਾਰਮਾ 'ਤੇ ਛੱਤ ਦੀ ਵਿਵਸਥਾ ਨਾ ਹੋਣ ਕਾਰਨ ਹਜ਼ਾਰਾਂ ਦੀ ਗਿਣਤੀ ਵਿੱਚ ਰੋਜ਼ਾਨਾ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਆਉਣ ਜਾਣ ਵਾਲੇ ਯਾਤਰੀਆਂ ਲਈ ਮੁਸੀਬਤ ਵੱਧਦੀ ਜਾ ਰਹੀ ਹੈ।

ਐੱਸਪੀ ਜੋਸ਼ੀ, ਪੰਜਾਬੀ ਜਾਗਰਣ ਲੁਧਿਆਣਾ: ਉੱਤਰੀ ਭਾਰਤ ਵਿੱਚ ਸਰਦੀ ਦੇ ਮੌਸਮ ਦੀ ਸ਼ੁਰੂਆਤ ਕਾਰਨ ਪੈ ਰਹੀ ਕੜਾਕੇ ਦੀ ਠੰਢ ਕਾਰਨ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਰੇਲ ਰਾਹੀਂ ਸਫਰ ਕਰਨ ਵਾਲੇ ਯਾਤਰੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵੱਡਾ ਕਾਰਨ ਸਟੇਸ਼ਨਾਂ ਦੇ ਨਵੀਨੀਕਰਨ ਦੇ ਚੱਲਦੇ ਵੱਖ-ਵੱਖ ਪਲੇਟਫਾਰਮਾਂ ਤੋਂ ਸ਼ੈੱਡ ਹਟਾ ਕੇ ਮੁਰੰਮਤ ਕਾਰਜਾਂ ਦਾ ਚੱਲਣਾ ਹੈ,ਜਿਸ ਕਾਰਨ ਯਾਤਰੀ ਸਰਦੀ ਦੇ ਮੌਸਮ ਵਿੱਚ ਨੀਲੇ ਅਸਮਾਨ ਹੇਠਾਂ ਗੱਡੀਆਂ ਦਾ ਇੰਤਜ਼ਾਰ ਕਰਨ ਨੂੰ ਮਜਬੂਰ ਹਨ। ਉੱਤਰ ਭਾਰਤ ਦੇ ਪ੍ਰਮੁੱਖ ਰੇਲਵੇ ਸਟੇਸ਼ਨਾਂ ਵਿੱਚ ਸ਼ੁਮਾਰ ਲੁਧਿਆਣਾ ਜੰਕਸ਼ਨ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ ਦੋ ਅਤੇ ਤਿੰਨ ਦੀ ਮੁਰੰਮਤ ਚੱਲਣ ਕਾਰਨ ਜ਼ਿਆਦਾਤਰ ਰੇਲਾਂ ਨੂੰ ਪਲੇਟਫਾਰਮ ਨੰਬਰ ਚਾਰ, ਪੰਜ ਅਤੇ ਛੇ ਉੱਪਰ ਰੋਕਿਆ ਜਾ ਰਿਹਾ ਹੈ ਪਰ ਇਨ੍ਹਾ ਪਲੇਟਫਾਰਮਾਂ ਤੇ ਵੀ ਨਿਰਮਾਣ ਕਾਰਜਾਂ ਦੇ ਚੱਲਦੇ ਸ਼ੈੱਡ ਹਟਾਏ ਜਾਣ ਕਾਰਨ ਲੋਕਾਂ ਨੂੰ ਬਿਨਾਂ ਛੱਤ ਰੜੇ ਅਸਮਾਨ ਹੇਠਾਂ ਖੜ੍ਹਨਾ ਪੈ ਰਿਹਾ ਹੈ। ਸਰਦੀ ਦਾ ਸੀਜ਼ਨ ਸ਼ੁਰੂ ਹੋਣ ਸਾਰ ਇਨ੍ਹਾਂ ਪਲੇਟਫਾਰਮਾਂ 'ਤੇ ਆਉਣ ਜਾਣ ਵਾਲੇ ਯਾਤਰੀ ਵਧ ਰਹੀ ਸਰਦੀ ਤੋਂ ਪਰੇਸ਼ਾਨ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਬਰਸਾਤਾਂ ਦੌਰਾਨ ਹਾਲਾਤ ਹੋਰ ਮਾੜੇ ਹੋਣ ਦੇ ਅਸਾਰ ਬਣਦੇ ਜਾ ਰਹੇ ਹਨ। ਚਿੰਤਾਜਨਕ ਗੱਲ ਇਹ ਹੈ ਕਿ ਇੱਕ ਪਾਸੇ ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਕੜਾਕੇ ਦੀ ਠੰਢ ਅਤੇ ਪਾਰਾ ਹੇਠਾਂ ਜਾਣ ਦੀ ਚਿਤਾਵਨੀ ਲਗਾਤਾਰ ਦਿੱਤੀ ਜਾ ਰਹੀ ਹੈ ਪਰ ਲੁਧਿਆਣਾ ਰੇਲਵੇ ਸਟੇਸ਼ਨ ਦੇ ਇਨ੍ਹਾਂ ਪਲੇਟਫਾਰਮਾ 'ਤੇ ਛੱਤ ਦੀ ਵਿਵਸਥਾ ਨਾ ਹੋਣ ਕਾਰਨ ਹਜ਼ਾਰਾਂ ਦੀ ਗਿਣਤੀ ਵਿੱਚ ਰੋਜ਼ਾਨਾ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਆਉਣ ਜਾਣ ਵਾਲੇ ਯਾਤਰੀਆਂ ਲਈ ਮੁਸੀਬਤ ਵੱਧਦੀ ਜਾ ਰਹੀ ਹੈ। ਦੇਸ਼ ਭਰ ਦੇ ਚੁਣੇ ਗਏ ਰੇਲਵੇ ਸਟੇਸ਼ਨਾਂ ਦੇ ਨਵੀਨੀਕਰਨ ਪ੍ਰੋਜੈਕਟਾਂ ਵਿੱਚ ਲੁਧਿਆਣਾ ਰੇਲਵੇ ਸਟੇਸ਼ਨ ਦਾ ਨਾਮ ਸ਼ਾਮਲ ਹੋਣ ਮਗਰੋਂ ਲੁਧਿਆਣਾ ਜੰਕਸ਼ਨ ਰੇਲਵੇ ਸਟੇਸ਼ਨ ਨੂੰ ਨਵੀਂ ਦਿੱਖ ਦੇਣ ਲਈ ਮੁਰੰਮਤ ਕਾਰਜ ਸ਼ੁਰੂ ਕਰ ਦਿੱਤੇ ਗਏ ਸਨ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਅਜੇ ਨਵੀਨੀਕਰਨ ਅਤੇ ਮੁਰੰਮਤ ਦਾ ਕੰਮ ਸਰਦੀ ਖਤਮ ਹੋਣ ਤੋਂ ਬਾਅਦ ਹੀ ਪੂਰਾ ਹੋ ਸਕੇਗਾ। ਅਜਿਹੇ ਹਾਲਾਤਾਂ ਵਿੱਚ ਰੇਲਵੇ ਵਿਭਾਗ ਵੱਲੋਂ ਪਲੇਟਫਾਰਮਾਂ ਉੱਪਰ ਆਰਜੀ ਤੌਰ 'ਤੇ ਛੱਤਾਂ ਲਗਵਾਉਣ ਬਾਰੇ ਵੀ ਕੋਈ ਪਹਿਲ ਕਦਮੀ ਨਹੀਂ ਕੀਤੀ ਗਈ। ਅਜਿਹੇ ਹਾਲਾਤਾਂ ਵਿੱਚ ਮੁਸੀਬਤ ਹੋਰ ਗੰਭੀਰ ਹੋ ਜਾਵੇਗੀ ਜਦੋਂ ਆਉਣ ਵਾਲੇ ਦਿਨਾਂ ਵਿੱਚ ਧੁੰਦ ਅਤੇ ਕੋਹਰੇ ਕਾਰਨ ਤਾਪਮਾਨ ਹੋਰ ਹੇਠਾਂ ਜਾਵੇਗਾ।