Ludhiana Crime : ਠੇਕੇ ਲਾਗੇ ਖੜ੍ਹੀ ਨਵੀਂ ਨਕੋਰ ਕਾਰ ਨੂੰ ਲੱਗੀ ਅੱਗ, CCTV ਫੁਟੇਜ ਦੇਖ ਕੇ ਮਾਲਕ ਦੇ ਉੱਡੇ ਹੋਸ਼
ਥਾਣਾ ਡਾਬਾ ਦੀ ਪੁਲਿਸ ਨੇ ਬਸੰਤ ਨਗਰ ਦੇ ਰਹਿਣ ਵਾਲੇ ਰਾਹੁਲ ਦੀ ਸ਼ਿਕਾਇਤ ਤੇ ਸ਼ਿਮਲਾਪੁਰੀ ਦੇ ਵਾਸੀ ਦਿਲਪ੍ਰੀਤ ਸਿੰਘ ਅਤੇ ਬਸੰਤ ਨਗਰ ਦੇ ਰਹਿਣ ਵਾਲੇ ਦੋ ਸਕੇ ਭਰਾ ਗੁਰਜੀਤ ਸਿੰਘ ਅਤੇ ਜਸਪ੍ਰੀਤ ਸਿੰਘ ਦੇ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ।
Publish Date: Fri, 05 Dec 2025 03:34 PM (IST)
Updated Date: Fri, 05 Dec 2025 03:47 PM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਪੁਰਾਣੀ ਦੁਸ਼ਮਣੀ ਦੇ ਚਲਦਿਆਂ ਕੁਝ ਵਿਅਕਤੀਆਂ ਨੇ ਜੈਨ ਦੇ ਠੇਕੇ ਲਾਗੇ ਖੜ੍ਹੀ ਇਕ ਨਵੀਂ ਨਕੋਰ ਸਵਿਫਟ ਕਾਰ ਉੱਪਰ ਜਲਨਸ਼ੀਲ ਪਦਾਰਥ ਸੁੱਟ ਕੇ ਉਸਨੂੰ ਅੱਗ ਲਗਾ ਦਿੱਤੀ। ਨਵੀਂ ਨਕੋਰ ਕਾਰ ਪੂਰੀ ਤਰ੍ਹਾਂ ਸੜ ਚੁੱਕੀ ਸੀ। ਕੁਝ ਹਫਤੇ ਪਹਿਲੋਂ ਵਾਪਰੀ ਇਸ ਘਟਨਾ ਤੋਂ ਬਾਅਦ ਕਾਰ ਮਾਲਕ ਨੂੰ ਇੰਝ ਜਾਪਿਆ ਕਿ ਇਹ ਮਹਿਜ਼ ਹਾਦਸਾ ਹੈ ਪਰ ਜਿਵੇਂ ਹੀ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਸਾਹਮਣੇ ਆਈ ਤਾਂ ਉਸਦੇ ਹੋਸ਼ ਉੱਡ ਗਏ।
ਮਾਮਲੇ 'ਚ ਥਾਣਾ ਡਾਬਾ ਦੀ ਪੁਲਿਸ ਨੇ ਬਸੰਤ ਨਗਰ ਦੇ ਰਹਿਣ ਵਾਲੇ ਰਾਹੁਲ ਦੀ ਸ਼ਿਕਾਇਤ ਤੇ ਸ਼ਿਮਲਾਪੁਰੀ ਦੇ ਵਾਸੀ ਦਿਲਪ੍ਰੀਤ ਸਿੰਘ ਅਤੇ ਬਸੰਤ ਨਗਰ ਦੇ ਰਹਿਣ ਵਾਲੇ ਦੋ ਸਕੇ ਭਰਾ ਗੁਰਜੀਤ ਸਿੰਘ ਅਤੇ ਜਸਪ੍ਰੀਤ ਸਿੰਘ ਦੇ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਰਾਹੁਲ ਨੇ ਦੱਸਿਆ ਕਿ ਉਸਨੇ ਕੁਝ ਹਫਤੇ ਪਹਿਲਾਂ ਆਪਣੀ ਨਵੇਂ ਮਾਡਲ ਦੀ ਸਵਿਫਟ ਕਾਰ ਜੈਨ ਠੇਕੇ ਲਾਗੇ ਖੜ੍ਹੀ ਕੀਤੀ ਹੋਈ ਸੀ। ਰਾਤ ਵੇਲੇ ਉਸ ਨੂੰ ਜਾਣਕਾਰੀ ਮਿਲੀ ਕਿ ਉਸ ਦੀ ਕਾਰ ਨੂੰ ਅੱਗ ਲੱਗ ਚੁੱਕੀ ਹੈ। ਮੌਕੇ 'ਤੇ ਪਹੁੰਚੇ ਰਾਹੁਲ ਨੇ ਦੇਖਿਆ ਕਿ ਕਰ ਪੂਰੀ ਤਰ੍ਹਾਂ ਸੜ ਰਹੀ ਸੀ। ਲੋਕਾਂ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ।
ਸਾਰਾ ਮਾਮਲਾ ਪੁਲਿਸ ਦੇ ਧਿਆਨ 'ਚ ਲਿਆਂਦਾ ਗਿਆ। ਰਾਹੁਲ ਨੂੰ ਪਹਿਲੋਂ ਇੰਝ ਜਾਪਿਆ ਕਿ ਇਹ ਮਹਿਜ਼ ਹਾਦਸਾ ਹੈ। ਉਸ ਨੂੰ ਲੱਗਿਆ ਕਿ ਇਹ ਹਾਦਸਾ ਸ਼ਾਰਟ ਸਰਕਟ ਕਾਰਨ ਵਾਪਰਿਆ ਹੋਵੇਗਾ। ਪਰ ਹੁਣ ਜਿਵੇਂ ਹੀ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਸਾਹਮਣੇ ਆਈ ਤਾਂ ਉਸਦੇ ਹੋਸ਼ ਉੱਡ ਗਏ। ਰਾਹੁਲ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਕਿ ਪੁਰਾਣੀ ਰੰਜਿਸ਼ ਦੇ ਚਲਦਿਆਂ ਉਕਤ ਵਿਅਕਤੀਆਂ ਨੂੰ ਅੱਗ ਲਗਾਈ ਹੈ। ਉਧਰੋਂ ਹੀ ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਡਾਬਾ ਦੇ ਏਐਸਆਈ ਰੇਸ਼ਮ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮੁਲਜ਼ਮਾਂ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ।ਰੇਸ਼ਮ ਸਿੰਘ ਦੇ ਮੁਤਾਬਕ ਸ਼ਿਕਾਇਤਕਰਤਾ ਦੀ ਕਾਰ ਪੂਰੀ ਤਰ੍ਹਾਂ ਸੜ ਗਈ ਹੈ। ੍ਰ