ਜਾਣਕਾਰੀ ਤੋਂ ਬਾਅਦ ਥਾਣਾ ਪੀਏਯੂ ਦੀ ਪੁਲਿਸ ਨੇ ਛੋਟੀ ਹੈਬੋਵਾਲ ਵਿੱਚ ਨਾਕਾਬੰਦੀ ਕਰਕੇ ਮੁਲਜ਼ਮ ਨੂੰ ਪਿਸਤੌਲ, ਕਾਰਤੂਸ ਅਤੇ 50,000 ਦੀ ਨਕਦੀ ਸਮੇਤ ਹਿਰਾਸਤ ਵਿੱਚ ਲਿਆ। ਪੁਲਿਸ ਨੇ ਮੁਲਜ਼ਮ ਖਿਲਾਫ ਅਸਲਾ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਨਾਜਾਇਜ਼ ਅਸਲੇ ਦੀ ਵਰਤੋਂ ਕਰਕੇ ਸਮਾਜ ਵਿੱਚ ਦਹਿਸ਼ਤ ਫੈਲਾਉਣ ਵਾਲੇ ਮੁਲਜਮਾਂ ਨੂੰ ਬਿਲਕੁਲ ਵੀ ਬਖਸ਼ਿਆ ਨਹੀਂ ਜਾਵੇਗਾ।
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ: ਅਪਰਾਧ ਦੀ ਰਾਜਧਾਨੀ ਬਣ ਚੁੱਕੇ ਲੁਧਿਆਣਾ ਵਿੱਚ ਨਾਜਾਇਜ਼ ਹਥਿਆਰਾਂ ਦੀ ਧੜੱਲੇ ਨਾਲ ਵਰਤੋਂ ਹੋ ਰਹੀ ਹੈ। ਬੀਤੀ ਰਾਤ ਜਿੱਥੇ ਲੁਧਿਆਣਾ ਦੀ ਫਿਰੋਜ਼ਗਾਂਧੀ ਮਾਰਕੀਟ ਵਿੱਚ ਕੁਝ ਬਦਮਾਸ਼ਾਂ ਨੇ ਬੈਂਕ ਮੈਨੇਜਰ ਦੇ ਮੋਢੇ 'ਤੇ ਗੋਲੀ ਮਾਰ ਦਿੱਤੀ, ਉਥੇ ਇਕ ਨੌਜਵਾਨ ਨੇ ਮੁੰਡੀਆਂ ਖੁਰਦ ਇਲਾਕੇ ਵਿੱਚ ਪਿਸਤੌਲ ਦੀ ਨੋਕ 'ਤੇ ਇੱਕ ਸਕੂਟਰ ਲੁੱਟ ਲਿਆ। ਇਕ ਹੋਰ ਮਾਮਲੇ ਵਿੱਚ ਗੁਪਤ ਸੂਚਨਾ ਦੇ ਅਧਾਰ 'ਤੇ ਥਾਣਾ ਪੀਏਯੂ ਦੀ ਪੁਲਿਸ ਨੇ ਹੋਣ ਵਾਲੀ ਇਕ ਵੱਡੀ ਵਾਰਦਾਤ ਨੂੰ ਟਾਲਦਿਆਂ ਛੋਟੀ ਹੈਬੋਵਾਲ ਇਲਾਕੇ 'ਚੋਂ ਨਾਜਾਇਜ਼ ਹਥਿਆਰਾਂ ਸਮੇਤ ਇਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪਹਿਲੀ ਵਾਰਦਾਤ ਬੀਤੀ ਰਾਤ ਨੂੰ ਫਿਰੋਜ਼ਗਾਂਧੀ ਦੀ ਮਾਰਕੀਟ ਵਿੱਚ ਵਾਪਰੀ। ਫਿਰੋਜ਼ਗਾਂਧੀ ਮਾਰਕੀਟ ਸਥਿਤ ਇੱਕ ਪ੍ਰਾਈਵੇਟ ਬੈਂਕ ਦੇ ਬਾਹਰ ਮੋਟਰਸਾਈਕਲ ਸਵਾਰ ਦੋ ਬਦਮਾਸ਼ਾਂ ਨੇ ਬੈਂਕ ਮੈਨੇਜਰ ਨੂੰ ਗੋਲੀ ਮਾਰ ਦਿੱਤੀ। ਗੋਲੀ ਮੈਨੇਜਰ ਦੇ ਸੱਜੇ ਮੋਢੇ 'ਤੇ ਲੱਗੀ ਅਤੇ ਉਹ ਗੰਭੀਰ ਰੂਪ ਵਿੱਚ ਫੱਟੜ ਹੋ ਗਿਆ। ਜ਼ਖਮੀ ਹੋਏ ਬੈਂਕ ਮੈਨੇਜਰ ਦੀ ਪਛਾਣ ਪੱਖੋਵਾਲ ਰੋਡ ਦੇ ਵਾਸੀ ਵਿਸ਼ਾਲ ਬਾਂਸਲ ਵਜੋਂ ਹੋਈ ਹੈ। ਬਾਂਸਲ ਨੂੰ ਆਲੇ ਦੁਆਲੇ ਦੇ ਲੋਕਾਂ ਨੇ ਸਿਵਲ ਹਸਪਤਾਲ ਦਾਖਲ ਕਰਵਾਇਆ ਜਿੱਥੋਂ ਉਸਨੂੰ ਡੀਐਮਸੀ ਰੈਫਰ ਕਰ ਦਿੱਤਾ ਗਿਆ। ਬੈਂਕ ਮੈਨੇਜਰ ਨੇ ਦੱਸਿਆ ਕਿ ਉਹ ਬੀਤੀ ਰਾਤ 9 ਵਜੇ ਦੇ ਕਰੀਬ ਆਪਣਾ ਕੰਮ ਖਤਮ ਕਰਕੇ ਜਿਵੇਂ ਹੀ ਗੱਡੀ ਵਿੱਚ ਬੈਠਣ ਲੱਗਾ ਤਾਂ ਮੋਟਰਸਾਈਕਲ ਸਵਾਰਾਂ ਨੇ ਉਸ ਉੱਪਰ ਗੋਲੀ ਚਲਾ ਦਿੱਤੀ। ਬਦਮਾਸ਼ਾਂ ਵੱਲੋਂ ਕੀਤਾ ਗਿਆ ਦੂਸਰਾ ਫਾਇਰ ਮਿਸ ਹੋ ਗਿਆ ਜਦ ਕਿ ਇੱਕ ਗੋਲੀ ਉਸਦੇ ਮੋਢੇ ਵਿੱਚ ਲੱਗ ਗਈ। ਬੈਂਕ ਮੈਨੇਜਰ ਨੇ ਰੌਲਾ ਪਾਇਆ ਜਿਸ ਤੋਂ ਬਾਅਦ ਬਦਮਾਸ਼ ਮੌਕੇ ਤੋਂ ਫਰਾਰ ਹੋ ਗਏ। ਇਹ ਸਾਰੇ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲਿਸ ਕੇਸ ਦੀ ਪੜਤਾਲ ਕਰ ਰਹੀ ਹੈ। ਮੈਨੇਜਰ ਤੇ ਹਮਲਾ ਕਿਉਂ ਹੋਇਆ ਇਸ ਦੀ ਜਾਂਚ ਕੀਤੀ ਜਾ ਰਹੀ ਹੈ।
ਗੋਲੀ ਮਾਰਨ ਦੀ ਧਮਕੀ ਦੇ ਕੇ ਲੁੱਟਿਆ ਸਕੂਟਰ
ਇਸੇ ਤਰ੍ਹਾਂ ਮੁੰਡੀਆਂ ਖੁਰਦ ਇਲਾਕੇ ਵਿੱਚ ਵਾਪਰੀ ਇੱਕ ਵਾਰਦਾਤ ਦੇ ਦੌਰਾਨ ਇਕ ਬਦਮਾਸ਼ ਨੇ ਗੋਲੀ ਮਾਰਨ ਦੀ ਧਮਕੀ ਦੇ ਕੇ ਰਾਹਗੀਰ ਕੋਲੋਂ ਉਸਦਾ ਸਕੂਟਰ ਲੁੱਟ ਲਿਆ। ਥਾਣਾ ਜਮਾਲਪੁਰ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਪਿੰਡ ਮੁੰਡੀਆਂ ਦੇ ਰਹਿਣ ਵਾਲੇ ਇੰਦਰਪਾਲ ਸਿੰਘ ਨੇ ਦੱਸਿਆ ਕਿ ਉਹ ਆਪਣੇ ਹੀਰੋ ਐਕਟੀਵਾ ਸਕੂਟਰ ਤੇ ਸਵਾਰ ਹੋ ਕੇ ਕੰਮਕਾਜ ਸਬੰਧੀ ਸ਼ਹਿਰ ਵੱਲ ਜਾ ਰਿਹਾ ਸੀ। ਜਿਵੇਂ ਹੀ ਉਹ ਐਸਐਸ ਪ੍ਰਾਪਰਟੀ ਦੇ ਦਫਤਰ ਦੇ ਸਾਹਮਣੇ ਪਹੁੰਚਿਆ ਤਾਂ ਇੱਕ ਨੌਜਵਾਨ ਨੇ ਉਸਨੂੰ ਰੋਕ ਕੇ ਪਿਸਤੌਲ ਕੱਢ ਲਈ। ਮੁਲਜਮ ਨੇ ਪਿਸਤੌਲ ਦੀ ਨੋਕ 'ਤੇ ਡਰਾ ਧਮਕਾ ਕੇ ਉਸਦਾ ਐਕਟੀਵਾ ਸਕੂਟਰ ਖੋਹ ਲਿਆ। ਧਮਕੀਆਂ ਦਿੰਦਾ ਹੋਇਆ ਮੁਲਜ਼ਮ ਸਕੂਟਰ ਲੁੱਟ ਕੇ ਫਰਾਰ ਹੋ ਗਿਆ। ਇਸੇ ਤਰ੍ਹਾਂ ਦੇ ਇੱਕ ਹੋਰ ਮਾਮਲੇ ਵਿੱਚ ਥਾਣਾ ਮੋਤੀ ਨਗਰ ਦੀ ਪੁਲਿਸ ਨੇ ਪਿੰਡ ਨੂਰਪੁਰ ਕਪੂਰਥਲਾ ਦੇ ਰਹਿਣ ਵਾਲੇ ਜਰਨੈਲ ਸਿੰਘ ਉਰਫ ਜੈਲੀ ਉਰਫ ਹੈਪੀਵੀਰ ਦੇ ਖਿਲਾਫ ਲੁੱਟ ਅਤੇ ਅਸਲਾ ਐਕਟ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਏਐਸਆਈ ਵਿਜੇ ਕੁਮਾਰ ਨੇ ਦੱਸਿਆ ਕਿ ਪੁਲਿਸ ਨੂੰ ਇਤਲਾਹ ਮਿਲੀ ਕਿ ਮੁਲਜ਼ਮ ਜਰਨੈਲ ਸਿੰਘ ਨੇ ਲੁਧਿਆਣਾ ਦੇ ਮੁੰਡੀਆਂ ਇਲਾਕੇ ਵਿੱਚ ਹਵਾਈ ਫਾਇਰ ਕਰਕੇ ਇੱਕ ਵਿਅਕਤੀ ਕੋਲੋਂ ਸਕੂਟਰ ਲੁੱਟਿਆ ਹੈ। ਪੁਲਿਸ ਨੂੰ ਇਹ ਵੀ ਜਾਣਕਾਰੀ ਮਿਲੀ ਕਿ ਮੁਲਜ਼ਮ ਇਸ ਵੇਲੇ ਕਿਸੇ ਹੋਰ ਵਾਰਦਾਤ ਨੂੰ ਅੰਜਾਮ ਦੇਣ ਲਈ ਚੰਡੀਗੜ੍ਹ ਰੋਡ ਦੇ ਸੈਕਟਰ 38 ਵਿੱਚ ਘੁੰਮ ਰਿਹਾ ਹੈ। ਸੂਚਨਾ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ ਮੁਲਜ਼ਮ ਜਰਨੈਲ ਸਿੰਘ ਉਰਫ ਜੈਲੀ ਦੇ ਖਿਲਾਫ ਮੁਕਦਮਾ ਦਰਜ ਕਰਕੇ ਉਸਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।
ਨਾਜਾਇਜ਼ ਹਥਿਆਰ ਅਤੇ ਜ਼ਿੰਦਾ ਕਾਰਤੂਸਾਂ ਸਮੇਤ ਮੁਲਜ਼ਮ ਕੀਤਾ ਕਾਬੂ
ਨਾਜਾਇਜ਼ ਹਥਿਆਰਾਂ ਦੀ ਵਰਤੋਂ ਖਿਲਾਫ ਲੁਧਿਆਣਾ ਪੁਲਿਸ ਵੀ ਸਖਤ ਹੁੰਦੀ ਨਜ਼ਰ ਆ ਰਹੀ ਹੈ। ਲੁਧਿਆਣਾ ਦੇ ਥਾਣਾ ਪੀਏਯੂ ਦੀ ਪੁਲਿਸ ਨੇ ਨਿਊ ਅਸ਼ੋਕ ਨਗਰ ਜੱਸੀਆਂ ਰੋਡ ਦੇ ਵਾਸੀ ਲਵ ਕੁਮਾਰ ਉਰਫ ਸਿਬੂ ਨੂੰ 32 ਬੋਰ ਦੀ ਪਿਸਤੌਲ, ਦੋ ਜ਼ਿੰਦਾ ਕਾਰਤੂਸ ਅਤੇ 50 ਹਜ਼ਾਰ ਰੁਪਏ ਦੀ ਨਕਦੀ ਸਮੇਤ ਹਿਰਾਸਤ ਵਿੱਚ ਲਿਆ ਹੈ। ਜਾਣਕਾਰੀ ਦਿੰਦਿਆਂ ਏਐਸਆਈ ਲਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਨੂੰ ਭਰੋਸੇਯੋਗ ਸੂਤਰਾਂ ਕੋਲੋਂ ਜਾਣਕਾਰੀ ਮਿਲੀ ਕਿ ਮੁਲਜ਼ਮ ਲਵ ਕੁਮਾਰ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਲਈ ਹਥਿਆਰ ਸਮੇਤ ਇਲਾਕੇ ਵਿੱਚ ਘੁੰਮ ਰਿਹਾ ਹੈ। ਜਾਣਕਾਰੀ ਤੋਂ ਬਾਅਦ ਥਾਣਾ ਪੀਏਯੂ ਦੀ ਪੁਲਿਸ ਨੇ ਛੋਟੀ ਹੈਬੋਵਾਲ ਵਿੱਚ ਨਾਕਾਬੰਦੀ ਕਰਕੇ ਮੁਲਜ਼ਮ ਨੂੰ ਪਿਸਤੌਲ, ਕਾਰਤੂਸ ਅਤੇ 50,000 ਦੀ ਨਕਦੀ ਸਮੇਤ ਹਿਰਾਸਤ ਵਿੱਚ ਲਿਆ। ਪੁਲਿਸ ਨੇ ਮੁਲਜ਼ਮ ਖਿਲਾਫ ਅਸਲਾ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਨਾਜਾਇਜ਼ ਅਸਲੇ ਦੀ ਵਰਤੋਂ ਕਰਕੇ ਸਮਾਜ ਵਿੱਚ ਦਹਿਸ਼ਤ ਫੈਲਾਉਣ ਵਾਲੇ ਮੁਲਜਮਾਂ ਨੂੰ ਬਿਲਕੁਲ ਵੀ ਬਖਸ਼ਿਆ ਨਹੀਂ ਜਾਵੇਗਾ।