ਉਨ੍ਹਾਂ ਦੇ ਲੇਖਕ ਦੋਸਤ ਅਜੀਤ ਪਿਆਸਾ ਨੇ ਦੇਵ ਨਾਲ ਬਿਤਾਏ ਪਲਾਂ ਦੀ ਸਾਂਝ ਪਾਉਂਦਿਆਂ ਕਿਹਾ ਕਿ ਦੇਵ ਕਾਲੇ ਰੰਗ ਦੇ ਕੱਪੜੇ ਪਾਉਣਾ ਪਸੰਦ ਕਰਦੇ ਸਨ ਅਤੇ ਜ਼ਿਆਦਾਤਰ ਇਕੱਲੇ ਰਹਿ ਕੇ ਖੁਸ਼ ਸਨ। ਉਨ੍ਹਾਂ ਦੇ ਇਸ ਸ਼ੌਕ ਕਾਰਨ ਉਹ ਅਕਸਰ ਉਨ੍ਹਾਂ ਨੂੰ ਨਿਰਮੋਹਾ ਕਹਿ ਕੇ ਬੁਲਾਉਂਦੇ ਸਨ।

ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਜਗਰਾਓਂ ਦੇ ਸੰਸਾਰ ਪ੍ਰਸਿੱਧ ਚਿੱਤਰਕਾਰ ਅਤੇ ਲੇਖਕ ‘ਦੇਵ’ ਨੇ ਇਸੇ ਮਹੀਨੇ ਵਿਦੇਸ਼ ਤੋਂ ਜਗਰਾਓਂ ਆਉਣਾ ਸੀ। ਅੱਜ ਜਦੋਂ ਉਨ੍ਹਾਂ ਦੇ ਵਿਛੋੜੇ ਦਾ ਜਿਗਰੀ ਯਾਰਾਂ ਨੂੰ ਪਤਾ ਲੱਗਾ ਤਾਂ ਉਹ ਅੱਖਾਂ ਭਰ ਉਨ੍ਹਾਂ ਨੂੰ ਯਾਦ ਕਰਦੇ ਉਦਾਸ ਹੋ ਗਏ। ਬਚਪਨ ਦੇ ਦੋਸਤ ਅਤੇ ਲੇਖਕ ਅਜੀਤ ਪਿਆਸਾ ਨੇ ਕਿਹਾ ਕਿ ਯਾਰਾ ਆਉਣਾ ਤਾਂ ਜਗਰਾਓਂ ਸੀ, ਤੂੰ ਤਾਂ ਜਹਾਨੋਂ ਤੁਰ ਗਿਆ।’’ ਚਿੱਤਰਕਾਰ ਅਤੇ ਲੇਖਕ ਦੇਵ ਦੀ ਅਦਭੁੱਤ ਕਲਾਕਾਰੀ ਕਾਰਨ ਚਾਹੇ ਪੂਰਾ ਸੰਸਾਰ ਜਾਣਦਾ ਸੀ ਪਰ ਉਹ ਇਕੱਲੇ ਰਹਿਣਾ ਪਸੰਦ ਕਰਦੇ ਸਨ। ਕਾਲੇ ਰੰਗ ਦਾ ਪਹਿਰਾਵਾ ਪਾਉਣਾ ਪਸੰਦ ਕਰਦੇ ਦੇਵ ਨੂੰ ਜਗਰਾਓਂ ਦਾ ਗੋਲੀ ਵਾਲਾ ਬੱਤਾ ਬੇਹਦ ਪਸੰਦ ਸੀ। ਜਗਰਾਓਂ ਦੇ ਝਾਂਸੀ ਰਾਣੀ ਚੌਕ ਰੋਡ ਸਥਿਤ ਪਾਣੀ ਵਾਲੀ ਟੈਂਕੀ ਦੇ ਸਾਹਮਣੇ ਦੇਵ ਦਾ ਘਰ ਅੱਜ ਵੀ ਉਸ ਦੀਆਂ ਬਚਪਨ ਦੀਆਂ ਯਾਦਾਂ ਨੂੰ ਸਮੇਟੀ ਬੈਠਾ ਹੈ। ਘਰ ਵਿਚ ਉਨ੍ਹਾਂ ਦੀ ਭੈਣ ਆਪਣੇ ਪਰਿਵਾਰ ਨਾਲ ਰਹਿੰਦੀ ਹੈ।
ਉਨ੍ਹਾਂ ਦੇ ਲੇਖਕ ਦੋਸਤ ਅਜੀਤ ਪਿਆਸਾ ਨੇ ਦੇਵ ਨਾਲ ਬਿਤਾਏ ਪਲਾਂ ਦੀ ਸਾਂਝ ਪਾਉਂਦਿਆਂ ਕਿਹਾ ਕਿ ਦੇਵ ਕਾਲੇ ਰੰਗ ਦੇ ਕੱਪੜੇ ਪਾਉਣਾ ਪਸੰਦ ਕਰਦੇ ਸਨ ਅਤੇ ਜ਼ਿਆਦਾਤਰ ਇਕੱਲੇ ਰਹਿ ਕੇ ਖੁਸ਼ ਸਨ। ਉਨ੍ਹਾਂ ਦੇ ਇਸ ਸ਼ੌਕ ਕਾਰਨ ਉਹ ਅਕਸਰ ਉਨ੍ਹਾਂ ਨੂੰ ਨਿਰਮੋਹਾ ਕਹਿ ਕੇ ਬੁਲਾਉਂਦੇ ਸਨ। ਉਨ੍ਹਾਂ ਦੱਸਿਆ ਕਿ ਦੇਵ ਇੰਗਲੈਂਡ ਸੈਟਲ ਹੋਣ ਤੋਂ ਬਾਅਦ ਕਈ ਵਾਰ ਇੰਡੀਆ ਆਏ ਤਾਂ ਜਗਰਾਓਂ ਵੀ ਆਉਂਦੇ ਸਨ। ਦੇਵ ਉਨ੍ਹਾਂ ਨਾਲ ਪੈਦਲ ਹੀ ਸੈਰ ’ਤੇ ਨਿਕਲ ਪੈਂਦੇ ਸਨ। ਜਗਰਾਓਂ ਦੇ ਅਨਾਰਕਲੀ ਬਾਜ਼ਾਰ ਦੇ ਮਸ਼ਹੂਰ ਕਿਸ਼ਨ ਸੋਢੇ ਵਾਲੇ ਦਾ ਗੋਲੀ ਵਾਲਾ ਬੱਤਾ ਜ਼ਰੂਰ ਪੀਂਦੇ ਸਨ। ਉਨ੍ਹਾਂ ਦੱਸਿਆ ਕਿ ਬਹੁਤ ਅਰਸੇ ਬਾਅਦ 4 ਸਾਲ ਪਹਿਲਾਂ ਜਦੋਂ ਦੇਵ ਇੰਗਲੈਂਡ ਤੋਂ ਜਗਰਾਓਂ ਆਏ ਤਾਂ ਉਨ੍ਹਾਂ ਉਸ ਦੇ ਆਉਣ ਦੀ ਖੁਸ਼ੀ ਵਿਚ ਆਪਣੇ ਘਰ ਵਿਖੇ ਸਵਾਗਤੀ ਸਮਾਗਮ ਰੱਖਿਆ। ਸੰਸਾਰ ਦੇ ਪ੍ਰਸਿੱਧ ਚਿੱਤਰਕਾਰ ਅਤੇ ਲੇਖਕ ਦੋਸਤ ਦੇ ਜਗਰਾਓਂ ਆਉਣ ’ਤੇ ਤੇਲ ਚੋਇਆ, ਸਨਮਾਨਿਤ ਕੀਤਾ ਅਤੇ ਫਿਰ ਜੀਵਨ ਦੀਆਂ ਯਾਦਾਂ ਨੂੰ ਵੀ ਯਾਦ ਕੀਤਾ। ਦੇਵ ਦਾ ਫੋਨ ਅਕਸਰ ਆਉਂਦਾ ਸੀ, ਸਾਹਿਤਕ ਸਾਂਝ ਦੇ ਨਾਲ ਨਾਲ ਦੁਨੀਆਵੀ ਗੱਲਾਂ ਅਤੇ ਹਾਸਾ ਢਿੱਠਾ ਵੀ ਕਰਦੇ ਸਨ। ਉਨ੍ਹਾਂ ਦੱਸਿਆ ਕਿ ਅਜੇ ਕੱਲ੍ਹ ਹੀ ਉਨ੍ਹਾਂ ਦੇ ਦੋਸਤ ਹਰਜੀਤ ਸਿੰਘ ਦਾ ਜਲੰਧਰ ਤੋਂ ਫੋਨ ਆਇਆ, ਜਿਨ੍ਹਾਂ ਦੱਸਿਆ ਕਿ ਦੇਵ ਨਾਲ ਗੱਲ ਹੋਈ ਹੈ, ਉਹ ਇੰਗਲੈਂਡ ਤੋਂ ਇਸੇ ਮਹੀਨੇ ਇੰਡੀਆ ਆ ਰਿਹਾ ਹੈ। ਫਿਰ ਉਹ ਦੋਵੇਂ ਜਗਰਾਓਂ ਆਉਣਗੇ। ਅਜੀਤ ਪਿਆਸਾ ਨੇ ਦੱਸਿਆ ਕਿ ਹਰਜੀਤ ਸਿੰਘ ਫਿਲਮੀ ਡਾਇਰੈਕਟਰ ਹਨ ਅਤੇ ਉਹ ਵੀ ਜਗਰਾਓਂ ਦੇ ਹੀ ਰਹਿਣ ਵਾਲੇ ਹਨ। ਹਰਜੀਤ ਦੇ ਫੋਨ ਤੋਂ ਬਾਅਦ ਅਜੇ ਉਹ ਦੇਵ ਦੇ ਆਉਣ ਦੀ ਰਾਹ ਹੀ ਦੇਖਦੇ ਸਨ ਕਿ ਅੱਜ ਉਸ ਦੇ ਵਿਛੋੜੇ ਦੀ ਖ਼ਬਰ ਨੇ ਗ਼ਮਗੀਨ ਕਰ ਦਿੱਤਾ।