ਲੁਧਿਆਣਾ 'ਚ ਦਿਲ ਦਹਲਾਉਣ ਵਾਲੀ ਘਟਨਾ, ਸਨਕੀ ਪਿਓ ਨੇ ਸਾਢੇ ਤਿੰਨ ਸਾਲ ਦੇ ਪੁੱਤਰ ਨੂੰ ਸੁੱਟਿਆ ਮਾਲ-ਗੱਡੀ ਸਾਹਮਣੇ , ਲੋਕੋ ਪਾਇਲਟ ਸਦਕਾ ਬਚਾਅ
ਪ੍ਰਾਪਤ ਜਾਣਕਾਰੀ ਮੁਤਾਬਕ ਮਾਲ-ਗੱਡੀ ਦੇ ਰੇਲ ਡਰਾਈਵਰ ਵਿਸ਼ਾਲ ਅਰੋੜਾ ਰੇਲਵੇ ਹੈੱਡਕੁਆਰਟਰ ਅੰਬਾਲਾ ਵਿਚ ਲੋਕੋ ਪਾਇਲਟ ਦੇ ਤੌਰ 'ਤੇ ਤਾਇਨਾਤ ਹਨ। ਉਹ ਸ਼ੁੱਕਰਵਾਰ ਨੂੰ ਰੇਲਵੇ ਸਟੇਸ਼ਨ ਮੋਰਿੰਡਾ ਤੋਂ ਮਾਲ-ਗੱਡੀ ਲੈ ਕੇ ਲੁਧਿਆਣਾ ਆ ਰਹੇ ਸਨ।
Publish Date: Sun, 14 Dec 2025 10:16 AM (IST)
Updated Date: Sun, 14 Dec 2025 10:23 AM (IST)
ਜਾਗਰਣ ਸੰਵਾਦਦਾਤਾ, ਲੁਧਿਆਣਾ : ਸ਼ਹਿਰ ਵਿਚ ਦਿਲ ਦਹਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਇਕ ਸਨਕੀ ਵਿਅਕਤੀ ਨੇ ਆਪਣੇ ਹੀ ਸਾਢੇ ਤਿੰਨ ਸਾਲ ਦੇ ਪੁੱਤਰ ਨੂੰ ਜਾਨ ਨਾਲ ਮਾਰਨ ਦੀ ਨੀਅਤ ਨਾਲ ਚੱਲਦੀ ਮਾਲ-ਗੱਡੀ ਦੇ ਸਾਹਮਣੇ ਫੈਂਕ ਦਿੱਤਾ। ਖੁਸ਼ਕਿਸਮਤੀ ਨਾਲ, ਲੋਕੋ ਪਾਇਲਟ ਦੀ ਚੌਕਸੀ ਤੇ ਸੂਝਬੂਝ ਨਾਲ ਟ੍ਰੇਨ ਰੋਕ ਦਿੱਤੀ ਗਈ, ਜਿਸ ਕਾਰਨ ਬੱਚੇ ਦੀ ਜ਼ਿੰਦਗੀ ਬੱਚ ਗਈ।
ਪ੍ਰਾਪਤ ਜਾਣਕਾਰੀ ਮੁਤਾਬਕ ਮਾਲ-ਗੱਡੀ ਦੇ ਰੇਲ ਡਰਾਈਵਰ ਵਿਸ਼ਾਲ ਅਰੋੜਾ ਰੇਲਵੇ ਹੈੱਡਕੁਆਰਟਰ ਅੰਬਾਲਾ ਵਿਚ ਲੋਕੋ ਪਾਇਲਟ ਦੇ ਤੌਰ 'ਤੇ ਤਾਇਨਾਤ ਹਨ। ਉਹ ਸ਼ੁੱਕਰਵਾਰ ਨੂੰ ਰੇਲਵੇ ਸਟੇਸ਼ਨ ਮੋਰਿੰਡਾ ਤੋਂ ਮਾਲ-ਗੱਡੀ ਲੈ ਕੇ ਲੁਧਿਆਣਾ ਆ ਰਹੇ ਸਨ। ਜਦੋਂ ਰੇਲ ਗੱਡੀ ਲੁਧਿਆਣਾ ਰੇਲਵੇ ਸਟੇਸ਼ਨ ਲਾਗੇ ਪਹੁੰਚੀ ਤਾਂ ਇਕ ਜਣੇ ਨੇ ਅਚਾਨਕ ਆਪਣੇ ਛੋਟੇ ਬੱਚੇ ਨੂੰ ਮਾਲ-ਗੱਡੀ ਦੇ ਸਾਹਮਣੇ ਸੁੱਟ ਦਿੱਤਾ। ਘਟਨਾ ਨੂੰ ਦੇਖਦੇ ਹੀ ਲੋਕੋ ਪਾਇਲਟ ਵਿਸ਼ਾਲ ਨੇ ਬਿਨਾਂ ਸਮਾਂ ਗੁਆਏ ਐਮਰਜੈਂਸੀ ਬ੍ਰੇਕ ਲਾ ਕੇ ਰੇਲ ਰੋਕ ਦਿੱਤੀ। ਹਾਲਾਂਕਿ ਰੇਲ-ਗੱਡੀ ਰੁਕਣ ਤੱਕ ਰੇਲ-ਗੱਡੀ ਦਾ ਇੰਜਣ ਤੇ ਤੀਜੀ ਬੋਗੀ ਅੱਗੇ ਵਧ ਗਈ ਸੀ ਪਰ ਟ੍ਰੇਨ ਦੇ ਹੇਠਾਂ ਬੱਚਾ ਸੁਰੱਖਿਅਤ ਸੀ, ਜਿਸ ਨੂੰ ਬਾਅਦ ਵਿਚ ਬਾਹਰ ਕੱਢਿਆ ਗਿਆ।
ਘਟਨਾ ਨੂੰ ਦੇਖ ਕੇ ਲੋਕਾਂ ਨੇ ਜੀਆਰਪੀ ਨੂੰ ਸੂਚਨਾ ਦਿੱਤੀ। ਮੌਕੇ 'ਤੇ ਪਹੁੰਚੇ ਥਾਣਾ ਇੰਚਾਰਜ ਪਲਵਿੰਦਰ ਸਿੰਘ ਨੇ ਬੱਚਾ ਸੁੱਟਣ ਵਾਲੇ ਰਾਜੂ ਨਿਵਾਸੀ ਜਨਤਾ ਨਗਰ ਲੁਧਿਆਣਾ ਨੂੰ ਫੜ ਲਿਆ। ਰਾਜੂ ਪਿੱਛੋਂ ਯੂਪੀ ਦੇ ਜ਼ਿਲ੍ਹਾ ਗੋਂਡਾ ਦੇ ਪਿੰਡ ਕੋਠਾਰ ਦਾ ਰਹਿਣ ਵਾਲਾ ਹੈ। ਮੁਲਜ਼ਮ ਨੇ ਦੱਸਿਆ ਕਿ ਉਸ ਦੇ 4 ਬੱਚੇ ਹਨ, ਜਿਨ੍ਹਾਂ ਵਿਚ ਤਿੰਨ ਬੇਟੀਆਂ ਅਤੇ ਇਕ ਪੁੱਤਰ ਹੈ। ਉਸਨੂੰ ਸ਼ੱਕ ਸੀ ਕਿ ਇਹ ਪੁੱਤਰ ਉਸ ਦਾ ਨਹੀਂ ਹੈ। ਇਸੇ ਸ਼ੱਕ ਕਾਰਨ ਉਸ ਨੇ ਇਹ ਕਾਰਾ ਕੀਤਾਸੀ।
ਦੂਜੇ ਪਾਸੇ, ਲੋਕੋ ਪਾਇਲਟ ਵਿਸ਼ਾਲ ਅਰੋੜਾ ਦੇ ਬਿਆਨ ਦੇ ਆਧਾਰ 'ਤੇ ਮਾਮਲੇ ਦੀ ਕਾਨੂੰਨੀ ਕਾਰਵਾਈ ਵਿਚ ਬਦਲਾਅ ਆਇਆ ਹੈ ਅਤੇ 13 ਦਸੰਬਰ ਨੂੰ ਸਨਕੀ ਮੁਲਜ਼ਮ ਰਾਜੂ 'ਤੇ ਕੇਸ ਦਰਜ ਕੀਤਾ ਗਿਆ ਹੈ। ਰਾਜੂ ਨੂੰ ਜੀਆਰਪੀ ਨੇ ਅਦਾਲਤ ਵਿਚ ਪੇਸ਼ ਕੀਤਾ, ਜਿੱਥੇ ਜੱਜ ਨੇ ਇਸ ਸਨਕੀ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ਵਿਚ ਭੇਜਣ ਦੇ ਹੁਕਮ ਦਿੱਤੇ ਹਨ ਅਤੇ ਉਸਨੂੰ ਸੈਂਟਰਲ ਜੇਲ੍ਹ, ਲੁਧਿਆਣਾ ਵਿਚ ਰੱਖਣ ਦੇ ਆਦੇਸ਼ ਦਿੱਤੇ ਹਨ। ਇਸ ਘਟਨਾ ਦੀ ਇਲਾਕੇ ਵਿਚ ਚਰਚਾ ਹੈ।