ਲੁਧਿਆਣਾ ਦੀਆਂ ਸਮੂਹ ਤਹਿਸੀਲਾਂ ਦੇ ਫਰਦ ਕੇਂਦਰਾਂ ਦੇ ਮੁਲਾਜ਼ਮ ਹੜਤਾਲ 'ਤੇ, ਇਹ ਹੈ ਕਾਰਨ
ਫਰਦ ਕੇਂਦਰਾਂ ਦੇ ਮੁਲਾਜ਼ਮਾਂ ਵੱਲੋਂ ਹੜਤਾਲ ਤੇ ਜਾਣ ਕਾਰਨ ਲੋਕਾਂ ਦੀ ਪਰੇਸ਼ਾਨੀ ਵੱਧ ਗਈ ਹੈ ਜਿਸ ਕਾਰਨ ਦੂਰ ਦੁਰਾਡੇ ਪਿੰਡਾਂ ਤੋਂ ਆਉਣ ਵਾਲੇ ਲੋਕਾਂ ਨੂੰ ਫਰਦ ਕੇਂਦਰ ਤੋਂ ਆ ਕੇ ਬੇਰੰਗ ਵਾਪਸ ਮੁੜਨ ਲਈ ਮਜਬੂਰ ਹੋਣਾ ਪੈ ਰਿਹਾ ਹੈ।
Publish Date: Tue, 03 Jun 2025 10:31 AM (IST)
Updated Date: Tue, 03 Jun 2025 10:54 AM (IST)
ਬਸੰਤ ਸਿੰਘ ਰੋੜੀਆਂ, ਲੁਧਿਆਣਾ : ਲੁਧਿਆਣਾ ਦੇ ਫਰਦ ਕੇਂਦਰਾਂ ਦੇ ਮੁਲਾਜ਼ਮ ਹੜਤਾਲ ਤੇ ਚਲੇ ਗਏ ਹਨ ਮਿਲੀ ਜਾਣਕਾਰੀ ਅਨੁਸਾਰ ਫਰਦ ਕੇਂਦਰਾਂ ਦੀ ਪ੍ਰਬੰਧਨ ਕੰਪਨੀ ਵੱਲੋਂ ਮੁਲਾਜ਼ਮਾਂ ਨੂੰ ਪਿਛਲੇ ਚਾਰ ਮਹੀਨਿਆਂ ਤੋਂ ਤਨਖਾਹਾਂ ਨਹੀਂ ਦਿੱਤੀਆਂ ਗਈਆਂ। ਪੰਜਾਬੀ ਜਾਗਰਣ ਦੀ ਟੀਮ ਵੱਲੋਂ ਅੱਜ ਲੁਧਿਆਣਾ ਦੇ ਫਰਦ ਕੇਂਦਰਾਂ ਦਾ ਨਿਰੀਖਣ ਕੀਤਾ ਗਿਆ ਤਾਂ ਪਤਾ ਲੱਗਿਆ ਕਿ ਪਿਛਲੇ ਚਾਰ ਮਹੀਨਿਆਂ ਤੋਂ ਮੁਲਾਜ਼ਮਾਂ ਨੂੰ ਤਨਖਾਹਾਂ ਨਾ ਮਿਲਣ ਕਾਰਨ ਉਹਨਾਂ ਨੇ ਫਰਦ ਕੇਂਦਰਾਂ ਤੇ ਕੰਮ ਕਰਨਾ ਬੰਦ ਕਰ ਦਿੱਤਾ ਹੈ। ਪੱਛਮੀ ਤਹਿਸੀਲ ਵਿੱਚ ਸਥਿਤ ਫਰਦ ਕੇਂਦਰ ਦੇ ਮੁਲਾਜ਼ਮਾਂ ਵੱਲੋਂ ਪੰਜਾਬੀ ਜਾਗਰਣ ਨਾਲ ਵਿਸ਼ੇਸ਼ ਤੌਰ ਤੇ ਗੱਲਬਾਤ ਕਰਦਿਆਂ ਕਿਹਾ ਗਿਆ ਕਿ ਅਸੀਂ ਸੀਐਮਐਸ ਕੰਪਨੀ ਅਧੀਨ ਫਰਦ ਕੇਂਦਰਾਂ ਤੇ ਕੰਮ ਕਰਦੇ ਹਾਂ ਪਰ ਪਿਛਲੇ ਚਾਰ ਮਹੀਨਿਆਂ ਤੋਂ ਸਾਨੂੰ ਤਨਖਾਹ ਨਹੀਂ ਦਿੱਤੀ ਗਈ ਜਿਸ ਕਾਰਨ ਸਾਡੇ ਘਰਾਂ ਦਾ ਗੁਜ਼ਾਰਾ ਚੱਲਣਾ ਅਸੰਭਵ ਹੋ ਗਿਆ ਹੈ ਸਾਨੂੰ ਮਜਬੂਰ ਹੋ ਕੇ ਹੜਤਾਲ ਤੇ ਜਾਣਾ ਪਿਆ ਹੈ।
ਫਰਦ ਕੇਂਦਰਾਂ ਦੇ ਮੁਲਾਜ਼ਮਾਂ ਵੱਲੋਂ ਹੜਤਾਲ ਤੇ ਜਾਣ ਕਾਰਨ ਲੋਕਾਂ ਦੀ ਪਰੇਸ਼ਾਨੀ ਵੱਧ ਗਈ ਹੈ ਜਿਸ ਕਾਰਨ ਦੂਰ ਦੁਰਾਡੇ ਪਿੰਡਾਂ ਤੋਂ ਆਉਣ ਵਾਲੇ ਲੋਕਾਂ ਨੂੰ ਫਰਦ ਕੇਂਦਰ ਤੋਂ ਆ ਕੇ ਬੇਰੰਗ ਵਾਪਸ ਮੁੜਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਲਾਦੀਆਂ ਪਿੰਡ ਤੋਂ ਫਰਦ ਲੈਣ ਆਏ ਇੱਕ ਵਿਅਕਤੀ ਨੇ ਦੱਸਿਆ ਕਿ ਅੱਜ ਕੰਮ ਤੋਂ ਛੁੱਟੀ ਕਰਕੇ ਫਰਦ ਲੈਣ ਲਈ ਆਇਆ ਸੀ ਜਦੋਂ ਮੈਂ ਫਰਦ ਕੇਂਦਰ ਤੇ ਪਹੁੰਚਿਆ ਤਾਂ ਫਰਦ ਕੇਂਦਰ ਤੇ ਮੁਲਾਜ਼ਮਾਂ ਵੱਲੋਂ ਹੜਤਾਲ ਤੇ ਜਾਣ ਦਾ ਪੈਂਪਲੇਟ ਲਗਾਇਆ ਹੋਇਆ ਸੀ ਜਿਸ ਕਾਰਨ ਮੈਨੂੰ ਬਿਨਾਂ ਫਰਦ ਲੈ ਘਰ ਨੂੰ ਵਾਪਸ ਜਾਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਉਸਨੇ ਦੱਸਿਆ ਕਿ ਰੋਜ਼ ਦੀ ਕਮਾ ਕੇ ਖਾਣ ਵਾਲੇ ਪਰਿਵਾਰ ਤੋਂ ਹਾਂ ਕੰਮ ਤੋਂ ਵੀ ਮੈਂ ਛੁੱਟੀ ਕਰ ਬੈਠਾ ਹਾਂ।