ਸ਼ਿੰਦਰ ਕੌਰ ਨੇ ਕਿਹਾ ਕਿ ਪਤੀ ਦੀ ਮੌਤ ਤੋਂ ਬਾਅਦ ਬੱਚਿਆਂ ਨੂੰ ਸੰਭਾਲਣ ਦੀ ਪੂਰੀ ਕੋਸ਼ਿਸ਼ ਕੀਤੀ। ਉਸ ਨੇ ਹੱਥ ਜੋੜ ਕੇ ਪੁੱਤਰਾਂ ਨੂੰ ਸਮਝਾਇਆ ਕਿ ਨਸ਼ਾ ਜ਼ਹਿਰ ਹੈ, ਜਿਸ ਨੇ ਉਨ੍ਹਾਂ ਦੇ ਪਿਤਾ ਦੀ ਜਾਨ ਲਈ। ਇਸ ਤੋਂ ਦੂਰ ਹੀ ਰਹਿਣਾ। ਪਰ ਪਿੰਡ ਤੇ ਆਸ-ਪਾਸ ਦੇ ਇਲਾਕਿਆਂ ’ਚ ਸ਼ਰੇਆਮ ਵਿਕਣ ਵਾਲੇ ਨਸ਼ੇ ਦੀ ਗ੍ਰਿਫ਼ਤ ’ਚ ਉਸ ਦੇ ਪੁੱਤਰ ਵੀ ਆ ਗਏ।

ਜਾਗਰਣ ਸੰਵਾਦਦਾਤਾ, ਲੁਧਿਆਣਾ : ਨਸ਼ਾ ਨਾਸੂਰ ਹੈ। ਇਕ ਵਾਰ ਜਕੜ ਲੈਂਦਾ ਹੈ ਤਾਂ ਫਿਰ ਅਨਮੋਲ ਜ਼ਿੰਦਗੀ ਨੂੰ ਲੈ ਕੇ ਹੀ ਛੱਡਦਾ ਹੈ। ਸਿਧਵਾਂ ਬੇਟ ਦੇ ਪਿੰਡ ਸ਼ੇਰਵਾਲ ਦੇ ਇਕ ਪਰਿਵਾਰ ਨੂੰ ਨਸ਼ੇ ਨੇ ਅਜਿਹਾ ਦਰਦ ਦਿੱਤਾ ਕਿ ਇਹ ਮਾਮਲਾ ਸਾਰਿਆਂ ਨੂੰ ਹਿਲਾ ਦੇਵੇਗਾ। ਔਰਤ ਸ਼ਿੰਦਰ ਕੌਰ ਨੇ 14 ਸਾਲਾਂ ’ਚ ਪਤੀ ਤੇ ਛੇ ਪੁੱਤਰਾਂ ਨੂੰ ਨਸ਼ੇ ਦੇ ਕਾਰਨ ਆਪਣੀਆਂ ਅੱਖਾਂ ਦੇ ਸਾਹਮਣੇ ਤਿਲ-ਤਿਲ ਮਰਦੇ ਦੇਖਿਆ।
ਪਤੀ ਤੇ ਪੁੱਤਰਾਂ ਦੇ ਗ਼ਮ ’ਚ ਮੁਰਝਾ ਚੁੱਕੀ ਸ਼ਿੰਦਰ ਕੌਰ ਨੇ ਕਿਹਾ ਕਿ ਅਸੀਂ ਗ਼ਰੀਬ ਸੀ, ਪਰ ਟੁੱਟੇ ਨਹੀਂ। ਇਸ ਨਾਮੁਰਾਦ ਨਸ਼ੇ ਨੇ ਸਾਰਾ ਕੁਝ ਖ਼ਤਮ ਕਰ ਦਿੱਤਾ। ਕਿਸਾਨੀ ਤੇ ਮਜ਼ਦੂਰੀ ਕਰ ਕੇ ਪਰਿਵਾਰ ਪਾਲਦੇ ਸੀ। ਘਰ ’ਚ ਪਤੀ ਮੁਖਤਿਆਰ ਸਿੰਘ ਦੇ ਨਾਲ ਛੇ ਪੁੱਤਰਾਂ ਦਾ ਹੱਸਦਾ-ਵਸਦਾ ਪਰਿਵਾਰ ਸੀ। ਸਾਦੀ ਜ਼ਿੰਦਗੀ ਸੀ, ਪਰ ਸਕੂਨ ਸੀ। ਪੁੱਤਰ ਵੀ ਇਹੀ ਕਹਿੰਦੇ ਸਨ ਕਿ ਸਖ਼ਤ ਮਿਹਨਤ ਕਰ ਕੇ ਪਰਿਵਾਰ ’ਚ ਸਾਰੀਆਂ ਖ਼ੁਸ਼ੀਆਂ ਲੈ ਕੇ ਆਵਾਂਗੇ। ਪਰ... ਸਾਲ 2012 ’ਚ ਪਰਿਵਾਰ ਦੀਆਂ ਖ਼ੁਸ਼ੀਆਂ ’ਤੇ ਨਸ਼ੇ ਦਾ ਗ੍ਰਹਿਣ ਲੱਗ ਗਿਆ। ਪਤੀ ਮੁਖਤਿਆਰ ਸਿੰਘ ਦੀ ਨਸ਼ੇ ਦੇ ਕਾਰਨ ਮੌਤ ਹੋ ਗਈ ਤੇ ਪਰਿਵਾਰ ਦੀ ਨੀਂਹ ਹਿੱਲ ਗਈ।
ਸ਼ਿੰਦਰ ਕੌਰ ਨੇ ਕਿਹਾ ਕਿ ਪਤੀ ਦੀ ਮੌਤ ਤੋਂ ਬਾਅਦ ਬੱਚਿਆਂ ਨੂੰ ਸੰਭਾਲਣ ਦੀ ਪੂਰੀ ਕੋਸ਼ਿਸ਼ ਕੀਤੀ। ਉਸ ਨੇ ਹੱਥ ਜੋੜ ਕੇ ਪੁੱਤਰਾਂ ਨੂੰ ਸਮਝਾਇਆ ਕਿ ਨਸ਼ਾ ਜ਼ਹਿਰ ਹੈ, ਜਿਸ ਨੇ ਉਨ੍ਹਾਂ ਦੇ ਪਿਤਾ ਦੀ ਜਾਨ ਲਈ। ਇਸ ਤੋਂ ਦੂਰ ਹੀ ਰਹਿਣਾ। ਪਰ ਪਿੰਡ ਤੇ ਆਸ-ਪਾਸ ਦੇ ਇਲਾਕਿਆਂ ’ਚ ਸ਼ਰੇਆਮ ਵਿਕਣ ਵਾਲੇ ਨਸ਼ੇ ਦੀ ਗ੍ਰਿਫ਼ਤ ’ਚ ਉਸ ਦੇ ਪੁੱਤਰ ਵੀ ਆ ਗਏ। ਮਜ਼ਦੂਰੀ ਦੀ ਕਮਾਈ ਨਸ਼ੇ ’ਚ ਉੱਡਣ ਲੱਗੀ। ਇਕ ਸਾਲ ਬਾਅਦ ਹੀ 2013 ’ਚ 34 ਸਾਲ ਦਾ ਪੁੱਤਰ ਕੁਲਵੰਤ ਨਸ਼ੇ ਦੀ ਗ੍ਰਿਫ਼ਤ ’ਚ ਫਸ ਕੇ ਜ਼ਿੰਦਗੀ ਹਾਰ ਗਿਆ। ਇਸ ਤੋਂ ਬਾਅਦ ਘਰੋਂ ਅਰਥੀਆਂ ਉੱਠਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਮਾਰਚ 2021 ’ਚ ਦੂਜੇ ਪੁੱਤਰ ਗੁਰਦੀਪ ਦੀ ਨਸ਼ੇ ਨਾਲ ਮੌਤ ਹੋ ਗਈ। ਦੋ ਪੁੱਤਰਾਂ ਦਾ ਗ਼ਮ ਹਾਲੇ ਘੱਟ ਵੀ ਨਹੀਂ ਹੋਇਆ ਸੀ ਕਿ ਚਾਰ ਮਹੀਨੇ ਬਾਅਦ ਹੀ ਜੁਲਾਈ, 2021 ’ਚ ਤੀਜੇ ਪੁੱਤਰ ਜਸਵੰਤ ਦੀ ਵੀ ਨਸ਼ੇ ਕਾਰਨ ਜਾਨ ਚਲੀ ਗਈ। ਇਸ ਤੋਂ ਬਾਅਦ ਨਵੰਬਰ 2022 ’ਚ ਚੌਥੇ ਪੁੱਤਰ ਰਾਜੂ ਤੇ ਮਾਰਚ 2023 ’ਚ ਪੰਜਵੇਂ ਪੁੱਤਰ ਬਲਜੀਤ ਸਿੰਘ ਦੀ ਨਸ਼ੇ ਨੇ ਜਾਨ ਲੈ ਲਈ। ਘਰ ਦਾ ਆਖਰੀ ਸਹਾਰਾ ਛੇਵਾਂ ਪੁੱਤਰ 20 ਸਾਲਾ ਜਸਵੀਰ ਸੀ। ਉਸ ਦੀ ਵੀ 15 ਜਨਵਰੀ ਨੂੰ ਪਿੰਡ ਮਲਸੀਆਂ ਬਾਜਨ ’ਚ ਨਸ਼ੇ ਦੇ ਕਾਰਨ ਮੌਤ ਹੋ ਗਈ। ਹੁਣ ਘਰ ਵਿਚ ਸਿਰਫ਼ ਛੋਟਾ ਪੋਤਰਾ ਤੇ ਵਿਧਵਾ ਨੂੰਹ ਹੈ। ਕਮਾਉਣ ਵਾਲਾ ਵੀ ਕੋਈ ਨਹੀਂ ਰਿਹਾ।
ਅੱਖਾਂ ’ਚ ਵਹਿੰਦੇ ਅੱਥਰੂਆਂ ਨਾਲ ਸ਼ਿੰਦਰ ਕੌਰ ਨੇ ਕਿਹਾ ਕਿ ਨਸ਼ਾ ਵੇਚਣ ਵਾਲੇ ਫੜੇ ਜਾਂਦੇ ਹਨ, ਪਰ ਛੁੱਟ ਵੀ ਛੇਤੀ ਹੀ ਜਾਂਦੇ ਹਨ। ਨਸ਼ਾ ਵਿਕਦਾ ਰਹਿੰਦਾ ਹੈ ਤੇ ਪਰਿਵਾਰ ਉੱਜੜਦੇ ਰਹਿੰਦੇ ਹਨ। ਉਨ੍ਹਾਂ ਨੇ ਸਿਸਟਮ ਤੇ ਸਰਕਾਰ ਤੋਂ ਜਵਾਬ ਮੰਗਿਆ ਕਿ ਕੀ ਉਨ੍ਹਾਂ ਦੇ ਪੁੱਤਰਾਂ ਨੂੰ ਮੌਤ ਵੰਡਣ ਵਾਲਿਆਂ ਨੂੰ ਸਜ਼ਾ ਮਿਲੇਗੀ ਜਾਂ ਨਸ਼ੇ ਦੀ ਇਹ ਖੇਡ ਇਵੇਂ ਹੀ ਜਾਰੀ ਰਹੇਗੀ। ਸਰਕਾਰਾਂ ਸਿਰਫ਼ ਛੋਟੇ ਤਸਕਰਾਂ ’ਤੇ ਕਾਰਵਾਈ ਕਰਦੀਆਂ ਹਨ, ਜਦਕਿ ਵੱਡੇ ਮਗਰਮੱਛ ਧੜੱਲੇ ਨਾਲ ਨਸ਼ੇ ਦਾ ਕਾਰੋਬਾਰ ਕਰ ਰਹੇ ਹਨ। ਸਰਕਾਰ ਹਰ ਨਸ਼ਾ ਤਸਕਰ ’ਤੇ ਸਖ਼ਤੀ ਕਰੇ, ਤਾਂ ਜੋ ਉਸ ਵਾਂਗ ਕੋਈ ਹੋਰ ਪਰਿਵਾਰ ਨਾ ਉੱਜੜੇ।