ਜਾਨੋਂ ਮਾਰਨ ਦੀ ਧਮਕੀ ਦੇ ਕੇ ਸੁਨਿਆਰੇ ਕੋਲੋਂ ਮੰਗੀ ਇੱਕ ਕਰੋੜ ਦੀ ਫਿਰੌਤੀ, ਅੰਮ੍ਰਿਤ ਦਲਮ ਗਰੁੱਪ ਖਿਲਾਫ ਮੁਕੱਦਮਾ ਦਰਜ
ਫੋਨ ਕਰਨ ਵਾਲੇ ਵਿਅਕਤੀ ਨੇ ਖੁਦ ਨੂੰ ਅੰਮ੍ਰਿਤ ਦਲਮ ਗਰੁੱਪ ਦਾ ਮੈਂਬਰ ਦੱਸਿਆ। ਧਮਕਾਉਂਦਿਆਂ ਉਸਨੇ ਸਚਿਨ ਕੋਲੋਂ ਇੱਕ ਕਰੋੜ ਰੁਪਏ ਦੀ ਮੰਗ ਕੀਤੀ। ਕਾਲਰ ਨੇ ਸੁਨਿਆਰੇ ਨੂੰ ਇਹ ਵੀ ਆਖਿਆ ਕਿ ਜੇਕਰ ਜਲਦੀ ਹੀ ਰਕਮ ਦਾ ਪ੍ਰਬੰਧ ਨਾ ਕੀਤਾ ਗਿਆ ਤਾਂ ਉਸਨੂੰ ਜਾਨੋ ਮਾਰ ਦਿੱਤਾ ਜਾਵੇਗਾ।
Publish Date: Fri, 05 Dec 2025 12:20 PM (IST)
Updated Date: Fri, 05 Dec 2025 12:24 PM (IST)

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ: ਰਾਹੋ ਰੋਡ ਦੇ ਇੱਕ ਸੁਨਿਆਰੇ ਨੂੰ ਜਾਨੋਂ ਮਾਰ ਦੇਣ ਦੀ ਧਮਕੀ ਦੇ ਕੇ ਇਕ ਕਰੋੜ ਰੁਪਏ ਦੀ ਮੰਗ ਕਰਨ ਦੀ ਘਟਨਾ ਸਾਹਮਣੇ ਆਈ ਹੈ। ਇਸ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ ਸੱਤ ਦੀ ਪੁਲਿਸ ਨੇ ਤਾਜਪੁਰ ਰੋਡ ਵਿਸ਼ਵਕਰਮਾ ਨਗਰ ਲੁਧਿਆਣਾ ਦੇ ਰਹਿਣ ਵਾਲੇ ਸਚਿਨ ਵਰਮਾ ਦੀ ਸ਼ਿਕਾਇਤ 'ਤੇ ਅੰਮ੍ਰਿਤ ਦਲਮ ਗਰੁੱਪ ਦੇ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਥਾਣਾ ਡਿਵੀਜ਼ਨ ਨੰਬਰ ਸੱਤ ਦੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਸਚਿਨ ਵਰਮਾ ਨੇ ਦੱਸਿਆ ਕਿ ਉਹ ਰਾਹੋਂ ਰੋਡ 'ਤੇ ਸੋਨੇ ਦੀ ਜੁਇਲਰੀ ਦਾ ਕੰਮ ਕਰਦਾ ਹੈ। ਇਸ ਕਾਰੋਬਾਰ ਵਿੱਚ ਪੂਰਾ ਪਰਿਵਾਰ ਵੀ ਉਸਦਾ ਸਾਥ ਦਿੰਦਾ ਹੈ। ਸਚਿਨ ਨੇ ਪੁਲਿਸ ਨੂੰ ਦੱਸਿਆ ਕਿ ਸਵੇਰ ਵੇਲੇ ਇੱਕ ਨੰਬਰ ਤੋਂ ਉਸਨੂੰ ਵ੍ਹਟਸਐਪ ਕਾਲ ਆਈ। ਫੋਨ ਕਰਨ ਵਾਲੇ ਵਿਅਕਤੀ ਨੇ ਖੁਦ ਨੂੰ ਅੰਮ੍ਰਿਤ ਦਲਮ ਗਰੁੱਪ ਦਾ ਮੈਂਬਰ ਦੱਸਿਆ। ਧਮਕਾਉਂਦਿਆਂ ਉਸਨੇ ਸਚਿਨ ਕੋਲੋਂ ਇੱਕ ਕਰੋੜ ਰੁਪਏ ਦੀ ਮੰਗ ਕੀਤੀ। ਕਾਲਰ ਨੇ ਸੁਨਿਆਰੇ ਨੂੰ ਇਹ ਵੀ ਆਖਿਆ ਕਿ ਜੇਕਰ ਜਲਦੀ ਹੀ ਰਕਮ ਦਾ ਪ੍ਰਬੰਧ ਨਾ ਕੀਤਾ ਗਿਆ ਤਾਂ ਉਸਨੂੰ ਜਾਨੋ ਮਾਰ ਦਿੱਤਾ ਜਾਵੇਗਾ। ਉਧਰੋਂ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਥਾਣਾ ਡਿਵੀਜ਼ਨ ਨੰਬਰ ਸੱਤ ਦੀ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਅੰਮ੍ਰਿਤ ਦਲਮ ਗਰੁੱਪ ਦੇ ਖਿਲਾਫ ਐਫਆਈਆਰ ਦਰਜ ਕੀਤੀ। ਇਸ ਮਾਮਲੇ ਵਿੱਚ ਜਾਂਚ ਅਧਿਕਾਰੀ ਰਣਧੀਰ ਸਿੰਘ ਨੇ ਦੱਸਿਆ ਕਿ ਪੁਲਿਸ ਪੜਤਾਲ ਕਰ ਰਹੀ ਹੈ ਜਲਦੀ ਹੀ ਕੇਸ ਨੂੰ ਹੱਲ ਕਰ ਲਿਆ ਜਾਵੇਗਾ।