ਇਸ ਕਾਰਨ ਵਿਦਿਆਰਥੀ ਉਲਝਣ ’ਚ ਪੈ ਗਏ ਕਿ ਉਨ੍ਹਾਂ ਦੇ ਸੈਮੇਸਟਰ ’ਚ ਤਾਂ ਇਹ ਵਿਸ਼ੇ ਤੇ ਪ੍ਰਸ਼ਨ ਹਨ ਹੀ ਨਹੀਂ। ਇਹ ਗਲਤੀ ਇਸ ਲਈ ਹੋਈ ਕਿਉਂਕਿ ਪ੍ਰੀਖਿਆ ਨਿਊਜ਼ ਰਿਪੋਰਟਿੰਗ-1 ਦੀ ਸੀ ਪਰ ਪੱਤਰ ਤੀਜੇ ਸਮੈਸਟਰ ਵਾਲਾ ਆ ਗਿਆ। ਜਦ ਤੱਕ ਵਿਦਿਆਰਥੀ ਕੁਝ ਸਮਝਦੇ, ਇਕ ਘੰਟਾ 20 ਮਿੰਟ ਸਮਾਂ ਬੀਤ ਚੁੱਕਾ ਸੀ।

ਡਿਪਟੀ ਚੀਫ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਜੀਐੱਨਡੀਯੂ ਵੱਲੋਂ ਬੀ-ਵਾਕ ਜਰਨਲਿਜ਼ਮ ਦੀਆਂ ਪ੍ਰੀਖਿਆਵਾਂ ਚੱਲ ਰਹੀਆਂ ਹਨ। ਪ੍ਰੀਖਿਆ ਦੌਰਾਨ ਯੂਨੀਵਰਸਟੀ ਦੀ ਲਾਪਰਵਾਹੀ ਕਾਰਨ ਵਿਦਿਆਰਥੀ ਬਹੁਤ ਪਰੇਸ਼ਾਨ ਹੋਏ ਕਿਉਂਕਿ ਪਹਿਲੇ ਸੈਮੇਸਟਰ ਦੀ ਪ੍ਰੀਖਿਆ ’ਚ ਪ੍ਰੀਖਿਆ ਸਟਾਫ ਵੱਲੋਂ ਤੀਜੇ ਸਮੈਸਟਰ ਦਾ ਪ੍ਰਸ਼ਨ ਪੱਤਰ ਦੇ ਦਿੱਤਾ ਗਿਆ। ਇਸ ਕਾਰਨ ਵਿਦਿਆਰਥੀ ਉਲਝਣ ’ਚ ਪੈ ਗਏ ਕਿ ਉਨ੍ਹਾਂ ਦੇ ਸੈਮੇਸਟਰ ’ਚ ਤਾਂ ਇਹ ਵਿਸ਼ੇ ਤੇ ਪ੍ਰਸ਼ਨ ਹਨ ਹੀ ਨਹੀਂ। ਇਹ ਗਲਤੀ ਇਸ ਲਈ ਹੋਈ ਕਿਉਂਕਿ ਪ੍ਰੀਖਿਆ ਨਿਊਜ਼ ਰਿਪੋਰਟਿੰਗ-1 ਦੀ ਸੀ ਪਰ ਪੱਤਰ ਤੀਜੇ ਸਮੈਸਟਰ ਵਾਲਾ ਆ ਗਿਆ। ਜਦ ਤੱਕ ਵਿਦਿਆਰਥੀ ਕੁਝ ਸਮਝਦੇ, ਇਕ ਘੰਟਾ 20 ਮਿੰਟ ਸਮਾਂ ਬੀਤ ਚੁੱਕਾ ਸੀ।
ਹੈਰਾਨੀ ਦੀ ਗੱਲ ਇਹ ਸੀ ਕਿ ਪ੍ਰਸ਼ਨ-ਪੱਤਰ ਦੇ ਟਾਈਟਲ ਤੋਂ ਲੈ ਕੇ ਕੋਡਿੰਗ ਤੱਕ ਸਭ ਕੁਝ ਪਹਿਲੇ ਸੈਮੇਸਟਰ ਦਾ ਹੀ ਲਿਖਿਆ ਸੀ ਪਰ ਅੰਦਰਲੇ ਪ੍ਰਸ਼ਨ ਐਡਵਰਟਾਈਜ਼ਿੰਗ ਵਿਸ਼ੇ ਦੇ ਸਨ, ਜੋ ਤੀਜੇ ਸਮੈਸਟਰ ’ਚ ਕਰਵਾਇਆ ਜਾਂਦਾ ਹੈ। ਇਸ ਵਿਸ਼ੇ ਦੀ ਪ੍ਰੀਖਿਆ 16 ਦਸੰਬਰ ਨੂੰ ਹੋਣੀ ਹੈ। ਵਿਦਿਆਰਥੀਆਂ ਵੱਲੋਂ ਹੰਗਾਮਾ ਕਰਨ ਤੋਂ ਬਾਅਦ ਜਦੋਂ ਕਾਲਜ ’ਚ ਬਣਾਏ ਪ੍ਰੀਖਿਆ ਕੇਂਦਰਾਂ ਦੇ ਸੁਪਰਡੈਂਟ ਤੇ ਸਟਾਫ ਨੇ ਜੀਐੱਨਡੀਯੂ ਅਧਿਕਾਰੀਆਂ ਨਾਲ ਸੰਪਰਕ ਕੀਤਾ, ਤਾਂ ਗਲਤੀ ਦਾ ਪਤਾ ਲੱਗਾ। ਇਸ ਤੋਂ ਬਾਅਦ ਸਾਰੇ ਕਾਲਜਾਂ ਨੂੰ ਈ-ਮੇਲ ਰਾਹੀਂ ਪਹਿਲੇ ਸੈਮੇਸਟਰ ਦੇ ਸਹੀ ਪ੍ਰਸ਼ਨ ਪੱਤਰ ਭੇਜੇ ਗਏ। ਸੁਪਰਡੈਂਟ ਦੀ ਮੌਜੂਦਗੀ ’ਚ ਪ੍ਰਿੰਟ ਕੱਢ ਕੇ ਵਿਦਿਆਰਥੀਆਂ ਨੂੰ ਸਹੀ ਪ੍ਰਸ਼ਨ–ਪੱਤਰ ਦਿੱਤੇ ਗਏ। ਇਸ ਸਾਰੇ ਪ੍ਰਕਿਰਿਆ ’ਚ ਵਿਦਿਆਰਥੀਆਂ ਦਾ ਲਗਪਗ ਇਕ ਘੰਟਾ 20 ਮਿੰਟ ਸਮਾਂ ਬਰਬਾਦ ਹੋ ਗਿਆ। ਜਦੋਂ ਸਹੀ ਪ੍ਰਸ਼ਨ-ਪੱਤਰ ਦਿੱਤੇ ਗਏ, ਤਾਂ ਉਨ੍ਹਾਂ ਨੂੰ ਸਿਰਫ਼ ਤਿੰਨ ਘੰਟਿਆਂ ਦਾ ਹੀ ਸਮਾਂ ਦਿੱਤਾ ਗਿਆ। ਪ੍ਰਸ਼ਨ ਪੱਤਰ ਪੜ੍ਹਨ ਲਈ ਦਿੱਤੇ ਜਾਣ ਵਾਲੇ ਵਾਧੂ 20 ਮਿੰਟ ਵੀ ਨਹੀਂ ਮਿਲੇ। ਇਸ ਕਰ ਕੇ ਵਿਦਿਆਰਥੀਆਂ ਨੂੰ ਜਲਦੀ-ਜਲਦੀ ਤਿੰਨ ਘੰਟਿਆਂ ’ਚ ਹੀ ਪ੍ਰੀਖਿਆ ਪੂਰੀ ਕਰਨੀ ਪਈ।
ਪ੍ਰਸ਼ਨ ਪੱਤਰ ਗ਼ਲਤ ਆਉਣ ਕਾਰਨ ਹੋਈ ਪਰੇਸ਼ਾਨੀ
ਜੀਐੱਨਡੀਯੂ ਕਾਲਜ ਲਾਡੋਵਾਲੀ ਰੋਡ ਦੇ ਕਾਰਜਕਾਰੀ ਅਫਸਰ ਸੁਪਰਡੈਂਟ ਲੈਕਚਰਰ ਲਖਬੀਰ ਸਿੰਘ ਨੇ ਦੱਸਿਆ ਕਿ ਪਹਿਲੇ ਸਮੈਸਟਰ ਦੀ ਪ੍ਰੀਖਿਆ ’ਚ ਤੀਜੇ ਸੈਮੇਸਟਰ ਦੇ ਪ੍ਰਸ਼ਨ ਪੱਤਰ ਆ ਗਏ ਸਨ। ਜਦੋਂ ਸਾਰਾ ਮਾਮਲਾ ਜੀਐੱਨਡੀਯੂ ਅੰਮ੍ਰਿਤਸਰ ਦੇ ਅਧਿਕਾਰੀਆਂ ਦੇ ਧਿਆਨ ’ਚ ਲਿਆਂਦਾ ਗਿਆ ਤਾਂ ਉਨ੍ਹਾਂ ਵੱਲੋਂ ਈ-ਮੇਲ ਰਾਹੀਂ ਨਵਾਂ ਪ੍ਰਸ਼ਨ ਪੱਤਰ ਭੇਜਿਆ ਗਿਆ। ਉਸ ਦੇ ਮੁਤਾਬਕ ਹੀ ਵਿਦਿਆਰਥੀਆਂ ਨੂੰ ਪ੍ਰੀਖਿਆ ਲਈ ਸਮਾਂ ਦਿੱਤਾ ਗਿਆ।