ਸੌ ਤੋਂ ਵੀ ਵੱਧ ਦੇਸ਼ਾਂ 'ਚ ਜਲੰਧਰ ਦੇ ਬਣੇ ਫੁੱਟਬਾਲ ਤੇ ਵਾਲੀਬਾਲ ਨੂੰ ਪਹੁੰਚਾਉਣ ਵਾਲੇ ਨਿਹਾਲਚੰਦ ਖਰਬੰਦਾ ਦੀ ਚੌਥੀ ਪੀੜ੍ਹੀ ਹੈਰੀਟੇਜ ਸਪੋਰਟਸ ਮਿਊਜ਼ੀਅਮ ਰਾਹੀਂ ਖੇਡ ਸਮੱਗਰੀ ਨਿਰਮਾਣ ਦੇ ਮਾਣਮੱਤੇ ਇਤਿਹਾਸ ਨੂੰ ਸੰਭਾਲਣ 'ਚ ਜੁਟੀ ਹੋਈ ਹੈ।
ਮਨੋਜ ਤ੍ਰਿਪਾਠੀ, ਜਲੰਧਰ : ਸੌ ਤੋਂ ਵੀ ਵੱਧ ਦੇਸ਼ਾਂ 'ਚ ਜਲੰਧਰ ਦੇ ਬਣੇ ਫੁੱਟਬਾਲ ਤੇ ਵਾਲੀਬਾਲ ਨੂੰ ਪਹੁੰਚਾਉਣ ਵਾਲੇ ਨਿਹਾਲਚੰਦ ਖਰਬੰਦਾ ਦੀ ਚੌਥੀ ਪੀੜ੍ਹੀ ਹੈਰੀਟੇਜ ਸਪੋਰਟਸ ਮਿਊਜ਼ੀਅਮ ਰਾਹੀਂ ਖੇਡ ਸਮੱਗਰੀ ਨਿਰਮਾਣ ਦੇ ਮਾਣਮੱਤੇ ਇਤਿਹਾਸ ਨੂੰ ਸੰਭਾਲਣ 'ਚ ਜੁਟੀ ਹੋਈ ਹੈ। ਪ੍ਰਸਿੱਧ ਨੀਵੀਆ ਸਮੂਹ ਦੇ 18 ਸਾਲਾ ਓਜਸ ਖਰਬੰਦਾ ਨੇ ਜਲੰਧਰ 'ਚ ਇਹ ਮਿਊਜ਼ੀਅਮ ਬਣਾਇਆ ਹੈ, ਜਿਸ 'ਚ ਵਿਸ਼ਵ ਪ੍ਰਸਿੱਧ ਮੈਸੀ, ਪੇਲੇ ਤੇ ਸਚਿਨ ਤੇਂਦੂਲਕਰ ਵੱਲੋਂ ਇਸਤੇਮਾਲ ਕੀਤੀਆਂ ਗਈਆਂ ਗੇਂਦ ਤੇ ਬੱਲੇ ਰੱਖੇ ਗਏ ਹਨ। ਇਸ ਨੂੰ ਆਪਣੀ ਤਰ੍ਹਾਂ ਦਾ ਪਹਿਲਾ ਮਿਊਜ਼ੀਅਮ ਦੱਸਿਆ ਜਾ ਰਿਹਾ ਹੈ, ਜਿਸ 'ਚ ਖਿਡਾਰੀਆਂ ਦੀ ਬਜਾਏ ਖੇਡ ਸਮੱਗਰੀ ਦੇ ਨਿਰਮਾਣ ਦਾ ਇਤਿਹਾਸ ਦੱਸਿਆ ਗਿਆ ਹੈ।
ਓਜਸ ਖਰਬੰਦਾ ਦੱਸਦੇ ਹਨ ਕਿ ਸਾਲ 1883 'ਚ ਸਿਆਲਕੋਟ (ਹੁਣ ਪਾਕਿਸਤਾਨ 'ਚ) ਵਿਚ ਸਰਦਾਰ ਗੰਡਾ ਸਿੰਘ ਓਬਰਾਏ ਨੇ ਖੇਡ ਸਮੱਗਰੀ ਨਿਰਮਾਣ ਦੀ ਨੀਂਹ ਰੱਖੀ ਸੀ। ਬਾਅਦ 'ਚ ਉਨ੍ਹਾਂ ਨਾਲ ਨਿਹਾਲਚੰਦ ਖਰਬੰਦਾ ਵੀ ਜੁੜ ਗਏ। ਸਿਰਫ਼ 30 ਰੁਪਏ ਮਹੀਨਾ ਤਨਖ਼ਾਹ 'ਤੇ ਨਿਹਾਲਚੰਦ ਨੂੰ ਰੰਗੂਨ 'ਚ ਖੇਡ ਸਮੱਗਰੀ ਦੀ ਸਪਲਾਈ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਬਟਵਾਰੇ ਤੋਂ ਬਾਅਦ ਉਹ ਪਰਿਵਾਰ ਸਮੇਤ ਜਲੰਧਰ ਆ ਗਏ ਤੇ ਨਵੇਂ ਸਿਰੇ ਤੋਂ ਕਾਰੋਬਾਰ ਦੀ ਨੀਂਹ ਰੱਖੀ। ਉਨ੍ਹਾਂ ਨੇ ਫੁੱਟਬਾਲ ਤੇ ਵਾਲੀਬਾਲ ਦਾ ਨਿਰਮਾਣ ਸ਼ੁਰੁ ਕੀਤਾ। ਪੀੜ੍ਹੀ ਦਰ ਪੀੜ੍ਹੀ ਇਹ ਕਾਰੋਬਾਰ ਵਧਦਾ ਫੁੱਲਦਾ ਰਿਹਾ। ਸਾਲ 1961 'ਚ ਇਸ ਨੂੰ ਨੀਵੀਆ ਸਮੂਹ ਦੇ ਨਾਂ ਨਾਲ ਕਾਰਪੋਰੇਟ ਰੁਪ ਦਿੱਤਾ ਗਿਆ।
ਅਸਲ 'ਚ ਉਸ ਸਮੇਂ ਸਿਆਲਕੋਟ ਖੇਡ ਨਿਰਮਾਣ ਉਦਯੋਗ ਦਾ ਪ੍ਰਮੁੱਖ ਕੇਂਦਰ ਸੀ। ਬਟਵਾਰੇ ਤੋਂ ਬਾਅਦ ਉੱਥੋਂ ਆਏ ਲੋਕਾਂ ਨੇ ਜਲੰਧਰ 'ਚ ਇਸ ਕਾਰੋਬਾਰ ਨੂੰ ਖੜ੍ਹਾ ਕੀਤਾ। ਸ਼ੁਰੂ 'ਚ ਇੱਥੇ ਫੁੱਟਬਾਲ ਤੇ ਵਾਲੀਬਾਲ ਹੀ ਜ਼ਿਆਦਾ ਬਣਾਏ ਜਾਂਦੇ ਸਨ। ਇਸ ਦਾ ਅਸਰ ਪੰਜਾਬ ਦੇ ਖੇਡ ਮਾਹੌਲ 'ਤੇ ਵੀ ਪਿਆ। ਪਿੰਡ ਪਿੰਡ 'ਚ ਫੁੱਟਬਾਲ ਖੇਡਿਆ ਜਾਂਦਾ ਸੀ। 1970 'ਚ ਜੇਸੀਟੀ ਮਿੱਲ ਨੇ ਇਸ ਨੂੰ ਪ੍ਰੋਫੈਸ਼ਨਲ ਤਰੀਕੇ ਨਾਲ ਸ਼ੁਰੂ ਕਰ ਕੇ ਅੱਗੇ ਵਧਾਇਆ, ਪਰ ਇਹ ਸਫ਼ਰ ਲੰਬਾ ਨਹੀਂ ਚੱਲਿਆ। 1990 ਤਕ ਹੌਲੀ ਹੌਲੀ ਸੂਬੇ 'ਚੋਂ ਇਹ ਖੇਡ ਲੋਪ ਹੋ ਗਈ ਤੇ ਹੋਰਨਾਂ ਖੇਡਾਂ ਨੇ ਜਗ੍ਹਾ ਬਣਾ ਲਈ। 10 ਸਾਲ ਪਹਿਲਾਂ ਜੇਸੀਟੀ ਨੇ ਵੀ ਹੱਥ ਖਿੱਚ ਲਏ।
ਨੀਵੀਆ ਦੇ ਸੰਚਾਲਕ ਤੇ ਓਜਸ ਦੇ ਪਿਤਾ ਰਾਜੇਸ਼ ਖਰਬੰਦਾ ਨੇ ਨਵੇਂ ਸਿਰੇ ਤੋਂ ਵੱਖ-ਵੱਖ ਕਲੱਬਾਂ ਨੂੰ ਫੁੱਟਬਾਲ ਦੇ ਪ੍ਰਤੀ ਪ੍ਰੇਰਿਤ ਕੀਤਾ ਤੇ ਅੱਜ ਹੁਸ਼ਿਆਰਪੁਰ, ਰੁੜਕਾ ਕਲਾਂ ਤੇ ਪਠਾਨਕੋਟ ਸਮੇਤ ਕਈ ਹਿੱਸਿਆਂ 'ਚ ਮੁੜ ਤੋਂ ਫੁੱਟਬਾਲ ਨਜ਼ਰ ਆਉਣ ਲੱਗਾ ਹੈ।
ਖੇਡ 'ਚ ਬਦਲਾਅ ਦਾ ਸਫ਼ਰ
ਮਿਊਜ਼ੀਅਮ 'ਚ ਪਹੁੰਚ ਕੇ ਅਹਿਸਾਸ ਹੋ ਜਾਵੇਗਾ ਕਿ ਕਿਸ ਤਰ੍ਹਾਂ ਸਮੇਂ ਦੇ ਨਾਲ-ਨਾਲ ਖੇਡਾਂ ਦੀ ਤਕਨੀਕ ਬਦਲੀ ਤੇ ਉਸਦੇ ਹਿਸਾਬ ਨਾਲ ਖੇਡ ਉਦਯੋਗ ਨੇ ਖਿਡਾਰੀਆਂ ਦੀ ਸਹੂਲਤ ਨੂੰ ਧਿਆਨ 'ਚ ਰੱਖਦੇ ਹੋਏ ਨਵੇਂ ਨਵੇਂ ਤਜਰਬੇ ਕੀਤੇ।
ਓਜਸ ਦੱਸਦੇ ਹਨ ਕਿ ਇਕ ਦਿਨ ਘਰ 'ਚ ਫੀਤੇ ਵਾਲੇ ਫੁੱਟਬਾਲ 'ਤੇ ਨਜ਼ਰ ਪਈ। ਦਾਦਾ ਵਿਜੈ ਖਰਬੰਦਾ ਤੋਂ ਪੁੱਛਿਆ ਤਾਂ ਉਨ੍ਹਾਂ ਨੇ ਇਸ ਦਾ ਰੋਚਕ ਇਤਿਹਾਸ ਦੱਸਿਆ। ਇੱਥੋਂ ਹੀ ਮਿਊਜ਼ੀਅਮ ਦਾ ਆਈਡੀਆ ਆਇਆ। ਜਲੰਧਰ ਦੇ ਲੈਦਰ ਕੰਪਲੈਕਸ 'ਚ ਸਥਿਤ ਨੀਵੀਆ ਫੈਕਟਰੀ 'ਚ ਮਿਊਜ਼ੀਅਮ ਬਣਾਇਆ। ਸਭ ਤੋਂ ਪਹਿਲਾਂ ਉਸੇ ਫੀਤੇ ਵਾਲੇ ਫੁੱਟਬਾਲ ਦੀ ਚੋਣ ਕੀਤੀ। ਪਰਿਵਾਰ ਤੋਂ ਭਰਪੂਰ ਮਦਦ ਮਿਲੀ। ਖੇਡ ਸਾਮਾਨ ਬਣਾਉਣ ਵਾਲੇ ਲੋਕਾਂ ਨਾਲ ਸੰਪਰਕ ਕੀਤਾ। ਸੋਸ਼ਲ ਮੀਡੀਆ 'ਤੇ ਵੀ ਮੁਹਿੰਮ ਚਲਾਈ। ਲੋਕਾਂ ਨੂੰ ਖੇਡਾਂ ਦੇ ਪੁਰਾਣੇ ਸਾਮਾਨ ਨੂੰ ਦਾਨ ਕਰਨ ਦੀ ਅਪੀਲ ਕੀਤੀ। ਚੰਗਾ ਹੁੰਗਾਰਾ ਮਿਲਿਆ ਤੇ ਲੋਕ ਵਧ ਚੜ੍ਹ ਕੇ ਯੋਗਦਾਨ ਕਰ ਰਹੇ ਹਨ।