ਬੱਚੀ ਨੂੰ ਸਕੂਲੋਂ ਕੱਢਣ ਮਾਮਲੇ ’ਚ ਪੰਜਾਬ ਰਾਜ ਬਾਲ ਕਮਿਸ਼ਨ ਨੇ ਸੁਣਾਈ ਸਜ਼ਾ, 20 ਬੱਚਿਆਂ ਨੂੰ ਸਰਕਾਰੀ ਸਕੂਲ ’ਚ ਦਾਖ਼ਲ ਕਰਵਾਉਣ ਦੇ ਦਿੱਤੇ ਆਦੇਸ਼
ਪੜ੍ਹਦੇ ਦੋਹਾਂ ਬੱਚਿਆਂ ਦੀ ਆਖ਼ਰੀ ਤਿਮਾਹੀ ਦੀ ਫ਼ੀਸ ਲੈਣ ਤੋਂ ਮਨਾਹੀ ਕਰ ਦਿੱਤੀ ਹੈ। ਕਮਿਸ਼ਨ ਨੇ ਸਕੂਲ ਦੀ ਪ੍ਰਬੰਧਕ ਕਵਿਤਾ ਸ਼ਰਮਾ ਨੂੰ ਸਜ਼ਾ ਸੁਣਾਉਂਦੇ ਹੋਏ ਹੁਕਮ ਦਿੱਤਾ ਕਿ ਸਕੂਲ ਵਿਚ ਫ਼ੀਸ ਸਬੰਧੀ ਮਾਮਲਿਆਂ ਦਾ ਹੱਲ ਸਿਰਫ਼ ਫ਼ੀਸ ਸੈਕਸ਼ਨ ਨਾਲ ਹੋਵੇਗਾ।
Publish Date: Thu, 27 Feb 2025 09:05 AM (IST)
Updated Date: Thu, 27 Feb 2025 09:50 AM (IST)
ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ, ਹੁਸ਼ਿਆਰਪੁਰ : 27 ਨਵੰਬਰ 2024 ਨੂੰ ਮਾਹਿਲਪੁਰ ਵਿਚ ਦਿੱਲੀ ਪਬਲਿਕ ਸਕੂਲ ਦੀ ਬਰਾਂਚ ਵਿਚ ਤਾਇਨਾਤ ਪ੍ਰਬੰਧਕ ਵਲੋਂ ਫ਼ੀਸ ਲਈ ਬੱਚੀ ਨੂੰ ਬਾਂਹ ਤੋਂ ਫੜ ਕੇ ਬਾਹਰ ਕੱਢਣ ਦੇ ਮਾਮਲੇ ’ਚ ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਨੇ ਆਪਣਾ ਫ਼ੈਸਲਾ ਸੁਣਾਉਂਦੇ ਹੋਏ ਇਸ ਬਰਾਂਚ ਵਿਚ ਤਾਇਨਾਤ ਪ੍ਰਬੰਧਕ ਨੂੰ ਸਿੱਖਿਆ ਵਿਭਾਗ ਨਾਲ ਸਬੰਧਤ ਹੋਣ ਕਰਕੇ ਸੰਗਠਿਤ ਸਹੂਲਤ ਦੀ ਸਜ਼ਾ ਸੁਣਾਈ ਹੈ ਤੇ ਆਪਣੇ ਵਿਹਾਰ ਦੀ ਮਾਫ਼ੀ ਮੰਗੀ ਹੈ।
ਪੰਜਾਬ ਰਾਜ ਬਾਲ ਕਮਿਸ਼ਨ ਨੇ ਪੀੜਤ ਮਾਪਿਆਂ ਦੀ ਸਮਾਜਿਕ ਤੌਰ ’ਤੇ ਹੋਏ ਖੱਜਲ-ਖੁਆਰੀ ਲਈ ਸਕੂਲ ਵਿਚ ਪਰਿਵਾਰ ਦੇ ਪੜ੍ਹਦੇ ਦੋਹਾਂ ਬੱਚਿਆਂ ਦੀ ਆਖ਼ਰੀ ਤਿਮਾਹੀ ਦੀ ਫ਼ੀਸ ਲੈਣ ਤੋਂ ਮਨਾਹੀ ਕਰ ਦਿੱਤੀ ਹੈ। ਕਮਿਸ਼ਨ ਨੇ ਸਕੂਲ ਦੀ ਪ੍ਰਬੰਧਕ ਕਵਿਤਾ ਸ਼ਰਮਾ ਨੂੰ ਸਜ਼ਾ ਸੁਣਾਉਂਦੇ ਹੋਏ ਹੁਕਮ ਦਿੱਤਾ ਕਿ ਸਕੂਲ ਵਿਚ ਫ਼ੀਸ ਸਬੰਧੀ ਮਾਮਲਿਆਂ ਦਾ ਹੱਲ ਸਿਰਫ਼ ਫ਼ੀਸ ਸੈਕਸ਼ਨ ਨਾਲ ਹੋਵੇਗਾ। ਸਰਵੇ ਕਰਕੇ 31 ਮਾਰਚ ਤੱਕ 20 ਬੱਚਿਆਂ ਨੂੰ ਲੱਭ ਕੇ ਉਨ੍ਹਾਂ ਦਾ ਦਾਖ਼ਲਾ ਸਰਕਾਰੀ ਸਕੂਲ ਵਿਚ ਕਰਵਾਉਣਗੇ। ਨਾਲ ਹੀ ਕਮਿਸ਼ਨ ਨੇ ਪ੍ਰਬੰਧਕ ਨੂੰ ਹਦਾਇਤ ਕੀਤੀ ਕਿ ਉਹ ਬੱਚਿਆਂ ਨੂੰ ਕਿਤਾਬਾਂ ਤੇ ਹੋਰ ਸਮੱਖਿਆ ਸਮੱਗਰੀ ਦੇਣ ਲਈ ਪਾਬੰਦ ਹੋਣਗੇ। ਕਵਿਤਾ ਸ਼ਰਮਾ ਨੇ ਤੈਸ਼ ਵਿਚ ਆ ਕੇ ਉੱਚੀ ਬੋਲਣ ਦੇ ਦੋਸ਼ਾਂ ਨੂੰ ਸਵੀਕਾਰਦੇ ਹੋਏ ਆਪਣੇ ਵਿਹਾਰ ਲਈ ਮਾਫ਼ੀ ਮੰਗ ਲਈ ਹੈ।
ਇਹ ਹੈ ਮਾਮਲਾ
ਕਮਿਸ਼ਨ ਨੂੰ ਆਪਣੇ ਬਿਆਨ ਦਿੰਦੇ ਹੋਏ ਬੱਚੀ ਦੀ ਮਾਤਾ ਪੂਜਾ ਰਾਣੀ ਨੇ ਦੱਸਿਆ ਸੀ ਕਿ ਉਸ ਦੀ ਬੱਚੀ ਮਾਹਿਲਪੁਰ ਦੇ ਦਿੱਲੀ ਇੰਟਰਨੈਸ਼ਨਲ ਸਕੂਲ ਵਿਚ ਪੜ੍ਹਦੀ ਹੈ। 27 ਨਵੰਬਰ 2024 ਨੂੰ ਬੱਚੀ ਨੂੰ ਸਕੂਲ ਪ੍ਰਬੰਧਕਾਂ ਨੇ ਇਸ ਲਈ ਬਾਂਹ ਫੜ ਕੇ ਸਕੂਲ ਵਿੱਚੋਂ ਕੱਢ ਦਿੱਤਾ ਕਿਉਂਕਿ ਗਲਤ ਫ਼ੀਸ ਨੂੰ ਲੈ ਕੇ ਉਸ ਦਾ ਸਕੂਲ ਨਾਲ ਕੁਝ ਰੌਲਾ ਸੀ। ਉਸ ਨੇ ਦੱਸਿਆ ਕਿ ਉਹ ਆਪਣੀ ਚਾਰ ਸਾਲਾ ਬੱਚੀ ਨੂੰ ਸਵੇਰੇ ਸਕੂਲ ਲੱਗਣ ਸਮੇਂ ਸਕੂਲ ਛੱਡ ਕੇ ਆਈ ਸੀ। ਉਹ ਅਜੇ ਸਕੂਲ ਦੇ ਬਾਹਰ ਹੀ ਸੀ ਕਿ ਸਕੂਲ ਦੀ ਅਧਿਆਪਕਾ ਨੇ ਉਸ ਦੀ ਬੱਚੀ ਨੂੰ ਫ਼ੀਸ ਲਈ ਹੱਥ ਫੜ ਕੇ ਬੈਗ ਸਮੇਤ ਸਕੂਲੋਂ ਬਾਹਰ ਕੱਢ ਦਿੱਤਾ ਅਤੇ ਉਸ ਦੀ ਬੱਚੀ ਸਕੂਲ ਦੇ ਮੁੱਖ ਗੇਟ ਵਿਚ ਖੜ੍ਹੀ ਰੋਣ ਲੱਗ ਪਈ। ਜਦੋਂ ਆਪਣੀ ਬੱਚੀ ਦੀ ਹਾਲਤ ਅਤੇ ਸਕੂਲ ਤੋਂ ਬਾਹਰ ਕੱਢਣ ’ਤੇ ਇਤਰਾਜ਼ ਜਤਾਇਆ ਤਾਂ ਉਨ੍ਹਾਂ ਨੂੰ ਸਕੂਲ ਅੰਦਰ ਹੀ ਉੱਚਾ-ਨੀਵਾਂ ਬੋਲਿਆ ਗਿਆ।