ਪੰਜਾਬ ਸਰਕਾਰ ਦੇ ਦਾਅਵਿਆਂ ਦੀ ਨਿਕਲੀ ਫੂਕ, ਸਿਵਲ ਹਸਪਤਾਲ ’ਚ ਠੰਢ ਨਾਲ ਕੁੰਗੜ ਰਹੇ ਮਰੀਜ਼; ਸਟਾਫ਼ ਨੇ ਨਾ ਲਈ ਸਾਰ
ਸਪਤਾਲ ਦਾ ਸਟਾਫ ਕਹਿੰਦਾ ਹੈ ਕਿ ਮਰੀਜ਼ ਕੰਬਲ ਘਰ ਲੈ ਜਾਂਦੇ ਹਨ, ਇਸ ਲਈ ਉਹ ਕੰਬਲ ਜਾਰੀ ਕਰਨ ਤੋਂ ਕਤਰਾਉਂਦੇ ਹਨ ਤੇ ਇਸ ਤਰ੍ਹਾਂ ਆਪਣੀ ਡਿਊਟੀ ਤੋਂ ਪੱਲਾ ਝਾੜ ਲੈਂਦੇ ਹਨ।
Publish Date: Mon, 08 Dec 2025 11:17 AM (IST)
Updated Date: Mon, 08 Dec 2025 11:24 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਤਾਪਮਾਨ ਦਾ ਪਾਰਾ ਡਿੱਗਣ ਨਾਲ ਘੱਟੋ-ਘੱਟ ਤਾਪਮਾਨ 6 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ ਤੇ ਠੰਢ ਨੇ ਜ਼ੋਰ ਫੜਨਾ ਸ਼ੁਰੂ ਕਰ ਦਿੱਤਾ ਹੈ, ਲੋਕ ਠਿਠੁਰ ਰਹੇ ਹਨ। ਸਿਵਲ ਹਸਪਤਾਲ ਦੀ ਹਾਲਤ ਇਹ ਹੈ ਕਿ ਲਗਪਗ 1150 ਕੰਬਲ ਹੋਣ ਦੇ ਬਾਵਜੂਦ ਮਰੀਜ਼ਾਂ ਨੂੰ ਕੰਬਲ ਨਸੀਬ ਨਹੀਂ ਹੋ ਰਹੇ। ਹਸਪਤਾਲ ਦੇ ਕੰਬਲ ਅਲਮਾਰੀਆਂ ’ਚ ਬੰਦ ਪਏ ਹਨ ਤੇ ਮਰੀਜ਼ ਸਰਦੀ ਨਾਲ ਕੰਬ ਰਹੇ ਹਨ। ਮਰੀਜ਼ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਠੰਢ ਤੋਂ ਬਚਣ ਲਈ ਘਰਾਂ ਤੋਂ ਕੰਬਲ ਲਿਆ ਰਹੇ ਹਨ। ਮਰੀਜ਼ਾਂ ਦੀ ਇਸ ਸਮੱਸਿਆ ਤੋਂ ਹਸਪਤਾਲ ਪ੍ਰਸ਼ਾਸਨ ਬੇਖ਼ਬਰ ਬੈਠਾ ਹੈ। ਹਸਪਤਾਲ ਦਾ ਸਟਾਫ ਕਹਿੰਦਾ ਹੈ ਕਿ ਮਰੀਜ਼ ਕੰਬਲ ਘਰ ਲੈ ਜਾਂਦੇ ਹਨ, ਇਸ ਲਈ ਉਹ ਕੰਬਲ ਜਾਰੀ ਕਰਨ ਤੋਂ ਕਤਰਾਉਂਦੇ ਹਨ ਤੇ ਇਸ ਤਰ੍ਹਾਂ ਆਪਣੀ ਡਿਊਟੀ ਤੋਂ ਪੱਲਾ ਝਾੜ ਲੈਂਦੇ ਹਨ। ਸਿਵਲ ਹਸਪਤਾਲ ’ਚ ਸਾਲ 2024 ਤੇ 2025 ’ਚ ਦਾਨੀਆਂ ਵੱਲੋਂ ਕੁੱਲ 1150 ਕੰਬਲ ਦਾਨ ਕੀਤੇ ਗਏ ਸਨ। ਕੁਝ ਕੰਬਲ ਵਾਰਡਾਂ ’ਚ ਵੰਡੇ ਵੀ ਗਏ ਪਰ ਦਾਖ਼ਲ ਮਰੀਜ਼ਾਂ ਨੂੰ ਇਹ ਕੰਬਲ ਦੇਣ ਲਈ ਸਟਾਫ ਤਿਆਰ ਨਹੀਂ। ਜਦੋਂ ਕਿ ਠੰਢ ਸਿਖਰ ’ਤੇ ਪਹੁੰਚ ਰਹੀ ਹੈ, ਹਸਪਤਾਲ ਪ੍ਰਸ਼ਾਸਨ ਨੇ ਵਾਰਡਾਂ ਦਾ ਦੌਰਾ ਕਰ ਕੇ ਮਰੀਜ਼ਾਂ ਦੀ ਹਾਲਤ ਜਾਣਨ ਦੀ ਕੋਈ ਜ਼ਹਿਮਤ ਨਹੀਂ ਕੀਤੀ। ਸਿਵਲ ਹਸਪਤਾਲ ਦੀ ਸਮਰੱਥਾ ਲਗਪਗ 550 ਬੈੱਡ ਹੈ ਤੇ ਔਸਤਨ 300 ਬੈੱਡ ਭਰੇ ਰਹਿੰਦੇ ਹਨ। ਹਸਪਤਾਲ ਕੋਲ ਪ੍ਰਾਪਤ ਮਾਤਰਾ ’ਚ ਕੰਬਲ ਹੋਣ ਦੇ ਬਾਵਜੂਦ ਮਰੀਜ਼ ਕੰਬਲ ਲਈ ਤਰਸ ਰਹੇ ਹਨ। ਮੈਡੀਕਲ ਵਾਰਡ ’ਚ ਦਾਖ਼ਲ ਮਰੀਜ਼ ਦੇ ਪਰਿਵਾਰਕ ਮੈਂਬਰ ਰਣਜੀਤ ਕੌਰ ਨੇ ਦੱਸਿਆ ਕਿ ਉਹ ਆਪਣੇ ਪਤੀ ਨੂੰ ਚਾਰ ਦਿਨ ਪਹਿਲਾਂ ਨਕੋਦਰ ਨੇੜਲੇ ਪਿੰਡ ਤੋਂ ਜਲੰਧਰ ਸਿਵਲ ਹਸਪਤਾਲ ਲਿਆਈ ਸੀ। ਉਹ ਘਰੋਂ ਸਿਰਫ਼ ਇਕ ਕੰਬਲ ਲਿਆਏ ਸਨ। ਹਸਪਤਾਲ ਵੱਲੋਂ ਕੋਈ ਕੰਬਲ ਨਹੀਂ ਦਿੱਤਾ ਗਿਆ। ਸਟਾਫ ਨਾਲ ਵੀ ਗੱਲ ਕੀਤੀ ਪਰ ਉਨ੍ਹਾਂ ਨੇ ਟਾਲ-ਮਟੋਲ ਕਰ ਦਿੱਤਾ। ਆਖ਼ਿਰਕਾਰ ਉਨ੍ਹਾਂ ਨੇ ਜਲੰਧਰ ਰਹਿੰਦੇ ਰਿਸ਼ਤੇਦਾਰ ਤੋਂ ਕਂਬਲ ਮੰਗਵਾ ਕੇ ਠੰਢ ਤੋਂ ਬਚਾਅ ਕੀਤਾ। ਹਸਪਤਾਲ ਦੀ ਮੈਟਰਨ ਜਸਬੀਰ ਕੌਰ ਨੇ ਮੰਨਿਆ ਕਿ ਉਹ ਇਸ ਮਾਮਲੇ ’ਤੇ ਧਿਆਨ ਨਹੀਂ ਦੇ ਸਕੀ। ਉਸਨੇ ਕਿਹਾ ਕਿ ਉਹ ਵਾਰਡਾਂ ਦਾ ਦੌਰਾ ਕਰ ਕੇ ਜਾਂਚ ਕਰੇਗੀ ਤੇ ਸਟਾਫ ਨੂੰ ਹਦਾਇਤ ਦਿੱਤੀ ਜਾਵੇਗੀ ਕਿ ਮਰੀਜ਼ ਨੂੰ ਦਿੱਤਾ ਕੰਬਲ ਉਸਦੀ ਫਾਈਲ ’ਤੇ ਦਰਜ ਕੀਤਾ ਜਾਵੇ, ਤਾਂ ਜੋ ਡਿਸਚਾਰਜ ਵੇਲੇ ਕੰਬਲ ਵਾਪਸ ਮੰਗਵਾਇਆ ਜਾ ਸਕੇ। ਉੱਥੇ ਹੀ ਹਸਪਤਾਲ ਦੀ ਵਰਕਿੰਗ ਐੱਮਐੱਸ ਡਾ. ਵਰਿੰਦਰ ਕੌਰ ਥਿੰਦ ਨੇ ਕਿਹਾ ਕਿ ਮਾਮਲਾ ਕਾਫ਼ੀ ਗੰਭੀਰ ਹੈ। ਉਹ ਸਬੰਧਤ ਐੱਸਐੱਮਓ ਨੂੰ ਵਾਰਡਾਂ ਦਾ ਦੌਰਾ ਕਰਨ, ਜਾਂਚ ਕਰਨ ਤੇ ਮਰੀਜ਼ਾਂ ਨੂੰ ਕੰਬਲ ਵੰਡਣ ਲਈ ਕਹੇਗੀ। ਹਸਪਤਾਲ ਪ੍ਰਸ਼ਾਸਨ ਦੇ ਮੁਤਾਬਕ ਉਨ੍ਹਾਂ ਕੋਲ ਕੰਬਲਾਂ ਦਾ ਕਾਫ਼ੀ ਸਟਾਕ ਮੌਜੂਦ ਹੈ।