ਸੜਕ ਸੁਰੱਖਿਆ ਕਮੇਟੀ ਦੇ ਮੈਂਬਰ ਸੁਰਿੰਦਰ ਸੈਣੀ ਨੇ ਦੱਸਿਆ ਕਿ ਉਹ ਕਈ ਮੀਟਿੰਗਾਂ ’ਚ ਗੈਰ-ਕਾਨੂੰਨੀ ਕੱਟਾਂ ਤੇ ਬਲੈਕ ਸਪਾਟਾਂ ਦਾ ਮੁੱਦਾ ਉਠਾ ਚੁੱਕੇ ਹਨ ਪਰ ਅਧਿਕਾਰੀ ਇਸ ਨੂੰ ਨਜ਼ਰਅੰਦਾਜ਼ ਕਰਦੇ ਹਨ। ਦੋ ਮੀਟਿੰਗਾਂ ਪਹਿਲਾਂ ਡੀਸੀ ਨੇ ਐੱਨਐੱਚਏਆਈ ਅਧਿਕਾਰੀਆਂ ਤੋਂ ਇਨ੍ਹਾਂ ਨਾਜਾਇਜ ਕੱਟਾਂ ਤੇ ਬਲੈਕ ਸਪਾਟਾਂ ਦੀ ਲਿਸਟ ਵੀ ਮੰਗੀ ਸੀ, ਜੋ ਐੱਨਐੱਚਏਆਈ ਨੇ ਸੌਂਪੀ ਵੀ ਸੀ ਪਰ ਹਾਲਾਤ ਫਿਰ ਵੀ ਜਿਵੇਂ ਦੇ ਤਿਵੇਂ ਹਨ, ਕੋਈ ਸੁਧਾਰ ਨਹੀਂ ਹੋਇਆ

ਡਿਪਟੀ ਚੀਫ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਤੋਂ ਭੋਗਪੁਰ ਹਾਈਵੇ ’ਤੇ ਗੈਰ-ਕਾਨੂੰਨੀ ਕੱਟ ਰੁਕਣ ਦਾ ਨਾਮ ਨਹੀਂ ਲੈ ਰਹੇ ਤੇ ਇਸ ਹਾਈਵੇ ’ਤੇ ਚਲਦੇ ਹਰ ਕਦਮ ’ਤੇ ਖਤਰਾ ਮੌਜੂਦ ਹੈ। 25 ਕਿਲੋਮੀਟਰ ਦੇ ਇਸ ਰਸਤੇ ’ਤੇ 15 ਅਜੇਹੇ ਕੱਟ ਹਨ ਜਿੱਥੇ ਪਿਛਲੇ ਇਕ ਸਾਲ ’ਚ ਅੱਠ ਹਾਦਸੇ ਹੋ ਚੁੱਕੇ ਹਨ ਪਰ ਫਿਰ ਵੀ ਜ਼ਿੰਮੇਵਾਰ ਅਧਿਕਾਰੀ ਇਨ੍ਹਾਂ ਮੌਤਾਂ ਵਾਲੇ ਕੱਟਾਂ ਨੂੰ ਨਜ਼ਰਅੰਦਾਜ਼ ਕਰ ਰਹੇ ਹਨ।
ਹਾਦਸਾ ਹੋਣ ਤੋਂ ਬਾਅਦ ਬਚਣ ਲਈ ਜ਼ਿੰਮੇਵਾਰੀ ਇਕ-ਦੂਜੇ ਦੇ ਸਿਰ ਪਾ ਦਿੱਤੀ ਜਾਂਦੀ ਹੈ ਤੇ ਸਮਾਂ ਬਚਾਉਣ ਦੇ ਚੱਕਰ ’ਚ ਲੋਕ ਇਨ੍ਹਾਂ ਨਾਜਾਇਜ਼ ਕੱਟਾਂ ਤੋਂ ਨਿਕਲ ਕੇ ਆਪਣੀ ਤੇ ਦੂਜਿਆਂ ਦੀ ਜਾਨ ਨੂੰ ਖਤਰੇ ’ਚ ਪਾਂਦੇ ਹਨ। ਇਹ ਕੱਟ ਇਸ ਤਰੀਕੇ ਨਾਲ ਬਣਾਏ ਗਏ ਹਨ ਕਿ ਸੜਕ ਪਾਰ ਕਰਦੇ ਹੋਏ ਕਿਸੇ ਦੀ ਵੀ ਜਾਨ ਜਾ ਸਕਦੀ ਹੈ। 25 ਕਿਲੋਮੀਟਰ ਦੇ ਇਸ ਹਾਈਵੇ ’ਤੇ ਕੇਵਲ ਦੋ ਹੀ ਸਪੀਡ ਸਾਈਨ ਬੋਰਡ ਹਨ ਤੇ ਉਹ ਵੀ ਸੜਕ ਤੋਂ ਕਾਫ਼ੀ ਪਿੱਛੇ ਲੱਗੇ ਹੋਏ ਹਨ।
ਮੰਗਲਵਾਰ ਦੁਪਹਿਰ ਪਠਾਨਕੋਟ ਚੌਕ ਤੋਂ ਭੋਗਪੁਰ ਤੱਕ 25 ਕਿਲੋਮੀਟਰ ਰਸਤੇ ਦੀ ਜਾਂਚ ਕਰਨ ’ਤੇ ਕਈ ਖਾਮੀਆਂ ਸਾਹਮਣੇ ਆਈਆਂ। ਲੋਕਾਂ ਨੇ ਆਪਣੀ ਸਹੂਲਤ ਲਈ ਹਾਈਵੇ ਦੇ ਫੁੱਟਪਾਥ ’ਤੇ ਲੱਗੀ ਲੋਹੇ ਦੀ ਗ੍ਰਿੱਲ ਤੋੜ ਕੇ ਰਸਤੇ ਬਣਾਏ ਹੋਏ ਸਨ, ਜਿਥੋਂ ਉਹ ਸ਼ਾਰਟਕੱਟ ਲੈ ਕੇ ਤੇਜ਼ ਰਫ਼ਤਾਰ ਨਾਲ ਜਾਂਦੇ ਸੜਕ ’ਤੇ ਦੇਖੇ ਗਏ।
ਇਹ ਬੇਧਿਆਨੀ ਸਿਰਫ਼ ਉਨ੍ਹਾਂ ਨਹੀਂ, ਹੋਰਾਂ ਦੀ ਜਾਨ ਨੂੰ ਵੀ ਖਤਰੇ ’ਚ ਪਾ ਰਹੀ ਹੈ। ਯਾਤਰਾ ਨਿਯਮਾਂ ਦੀ ਉਲੰਘਣਾ ਤੇ ਸੜਕ ਸੁਰੱਖਿਆ ਪ੍ਰਬੰਧਾਂ ਦੀ ਕਮੀ ਕਾਰਨ ਪਿਛਲੇ ਸਾਲ ਇਸ ਹਾਈਵੇ ’ਤੇ ਅੱਠ ਲੋਕਾਂ ਦੀ ਜਾਨ ਗਈ। ਸੜਕ ਸੁਰੱਖਿਆ ਕਮੇਟੀ ਦੀਆਂ ਮੀਟਿੰਗਾਂ ’ਚ ਨਾਜਾਇਜ ਕੱਟਾਂ ਅਤੇ ਬਲੈਕ ਸਪਾਟਾਂ ਨੂੰ ਦੂਰ ਕਰਨ ਦੀ ਗੱਲ ਕੀਤੀ ਜਾਂਦੀ ਹੈ ਪਰ ਕੁਝ ਸਮੇਂ ਬਾਅਦ ਇਹ ਮੁੱਦਾ ਫਿਰ ਪਾਸੇ ਰੱਖ ਦਿੱਤਾ ਜਾਂਦਾ ਹੈ। ਪਿਛਲੇ ਇਕ ਸਾਲ ’ਚ ਸੁਧਾਰ ਤਾਂ ਦੂਰ, ਨਾਜਾਇਜ ਕੱਟਾਂ ਦੀ ਗਿਣਤੀ ਹੋਰ ਵਧ ਗਈ ਹੈ।
ਹਾਈਵੇ ’ਤੇ ਨੂਰਪੁਰ ਅੱਡਾ ਤੇ ਕਾਲਾ ਬੱਕਰਾ ਦੇ ਨੇੜੇ ਫੁੱਟਪਾਥ ਦੇ ਵਿਚਕਾਰ ਲੱਗੀ ਲੋਹੇ ਦੀ ਗ੍ਰਿਲ ਲੋਕਾਂ ਵੱਲੋਂ ਤੋੜੀ ਗਈ ਹੈ। ਇਨ੍ਹਾਂ ਟੁੱਟੇ ਰਸਤਿਆਂ ਰਾਹੀਂ ਲੋਕ ਜੁਗਾੜ ਨਾਲ ਸੜਕ ਪਾਰ ਕਰਦੇ ਹਨ, ਜਿਥੇ ਤੇਜ਼ ਰਫ਼ਤਾਰ ਨਾਲ ਦੌੜਦੇ ਵਾਹਨ ਹਾਦਸਿਆਂ ਦਾ ਕਾਰਨ ਬਣ ਸਕਦੇ ਹਨ। ਲੋਕਾਂ ਨੂੰ ਪਤਾ ਹੋਣ ਦੇ ਬਾਵਜੂਦ ਕਿ ਵਾਹਨ ਤੇਜ਼ੀ ਨਾਲ ਆ ਰਹੇ ਹਨ, ਫਿਰ ਵੀ ਉਹ ਲਾਪਰਵਾਹੀ ਨਾਲ ਸ਼ਾਰਟਕੱਟ ਵਰਤਦੇ ਹਨ ਤੇ ਜਾਨ–ਮਾਲ ਨੂੰ ਖਤਰੇ ’ਚ ਪਾਉਂਦੇ ਹਨ।
ਗੈਰ-ਕਾਨੂੰਨੀ ਕੱਟਾਂ ਤੇ ਬਲੈਕ ਸਪਾਟ ਦੇ ਮੁੱਦੇ ਕਈ ਵਾਰ ਚੁੱਕੇ ਪਰ ਅਧਿਕਾਰੀ ਨਜ਼ਰਅੰਦਾਜ਼ ਕਰ ਰਹੇ
ਸੜਕ ਸੁਰੱਖਿਆ ਕਮੇਟੀ ਦੇ ਮੈਂਬਰ ਸੁਰਿੰਦਰ ਸੈਣੀ ਨੇ ਦੱਸਿਆ ਕਿ ਉਹ ਕਈ ਮੀਟਿੰਗਾਂ ’ਚ ਗੈਰ-ਕਾਨੂੰਨੀ ਕੱਟਾਂ ਤੇ ਬਲੈਕ ਸਪਾਟਾਂ ਦਾ ਮੁੱਦਾ ਉਠਾ ਚੁੱਕੇ ਹਨ ਪਰ ਅਧਿਕਾਰੀ ਇਸ ਨੂੰ ਨਜ਼ਰਅੰਦਾਜ਼ ਕਰਦੇ ਹਨ। ਦੋ ਮੀਟਿੰਗਾਂ ਪਹਿਲਾਂ ਡੀਸੀ ਨੇ ਐੱਨਐੱਚਏਆਈ ਅਧਿਕਾਰੀਆਂ ਤੋਂ ਇਨ੍ਹਾਂ ਨਾਜਾਇਜ ਕੱਟਾਂ ਤੇ ਬਲੈਕ ਸਪਾਟਾਂ ਦੀ ਲਿਸਟ ਵੀ ਮੰਗੀ ਸੀ, ਜੋ ਐੱਨਐੱਚਏਆਈ ਨੇ ਸੌਂਪੀ ਵੀ ਸੀ ਪਰ ਹਾਲਾਤ ਫਿਰ ਵੀ ਜਿਵੇਂ ਦੇ ਤਿਵੇਂ ਹਨ, ਕੋਈ ਸੁਧਾਰ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਸੜਕ ਬਣਾਉਣ ਵੇਲੇ ਲਾਪਰਵਾਹੀ ਕਰਨ ਵਾਲੇ ਅਧਿਕਾਰੀਆਂ ’ਤੇ ਕਾਰਵਾਈ ਹੋਣੀ ਚਾਹੀਦੀ ਹੈ, ਤਾਂ ਜੋ ਉਨ੍ਹਾਂ ਨੂੰ ਸਬਕ ਮਿਲੇ।