ਸ਼ਹਿਜ਼ਾਦ ਭੱਟੀ ਦਾ ਨੈੱਟਵਰਕ ਡਰੱਗ ਤਸਕਰੀ, ਹਵਾਲਾ ਕਾਰੋਬਾਰ ਤੇ ਵਿਦੇਸ਼ੀ ਏਜੰਸੀਆਂ ਨਾਲ ਸਾਂਠਗਾਂਠ ਵਰਗੀਆਂ ਗਤੀਵਿਧੀਆਂ ’ਚ ਵੀ ਸਰਗਰਮ ਹੈ। ਪੰਜਾਬ ਪੁਲਿਸ ਵੱਲੋਂ ਡਰੱਗ ਤਸਕਰਾਂ ਤੇ ਕੀਤੀ ਜਾ ਰਹੀ ਕਾਰਵਾਈ ਦੇ ਮੱਦੇਨਜ਼ਰ ਕਿਹਾ ਗਿਆ ਸੀ ਕਿ ਇਹ ਹਮਲੇ ਪੁਲਿਸ ਦੇ ਦਬਾਅ ਨੂੰ ਭਟਕਾਉਣ ਜਾਂ ਬਦਲਾ ਲੈਣ ਦੀ ਕੋਸ਼ਿਸ਼ ਵੀ ਹੋ ਸਕਦੇ ਹਨ।

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪਾਕਿਸਤਾਨ ’ਚ ਸਰਗਰਮ ਮੰਨੇ ਜਾਂਦੇ ਅੰਡਰਵਰਲਡ ਡੋਨ ਸ਼ਹਿਜ਼ਾਦ ਭੱਟੀ ਦਾ ਨਾਮ ਪਿਛਲੇ ਕੁਝ ਮਹੀਨਿਆਂ ’ਚ ਪੰਜਾਬ ’ਚ ਸਾਹਮਣੇ ਆਏ ਕਈ ਗੰਭੀਰ ਮਾਮਲਿਆਂ ਨਾਲ ਜੋੜਿਆ ਗਿਆ ਹੈ। ਸ਼ਹਿਜ਼ਾਦ ਭੱਟੀ ਭਾਰਤ ’ਚ ਨਸ਼ੀਲੇ ਪਦਾਰਥਾਂ ਦੀ ਤਸਕਰੀ, ਗ੍ਰਨੇਡ ਹਮਲਿਆਂ ਤੇ ਸੋਸ਼ਲ ਮੀਡੀਆ ਰਾਹੀਂ ਉਕਸਾਉਣ ਵਾਲੀਆਂ ਗਤੀਵਿਧੀਆਂ ’ਚ ਸ਼ਾਮਲ ਰਿਹਾ ਹੈ। ਪੰਜਾਬ ਪੁਲਿਸ ਉਸ ਦੀ ਲੋਕੇਸ਼ਨ, ਨੈੱਟਵਰਕ ਤੇ ਭਾਰਤ ’ਚ ਸਰਗਰਮ ਮਾਡਿਊਲ ਦੀ ਗਹਿਰਾਈ ਨਾਲ ਜਾਂਚ ਕਰ ਰਹੀ ਹੈ।
ਜਲੰਧਰ ’ਚ ਸੋਸ਼ਲ ਮੀਡੀਆ ਇਨਫਲੂਐਂਸਰ ਦੇ ਘਰ ਗ੍ਰਨੇਡ ਹਮਲਾ
ਮਾਰਚ 2025 ’ਚ ਜਲੰਧਰ ਦੇ ਸੋਸ਼ਲ ਮੀਡੀਆ ਇਨਫਲੂਐਂਸਰ ਰੋਜ਼ਰ ਸੰਧੂ ਦੇ ਘਰ ਗ੍ਰਨੇਡ ਵਰਗਾ ਵਿਸਫੋਟਕ ਸੁੱਟਣ ਦੀ ਸਨਸਨੀਖੇਜ਼ ਘਟਨਾ ਸਾਹਮਣੇ ਆਈ ਸੀ। ਰਾਹਤ ਦੀ ਗੱਲ ਇਹ ਰਹੀ ਕਿ ਕਿਸੇ ਦੀ ਜਾਨ ਨੂੰ ਨੁਕਸਾਨ ਨਹੀਂ ਪਹੁੰਚਿਆ। ਬੰਬ ਨਿਰੋਧਕ ਦਸਤੇ ਨੇ ਮੌਕੇ ਤੋਂ ਇਕ ਸ਼ੱਕੀ ਧਾਤੂ ਵਸਤੂ ਬਰਾਮਦ ਕਰਕੇ ਜਾਂਚ ਲਈ ਭੇਜੀ। ਹਮਲੇ ਤੋਂ ਬਾਅਦ ਸ਼ਹਿਜ਼ਾਦ ਭੱਟੀ ਨੇ ਸੋਸ਼ਲ ਮੀਡੀਆ ’ਤੇ ਵੀਡੀਓ ਜਾਰੀ ਕਰ ਕੇ ਹਮਲੇ ਦੀ ਜ਼ਿੰਮੇਵਾਰੀ ਲਈ। ਉਸ ਨੇ ਦੋਸ਼ ਲਾਇਆ ਕਿ ਇਨਫਲੂਐਂਸਰ ਤੇ ਉਸਦੇ ਸਾਥੀ ਮੁਸਲਮਾਨਾਂ ਤੇ ਇਸਲਾਮ ਵਿਰੁੱਧ ਟਿੱਪਣੀਆਂ ਕਰ ਰਹੇ ਸਨ। ਭੱਟੀ ਨੇ ਭਵਿੱਖ ’ਚ ਵੀ ਅਜਿਹੇ ਹਮਲੇ ਜਾਰੀ ਰੱਖਣ ਦੀ ਧਮਕੀ ਦਿੱਤੀ, ਜਿਸ ਤੋਂ ਬਾਅਦ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ।
ਸਾਬਕਾ ਮੰਤਰੀ ਮਨੋਰੰਜਨ ਕਾਲੀਆ ਦੇ ਘਰ ਅੱਗੇ ਗ੍ਰਨੇਡ ਹਮਲਾ, ਅੰਤਰਰਾਸ਼ਟਰੀ ਮਾਡਿਊਲ ਦਾ ਸ਼ੱਕ
ਇਕ ਹੋਰ ਮਾਮਲੇ ’ਚ ਪੰਜਾਬ ਦੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਦੇ ਘਰ ਦੇ ਬਾਹਰ ਹੋਏ ਗ੍ਰਨੇਡ ਹਮਲੇ ’ਚ ਵੀ ਸ਼ਹਿਜ਼ਾਦ ਭੱਟੀ ਤੇ ਉਸਦੇ ਨੈੱਟਵਰਕ ਦੀ ਭੂਮਿਕਾ ਸ਼ੱਕ ਦੇ ਘੇਰੇ ’ਚ ਹੈ। ਇਸ ਹਮਲੇ ਦੀ ਜ਼ਿੰਮੇਵਾਰੀ ਵੀ ਭੱਟੀ ਨੇ ਵੀਡੀਓ ਜਾਰੀ ਕਰਕੇ ਲਈ ਸੀ, ਜਿਸ ’ਚ ਉਸ ਨੇ ਕਿਹਾ ਸੀ ਕਿ “ਪਹਿਲੇ ਧਮਾਕੇ ਦੀ ਆਵਾਜ਼ ਨਹੀੰ ਸੁਣੀ ਗਈ, ਪਰ ਹੁਣ ਤਾਂ ਸਭ ਨੇ ਇਹ ਧਮਾਕਾ ਸੁਣ ਲਿਆ ਹੋਵੇਗਾ।”
ਪੁਲਿਸ ਦਾ ਮੰਨਣਾ ਸੀ ਕਿ ਇਹ ਹਮਲਾ ਇਕ ਅੰਤਰਰਾਸ਼ਟਰੀ ਸਾਜ਼ਿਸ਼ ਦਾ ਹਿੱਸਾ ਹੋ ਸਕਦਾ ਹੈ, ਜਿਸ ਦਾ ਉਦੇਸ਼ ਪੰਜਾਬ ’ਚ ਅਸ਼ਾਂਤੀ ਪੈਦਾ ਕਰਨਾ ਤੇ ਫਿਰਕੂ ਮਾਹੌਲ ਨੂੰ ਖ਼ਰਾਬ ਕਰਨਾ ਸੀ।
ਡਰੱਗ ਤਸਕਰੀ ਤੇ ਨਾਜਾਇਜ਼ ਕਾਰੋਬਾਰ ਨਾਲ ਡੂੰਘੇ ਸਬੰਧ
ਸ਼ਹਿਜ਼ਾਦ ਭੱਟੀ ਦਾ ਨੈੱਟਵਰਕ ਡਰੱਗ ਤਸਕਰੀ, ਹਵਾਲਾ ਕਾਰੋਬਾਰ ਤੇ ਵਿਦੇਸ਼ੀ ਏਜੰਸੀਆਂ ਨਾਲ ਸਾਂਠਗਾਂਠ ਵਰਗੀਆਂ ਗਤੀਵਿਧੀਆਂ ’ਚ ਵੀ ਸਰਗਰਮ ਹੈ। ਪੰਜਾਬ ਪੁਲਿਸ ਵੱਲੋਂ ਡਰੱਗ ਤਸਕਰਾਂ ਤੇ ਕੀਤੀ ਜਾ ਰਹੀ ਕਾਰਵਾਈ ਦੇ ਮੱਦੇਨਜ਼ਰ ਕਿਹਾ ਗਿਆ ਸੀ ਕਿ ਇਹ ਹਮਲੇ ਪੁਲਿਸ ਦੇ ਦਬਾਅ ਨੂੰ ਭਟਕਾਉਣ ਜਾਂ ਬਦਲਾ ਲੈਣ ਦੀ ਕੋਸ਼ਿਸ਼ ਵੀ ਹੋ ਸਕਦੇ ਹਨ। ਭੱਟੀ ਕਈ ਵਾਰ ਸੋਸ਼ਲ ਮੀਡੀਆ ’ਤੇ ਇਸਲਾਮ ਦੇ ਨਾਮ ’ਤੇ ਗਲਤ ਬਿਆਨਬਾਜ਼ੀ ਕਰਨ ’ਤੇ ਹਮਲਿਆਂ ਦੀ ਧਮਕੀ ਦੇ ਚੁੱਕਾ ਹੈ। ਰੋਜ਼ਰ ਸੰਧੂ ਮਾਮਲੇ ਤੋਂ ਬਾਅਦ ਉਸਨੇ ਜਾਲੰਧਰ ਦੇ ਪੁਲਿਸ ਅਧਿਕਾਰੀਆਂ ਨੂੰ ਵੀ ਧਮਕੀ ਭਰੇ ਵੀਡੀਓ ਜਾਰੀ ਕੀਤੇ ਸਨ। ਇਸ ਤੋਂ ਬਾਅਦ ਪੰਜਾਬ ਪੁਲਿਸ ਨੇ ਉਸਦੇ ਸਾਰੇ ਸੋਸ਼ਲ ਮੀਡੀਆ ਅਕਾਊਂਟ ਭਾਰਤ ’ਚ ਬਲਾਕ ਕਰਵਾ ਦਿੱਤੇ ਸਨ। ਸ਼ਹਿਜ਼ਾਦ ਭੱਟੀ ਵਿਦੇਸ਼ ’ਚ ਹੋਣ ਦਾ ਦਾਅਵਾ ਕਰਦਾ ਹੈ।