ਪਿਛਲੇ ਤਿੰਨ ਮਹੀਨਿਆਂ 'ਚ ਅਜਿਹੇ 30 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ 20 ਮਾਮਲੇ ਇਕੱਲੇ ਬਜ਼ੁਰਗਾਂ ਨਾਲ ਸਬੰਧਤ ਹਨ। ਇਨ੍ਹਾਂ ਵਿੱਚੋਂ ਤਿੰਨ ਮਾਮਲਿਆਂ 'ਚ ਠੱਗਾਂ ਨੇ ਬਜ਼ੁਰਗਾਂ ਨੂੰ ਡਿਜੀਟਲ ਅਰੈੱਸਟ ਦਾ ਡਰ ਦਿਖਾ ਕੇ ਠੱਗਿਆ ਹੈ।

ਸੰਵਾਦ ਸਹਿਯੋਗੀ, ਜਲੰਧਰ : ਸਾਈਬਰ ਠੱਗ ਹੁਣ ਸਿਰਫ਼ ਕਾਲ, ਮੈਸੇਜ ਜਾਂ OTP ਰਾਹੀਂ ਨਹੀਂ ਸਗੋਂ ਪੁਲਿਸ ਦੀ ਵਰਦੀ ਪਹਿਨ ਕੇ ਵ੍ਹਟਸਐਪ 'ਤੇ ਵੀਡੀਓ ਕਾਲ ਰਾਹੀਂ ਬਜ਼ੁਰਗਾਂ ਨੂੰ ਠੱਗਣ ਦਾ ਨਵਾਂ ਤਰੀਕਾ ਅਪਣਾਉਣ ਲੱਗੇ ਹਨ। ਇਹ ਠੱਗ ਬਜ਼ੁਰਗਾਂ ਨੂੰ ਇਹ ਕਹਿ ਕੇ ਡਰਾਉਂਦੇ ਹਨ ਕਿ ਤੁਹਾਡੇ ਜਾਂ ਤੁਹਾਡੇ ਬੱਚੇ 'ਤੇ ਮਨੀ ਲਾਂਡਰਿੰਗ ਦਾ ਕੇਸ ਦਰਜ ਹੋ ਗਿਆ ਹੈ ਜਾਂ ਉਨ੍ਹਾਂ ਨੂੰ 'ਡਿਜੀਟਲ ਅਰੈੱਸਟ' ਦਾ ਸਾਹਮਣਾ ਕਰਨਾ ਪਵੇਗਾ। ਇਹ ਗੱਲ ਸੁਣ ਕੇ ਬਜ਼ੁਰਗ ਮਾਨਸਿਕ ਤੌਰ 'ਤੇ ਇੰਨਾ ਡਰ ਜਾਂਦੇ ਹਨ ਕਿ ਠੱਗਾਂ ਦੀ ਹਰ ਗੱਲ ਮੰਨਣ ਲੱਗ ਪੈਂਦੇ ਹਨ।
ਇਸ ਡਰ ਦਾ ਫਾਇਦਾ ਉਠਾ ਕੇ ਠੱਗ ਬਜ਼ੁਰਗਾਂ ਤੋਂ ਲੱਖਾਂ ਰੁਪਏ ਠੱਗ ਲੈਂਦੇ ਹਨ। ਪਿਛਲੇ ਤਿੰਨ ਮਹੀਨਿਆਂ 'ਚ ਅਜਿਹੇ 30 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ 20 ਮਾਮਲੇ ਇਕੱਲੇ ਬਜ਼ੁਰਗਾਂ ਨਾਲ ਸਬੰਧਤ ਹਨ। ਇਨ੍ਹਾਂ ਵਿੱਚੋਂ ਤਿੰਨ ਮਾਮਲਿਆਂ 'ਚ ਠੱਗਾਂ ਨੇ ਬਜ਼ੁਰਗਾਂ ਨੂੰ ਡਿਜੀਟਲ ਅਰੈੱਸਟ ਦਾ ਡਰ ਦਿਖਾ ਕੇ ਠੱਗਿਆ ਹੈ। ਪੀੜਤਾਂ ਨੇ ਆਪਣੀਆਂ ਸ਼ਿਕਾਇਤਾਂ ਪੁਲਿਸ ਨੂੰ ਦਿੱਤੀਆਂ ਹਨ, ਜਿਸ ਤੋਂ ਬਾਅਦ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤੇ ਗਏ ਹਨ।
ਸਾਈਬਰ ਠੱਗਾਂ ਨੇ ਹਰਗੋਬਿੰਦ ਨਗਰ ਨਿਵਾਸੀ ਜਸਬੀਰ ਚੰਦ ਨੂੰ ਪੁਲਿਸ ਮੁਲਾਜ਼ਮ ਬਣ ਕੇ ਕਾਲ ਕੀਤੀ। ਠੱਗਾਂ ਨੇ ਕੈਨੇਡਾ 'ਚ ਉਨ੍ਹਾਂ ਦੇ ਬੇਟੇ 'ਤੇ ਕਾਨੂੰਨ ਦੀ ਉਲੰਘਣਾ ਕਰਨ ਦਾ ਦੋਸ਼ ਲਗਾਉਂਦੇ ਹੋਏ 2.70 ਲੱਖ ਰੁਪਏ ਠੱਗ ਲਏ। ਠੱਗਾਂ ਨੇ ਰਾਤ ਦੇ ਸਮੇਂ ਕਾਲ ਕੀਤੀ ਤਾਂ ਜੋ ਜਸਬੀਰ ਚੰਦ ਆਪਣੇ ਬੇਟੇ ਨਾਲ ਗੱਲ ਨਾ ਕਰ ਸਕਣ। ਸਵੇਰੇ ਜਦੋਂ ਬੇਟੇ ਨੇ ਕਾਲ ਕੀਤੀ ਤਾਂ ਪਤਾ ਲੱਗਿਆ ਕਿ ਉਨ੍ਹਾਂ ਨੂੰ ਡਿਜੀਟਲ ਅਰੈੱਸਟ ਦਿਖਾ ਕੇ ਠੱਗਿਆ ਗਿਆ ਹੈ। ਜਸਬੀਰ ਚੰਦ ਦਾ ਬੇਟਾ ਅੰਕੁਸ਼ ਕੈਨੇਡਾ ਵਿੱਚ ਰਹਿੰਦਾ ਹੈ। ਜੂਨ ਵਿਚ ਉਨ੍ਹਾਂ ਨੂੰ ਇਕ ਵਿਦੇਸ਼ੀ ਨੰਬਰ ਤੋਂ ਵ੍ਹਟਸਐਪ ਕਾਲ ਆਈ। ਠੱਗ ਨੇ ਪੁਲਿਸ ਅਧਿਕਾਰੀ ਬਣ ਕੇ ਬੇਟੇ ਨੂੰ ਛੱਡਣ ਦਾ ਭਰੋਸਾ ਦੇ ਕੇ ਪੈਸੇ ਆਪਣੇ ਖਾਤਿਆਂ ਵਿੱਚ ਪਵਾ ਲਏ।
ਸਾਈਬਰ ਠੱਗਾਂ ਨੇ ਪੁਲਿਸ ਮੁਲਾਜ਼ਮ ਬਣ ਕੇ ਸ਼ਾਂਤੀ ਵਿਹਾਰ ਦੇ ਵਸਨੀਕ ਬਜ਼ੁਰਗ ਤਜਿੰਦਰ ਸਿੰਘ ਨੂੰ 13 ਦਿਨਾਂ ਤਕ ਰੋਜ਼ਾਨਾ ਥਾਣਾ ਦਿਖਾ ਕੇ ਅਤੇ ਮਨੀ ਲਾਂਡਰਿੰਗ ਦਾ ਕੇਸ ਦਰਜ ਹੋਣ ਦਾ ਡਰ ਦਿਖਾ ਕੇ 65 ਲੱਖ ਰੁਪਏ ਠੱਗ ਲਏ। 13 ਦਿਨਾਂ ਬਾਅਦ ਜਦੋਂ ਉਨ੍ਹਾਂ ਦਾ ਦੋਸਤ ਮਿਲਣ ਆਇਆ, ਤਦ ਉਨ੍ਹਾਂ ਨੂੰ ਠੱਗੀ ਦਾ ਪਤਾ ਲੱਗਾ। ਤਜਿੰਦਰ ਸਿੰਘ ਦੇ ਬੇਟਾ-ਬੇਟੀ ਵਿਦੇਸ਼ ਰਹਿੰਦੇ ਹਨ। ਉਨ੍ਹਾਂ ਨੂੰ ਵੀਡੀਓ ਕਾਲ 'ਤੇ ਵਰਦੀਧਾਰੀ ਵਿਅਕਤੀ ਨੇ ਕਿਹਾ ਕਿ ਉਨ੍ਹਾਂ ਖਿਲਾਫ CBI 'ਚ ਕੇਸ ਚੱਲ ਰਿਹਾ ਹੈ। ਠੱਗ ਨੇ ਸਾਰੇ ਖਾਤੇ ਬੰਦ ਕਰਵਾ ਕੇ ਪੈਸੇ ਇੱਕ ਖਾਤੇ ਵਿੱਚ ਜਮ੍ਹਾ ਕਰਵਾਉਣ ਲਈ ਕਿਹਾ ਅਤੇ ਇਸ ਤਰ੍ਹਾਂ 65 ਲੱਖ 91 ਹਜ਼ਾਰ ਰੁਪਏ ਟਰਾਂਸਫਰ ਕਰਵਾ ਲਏ।
ਸਾਈਬਰ ਠੱਗਾਂ ਨੇ CBI ਅਧਿਕਾਰੀ ਬਣ ਕੇ ਜੋਤੀ ਨਗਰ ਦੇ 74 ਸਾਲਾ ਬਜ਼ੁਰਗ ਹਰਮੋਹਿੰਦਰ ਸਿੰਘ ਤੋਂ ਮਨੀ ਲਾਂਡਰਿੰਗ ਦੇ ਵਾਰੰਟ ਜਾਰੀ ਹੋਣ ਦਾ ਡਰ ਦਿਖਾ ਕੇ 40 ਲੱਖ ਰੁਪਏ ਠੱਗ ਲਏ। ਅਕਤੂਬਰ 'ਚ ਆਈ ਕਾਲ ਦੌਰਾਨ ਠੱਗ ਨੇ ਉਨ੍ਹਾਂ ਦੇ ਆਧਾਰ ਕਾਰਡ ਸਮੇਤ ਫੋਟੋਆਂ ਭੇਜ ਕੇ ਉਨ੍ਹਾਂ ਨੂੰ ਝਾਂਸੇ ਵਿੱਚ ਲੈ ਲਿਆ। ਠੱਗਾਂ ਨੇ ਵੈਰੀਫਿਕੇਸ਼ਨ ਦਾ ਬਹਾਨਾ ਲਗਾ ਕੇ ਬੈਂਕ ਦੀ FD ਤੁੜਵਾ ਕੇ ਪੈਸੇ ਆਪਣੇ ਦਿੱਤੇ ਖਾਤੇ ਵਿੱਚ ਟਰਾਂਸਫਰ ਕਰਵਾ ਲਏ। ਪੈਸੇ ਮਿਲਣ ਤੋਂ ਬਾਅਦ ਠੱਗਾਂ ਨੇ ਫੋਨ ਚੁੱਕਣਾ ਬੰਦ ਕਰ ਦਿੱਤਾ।