ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਵਿਸ਼ੇਸ਼ ਕੰਬੋਜ ਦੀ ਅਦਾਲਤ ਨੇ ਚੱਕ ਵੰਡਲ, ਥਾਣਾ ਸਦਰ ਨਕੋਦਰ ਦੇ ਰਹਿਣ ਵਾਲੇ ਮੰਗਲ ਸਿੰਘ ਨੂੰ ਦਸ ਸਾਲ ਦੀ ਕੈਦ ਤੇ ਇਕ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਦਾ ਹੁਕਮ ਸੁਣਾਇਆ ਹੈ। ਅਦਾਲਤ ਨੇ ਸਪੱਸ਼ਟ ਕੀਤਾ ਕਿ ਜੇ ਜੁਰਮਾਨਾ ਅਦਾ ਨਾ ਕੀਤਾ ਗਿਆ ਤਾਂ ਮੁਲਜ਼ਮ ਨੂੰ ਇਕ ਹੋਰ ਸਾਲ ਦੀ ਵਾਧੂ ਕੈਦ ਭੁਗਤਣੀ ਪਵੇਗੀ। ਇਹ ਮਾਮਲਾ 10 ਨਵੰਬਰ 2021 ਨੂੰ ਦਰਜ ਕੀਤਾ ਗਿਆ ਸੀ।

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਆਪਣੀ ਮਾਂ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਵਾਲੇ ਪੁੱਤਰ ਨੂੰ ਅਦਾਲਤ ਨੇ ਦਸ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਇਸੇ ਮਾਮਲੇ ’ਚ ਸਬੂਤਾਂ ਦੀ ਕਮੀ ਕਾਰਨ ਮੁਲਜ਼ਮ ਦੀ ਪਤਨੀ ਨੂੰ ਬਰੀ ਕਰ ਦਿੱਤਾ ਗਿਆ ਹੈ, ਜਦਕਿ ਤੀਜਾ ਮੁਲਜ਼ਮ ਜੋ ਕਿ ਮੁਲਜ਼ਮ ਦੀ ਪਤਨੀ ਦਾ ਭਰਾ ਸੀ, ਦਾ ਦੇਹਾਂਤ ਹੋ ਚੁੱਕਾ ਹੈ।
ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਵਿਸ਼ੇਸ਼ ਕੰਬੋਜ ਦੀ ਅਦਾਲਤ ਨੇ ਚੱਕ ਵੰਡਲ, ਥਾਣਾ ਸਦਰ ਨਕੋਦਰ ਦੇ ਰਹਿਣ ਵਾਲੇ ਮੰਗਲ ਸਿੰਘ ਨੂੰ ਦਸ ਸਾਲ ਦੀ ਕੈਦ ਤੇ ਇਕ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਦਾ ਹੁਕਮ ਸੁਣਾਇਆ ਹੈ। ਅਦਾਲਤ ਨੇ ਸਪੱਸ਼ਟ ਕੀਤਾ ਕਿ ਜੇ ਜੁਰਮਾਨਾ ਅਦਾ ਨਾ ਕੀਤਾ ਗਿਆ ਤਾਂ ਮੁਲਜ਼ਮ ਨੂੰ ਇਕ ਹੋਰ ਸਾਲ ਦੀ ਵਾਧੂ ਕੈਦ ਭੁਗਤਣੀ ਪਵੇਗੀ। ਇਹ ਮਾਮਲਾ 10 ਨਵੰਬਰ 2021 ਨੂੰ ਦਰਜ ਕੀਤਾ ਗਿਆ ਸੀ। ਸ਼ਿਕਾਇਤਕਰਤਾ ਪਿੰਡ ਹੋਠਈਆਂ, ਥਾਣਾ ਸਦਰ ਨਕੋਦਰ ਦੀ ਰਹਿਣ ਵਾਲੀ ਸੁਖਜੀਤ ਕੌਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਸੀ ਕਿ ਉਸ ਦਾ ਭਰਾ ਮੰਗਲ ਸਿੰਘ, ਉਸ ਦੀ ਪਤਨੀ ਕਸ਼ਮੀਰ ਕੌਰ ਤੇ ਕਸ਼ਮੀਰ ਕੌਰ ਦਾ ਭਰਾ ਮਨਦੀਪ ਸਿੰਘ ਉਰਫ਼ ਨਿੱਕੂ ਉਸ ਦੀ ਮਾਤਾ ਜੋਗਿੰਦਰ ਕੌਰ ਨੂੰ ਤੰਗ-ਪਰੇਸ਼ਾਨ ਕਰਦੇ ਸਨ ਤੇ ਉਸ ਨੂੰ ਖੁਦਕੁਸ਼ੀ ਲਈ ਮਜਬੂਰ ਕੀਤਾ ਗਿਆ। ਇਸ ਅਧਾਰ ’ਤੇ ਪੁਲਿਸ ਨੇ ਤਿੰਨਾਂ ਦੇ ਵਿਰੁੱਧ ਕੇਸ ਦਰਜ ਕੀਤਾ ਸੀ।
ਅਦਾਲਤ ਨੇ ਪੂਰੀ ਸੁਣਵਾਈ ਤੋਂ ਬਾਅਦ ਮੰਗਲ ਸਿੰਘ ਨੂੰ ਮੁਲਜ਼ਮ ਕਰਾਰ ਦੇ ਦਿੱਤਾ, ਜਦਕਿ ਉਸ ਦੀ ਪਤਨੀ ਕਸ਼ਮੀਰ ਕੌਰ ਖ਼ਿਲਾਫ਼ ਦੋਸ਼ ਸਾਬਤ ਨਾ ਹੋਣ ’ਤੇ ਉਸ ਨੂੰ ਬਰੀ ਕਰ ਦਿੱਤਾ ਗਿਆ। ਕਸ਼ਮੀਰ ਕੌਰ ਦਾ ਭਰਾ ਤੇ ਇਸ ਕੇਸ ਦਾ ਤੀਜਾ ਦੋਸ਼ੀ ਮਨਦੀਪ ਸਿੰਘ ਉਰਫ਼ ਨਿੱਕੂ ਕਾਰਵਾਈ ਦੌਰਾਨ ਹੀ ਮਰ ਗਿਆ ਸੀ। ਸੁਖਜੀਤ ਕੌਰ ਨੇ ਅਦਾਲਤ ’ਚ ਬਿਆਨ ਦਿੱਤਾ ਕਿ ਮੰਗਲ ਸਿੰਘ ਉਸ ਦਾ ਸਕਾ ਭਰਾ ਹੈ ਤੇ ਉਸ ਦੀ ਸ਼ਾਦੀ ਕਸ਼ਮੀਰ ਕੌਰ ਨਾਲ ਹੋਈ ਸੀ। ਦੋਸ਼ ਹੈ ਕਿ ਵਿਆਹ ਤੋਂ ਬਾਅਦ ਮੰਗਲ ਸਿੰਘ, ਉਸ ਦੀ ਪਤਨੀ ਤੇ ਕਸ਼ਮੀਰ ਕੌਰ ਦਾ ਭਰਾ ਉਸ ਦੇ ਪਿਤਾ ਰੇਸ਼ਮ ਸਿੰਘ ’ਤੇ ਜਾਇਦਾਦ ਆਪਣੇ ਨਾਂ ਕਰਨ ਦਾ ਦਬਾਅ ਬਣਾਉਂਦੇ ਰਹੇ। ਇੱਥੋਂ ਤੱਕ ਕਿ ਧੋਖਾਧੜੀ ਨਾਲ ਜ਼ਮੀਨ ਵੀ ਆਪਣੇ ਨਾਂ ਕਰਵਾ ਲਈ। ਲਗਪਗ ਤਿੰਨ ਸਾਲ ਪਹਿਲਾਂ ਰੇਸ਼ਮ ਸਿੰਘ ਦਾ ਦੇਹਾਂਤ ਹੋ ਗਿਆ ਸੀ, ਜਿਸ ਤੋਂ ਬਾਅਦ ਮਾਂ ਜੋਗਿੰਦਰ ਕੌਰ ਕੇਸ ਲੜ ਰਹੀ ਸੀ। ਸੁਖਜੀਤ ਕੌਰ ਮੁਤਾਬਕ ਮੁਲਜ਼ਮ ਉਸ ਦੀ ਮਾਂ ’ਤੇ ਕੇਸ ਵਾਪਸ ਲੈਣ ਦਾ ਦਬਾਅ ਪਾਉਂਦੇ ਰਹੇ ਤੇ ਉਸ ਨੂੰ ਮਨੋਵਿਗਿਆਨਕ ਤੌਰ ’ਤੇ ਤੰਗ ਕਰਦੇ ਸਨ। ਇਸੀ ਤੰਗੀ ’ਤੇ ਦਬਾਅ ਕਾਰਨ ਦੁਖੀ ਹੋ ਕੇ ਜੋਗਿੰਦਰ ਕੌਰ ਨੇ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।