ਹੁੰਦਲ ਨੇ ਦੱਸਿਆ ਕਿ ਕਰੀਬ 10 ਸਾਲ ਪਹਿਲਾਂ ਉਨ੍ਹਾਂ ਦੇ ਮਨ ’ਚ ਆਪਣੀ ਜਨਮ ਭੂਮੀ ਪ੍ਰਤੀ ਕੁਝ ਕਰਨ ਦਾ ਮੋਹ ਪ੍ਰਚੰਡ ਹੋਇਆ ਤਾਂ ਉਨ੍ਹਾਂ ਨੇ ਆਪਣੇ ਪਿੰਡ ’ਚ ਖਰਾਬ ਹੋ ਰਹੇ ਘਰ ਨੂੰ ਲੋਕ ਸੇਵਾ ਦੇ ਕੇਂਦਰ ਵਜੋਂ ਸਥਾਪਤ ਕੀਤਾ। ਲੋਕ ਸੇਵਾ ਦੇ ਕਾਰਜਾਂ ਲਈ ਉਨ੍ਹਾਂ ਨੇ ਸਮਾਜ ਸੇਵੀ ਸੰਸਥਾ ਕਾਇਮ ਕੀਤੀ, ਜਿਸ ਦਾ ਨਾਂ ‘ਮੇਰਾ ਪਿੰਡ 360’ ਫਾਊਂਡੇਸ਼ਨ ਰੱਖਿਆ ਗਿਆ।

ਜਤਿੰਦਰ ਪੰਮੀ/ਹਨੀ ਸੋਢੀ, ਪੰਜਾਬੀ ਜਾਗਰਣ, ਜਲੰਧਰ : ਸਾਡੇ ਸੂਬੇ ਦੇ ਨੌਜਵਾਨਾਂ ’ਚ ਪ੍ਰਤਿਭਾ ਦੀ ਕੋਈ ਘਾਟ ਨਹੀਂ ਹੈ, ਬੱਸ ਉਨ੍ਹਾਂ ਦੀ ਪ੍ਰਤਿਭਾ ਨੂੰ ਪਛਾਣ ਕੇ ਮੌਕੇ ਪ੍ਰਦਾਨ ਕਰਨ ਦੀ ਲੋੜ ਹੈ। ਇਸ ਕੰਮ ਲਈ ਵਿਦੇਸ਼ਾਂ ’ਚ ਜਾ ਕੇ ਖੁਸ਼ਹਾਲ ਜੀਵਨ ਬਿਤਾ ਰਹੇ ਐੱਨਆਰਆਈ ਵੀਰ ਆਪੋ-ਆਪਣੇ ਪਿੰਡਾਂ ਨੂੰ ਅਪਣਾ ਕੇ ਹੰਭਲਾ ਮਾਰਨ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਮੁੜ ਖੁਸ਼ਹਾਲ ਹੋਣਾ ਸ਼ੁਰੂ ਹੋ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ‘ਮੇਰਾ ਪਿੰਡ 360’ ਫਾਊਂਡੇਸ਼ਨ ਦੇ ਬਾਨੀ ਅਮਰੀਕਾ ਦੇ ਸ਼ਿਕਾਗੋ ਵਾਸੀ ਭੁਪਿੰਦਰ ਸਿੰਘ ਹੁੰਦਲ ਜਿਨ੍ਹਾਂ ਦਾ ਮੂਲ ਪਿੰਡ ਕੋਟਲੀ ਅਰਾਈਆ ਆਦਮਪੁਰ ਬਲਾਕ ’ਚ ਪੈਂਦਾ ਹੈ, ਨੇ ‘ਪੰਜਾਬੀ ਜਾਗਰਣ’ ਦਫ਼ਤਰ ’ਚ ਵਿਸ਼ੇਸ਼ ਮੁਲਾਕਾਤ ਦੌਰਾਨ ਕੀਤਾ।
ਹੁੰਦਲ ਨੇ ਦੱਸਿਆ ਕਿ ਕਰੀਬ 10 ਸਾਲ ਪਹਿਲਾਂ ਉਨ੍ਹਾਂ ਦੇ ਮਨ ’ਚ ਆਪਣੀ ਜਨਮ ਭੂਮੀ ਪ੍ਰਤੀ ਕੁਝ ਕਰਨ ਦਾ ਮੋਹ ਪ੍ਰਚੰਡ ਹੋਇਆ ਤਾਂ ਉਨ੍ਹਾਂ ਨੇ ਆਪਣੇ ਪਿੰਡ ’ਚ ਖਰਾਬ ਹੋ ਰਹੇ ਘਰ ਨੂੰ ਲੋਕ ਸੇਵਾ ਦੇ ਕੇਂਦਰ ਵਜੋਂ ਸਥਾਪਤ ਕੀਤਾ। ਲੋਕ ਸੇਵਾ ਦੇ ਕਾਰਜਾਂ ਲਈ ਉਨ੍ਹਾਂ ਨੇ ਸਮਾਜ ਸੇਵੀ ਸੰਸਥਾ ਕਾਇਮ ਕੀਤੀ, ਜਿਸ ਦਾ ਨਾਂ ‘ਮੇਰਾ ਪਿੰਡ 360’ ਫਾਊਂਡੇਸ਼ਨ ਰੱਖਿਆ ਗਿਆ। ਇਸ ਦਾ ਉਦੇਸ਼ ਆਪਣੇ ਪਿੰਡ ਦੀ ਸੇਵਾ ਕਰਨ ਦੇ ਨਾਲ ਹੀ ਪੰਜਾਬ ਦੇ ਹੋਰਨਾਂ ਐੱਨਆਰਆਈਜ਼ ਨੂੰ ਆਪਣੇ ਪਿੰਡ ਅਪਣਾਉਣ ਲਈ ਉਤਸ਼ਾਹਤ ਕਰਨਾ ਵੀ ਸੀ। ਇਸ ਸੰਸਥਾ ਦਾ ਕੰਮ ਪਿੰਡਾਂ ਦੇ ਨੌਜਵਾਨਾਂ ਤੇ ਲੋੜਵੰਦਾਂ ਦੀ ਪੜ੍ਹਾਈ, ਸਿਹਤ ਸੇਵਾ ਤੇ ਹੋਰ ਕੰਮਾਂ ’ਚ ਸਹਾਇਤਾ ਕਰਨਾ ਮਿੱਥਿਆ।
ਐੱਨਆਰਆਈ ਹੁੰਦਲ ਨੇ ਦੱਸਿਆ ਕਿ ਇਸ ਕੰਮ ਲਈ ਸਭ ਤੋਂ ਪਹਿਲਾਂ ਆਪਣੇ ਘਰ ’ਚ ਲਾਇਬ੍ਰੇਰੀ ਕਾਇਮ ਕੀਤੀ ਗਈ ਤਾਂ ਜੋ ਨੌਜਵਾਨ ਪੀੜ੍ਹੀ ਕਿਤਾਬੀ ਗਿਆਨ ਨਾਲ ਜੁੜ ਸਕੇ। ਫਿਰ ਲੋਕਾਂ ਦੀ ਸਿਹਤ ਦੇ ਮੱਦੇਨਜ਼ਰ ਮੁਫਤ ਸ਼ੂਗਰ, ਬੀਪੀ ਤੇ ਹੋਰ ਛੋਟੇ-ਮੋਟੇ ਟੈਸਟਾਂ ਲਈ ਸੈਂਪਲ ਲੈਣ ਦਾ ਕੰਮ ਸ਼ੁਰੂ ਕੀਤਾ ਗਿਆ। ਸੰਸਥਾ ਦੇ ਨਾਲ ਵਿਦੇਸ਼ ’ਚੋਂ ਜੁੜੇ ਐੱਨਆਰਆਈ ਡਾਕਟਰਾਂ ਨਾਲ ਸੰਪਰਕ ਹੋਇਆ ਤਾਂ ਉਨ੍ਹਾਂ ਨੇ ਲੋਕਾਂ ਨੂੰ ਆਨਲਾਈਨ ਸਲਾਹ ਦੇਣੀ ਸ਼ੁਰੂ ਕੀਤੀ। ਇਸ ਦੇ ਨਾਲ ਹੀ ਪਿੰਡ ਦੇ ਲੋੜਵੰਦ ਪਰਿਵਾਰਾਂ ਦੀਆਂ ਬੱਚੀਆਂ ਜੋ ਕਿ ਸ਼ਹਿਰਾਂ ’ਚ ਉੱਚ ਵਿੱਦਿਆ ਹਾਸਲ ਕਰਨ ਨਹੀਂ ਜਾ ਸਕਦੀਆ ਹਨ, ਨੂੰ ਕਿੱਤਾਮੁਖੀ ਸਿਖਲਾਈ ਦੇਣ ਦਾ ਪ੍ਰਬੰਧ ਵੀ ਕੀਤਾ ਗਿਆ। ਹੌਲ਼ੀ-ਹੌਲ਼ੀ ਸੰਸਥਾ ਨਾਲ ਹੋਰ ਐੱਨਆਰਆਈ ਵੀਰ ਜੁੜੇ ਅਤੇ ਉਨ੍ਹਾਂ ਨੇ ਵੀ ਆਪਣੇ ਪਿੰਡ ਗੋਦ ਲੈ ਕੇ ‘ਮੇਰਾ ਪਿੰਡ 360’ ਫਾਊਂਡੇਸ਼ਨ ਦੇ ਕੇਂਦਰ ਸਥਾਪਤ ਕੀਤੇ।
ਭੁਪਿੰਦਰ ਸਿੰਘ ਹੁੰਦਲ ਨੇ ਦੱਸਿਆ ਕਿ ਇਸ ਵੇਲੇ ਉਨ੍ਹਾਂ ਦੀ ਸੰਸਥਾ ਵੱਲੋਂ ਪੰਜਾਬ ਅੰਦਰ 10 ਦੇ ਕਰੀਬ ਸੈਂਟਰ ਚਲਾਏ ਜਾ ਰਹੇ ਹਨ ਅਤੇ ਹੋਰ ਵੀ ਕਈ ਐੱਨਆਰਆਈ ਵੀਰ ਆਪਣੇ ਪਿੰਡਾਂ ’ਚ ਅਜਿਹੇ ਸੈਂਟਰ ਖੋਲ੍ਹਣ ਲਈ ਪਹੁੰਚ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸੈਂਟਰਾਂ ’ਚ ਨੌਜਵਾਨਾਂ ਨੂੰ ਸਿੱਖਿਅਤ ਕਰਨ ਦੇ ਨਾਲ-ਨਾਲ ਪਿੰਡਾਂ ’ਚ ਲੋਕਾਂ ਨੇ ਵੱਖ-ਵੱਖ ਤਰ੍ਹਾਂ ਸਰਕਾਰੀ ਸੇਵਾਵਾਂ ਘਰ ਬੈਠੇ ਹੀ ਬਿਲਕੁੱਲ ਮੁਫ਼ਤ ਮੁਹੱਈਆ ਕਰਵਾਈਆ ਜਾ ਰਹੀਆਂ ਹਨ ਤਾਂ ਜੋ ਸ਼ਹਿਰਾਂ ’ਚ ਧੱਕੇ ਨਾ ਖਾਣੇ ਪੈਣ। ਇਸ ਕੰਮ ਲਈ ਸੈਂਟਰ ’ਚ ਤਨਖਾਹ ’ਤੇ ਸਟਾਫ ਰੱਖਿਆ ਗਿਆ ਹੈ ਜੋ ਕੇਂਦਰ ਤੇ ਪੰਜਾਬ ਸਰਕਾਰ ਨਾਲ ਸਬੰਧਤ ਸੇਵਾਵਾਂ ਦਾ ਲਾਭ ਲਈ ਲੈਣ ਲੋਕਾਂ ਦੀ ਬਿਨਾਂ ਕੋਈ ਪੈਸਾ ਲਏ ਸਹਾਇਤਾ ਕਰ ਰਹੇ ਹਨ। ਹੋਰ ਵੀ ਐੱਨਆਰਆਈ ਵੀਰਾਂ ਨੂੰ ਜਨਮ ਭੂਮੀ ਦੀ ਸੇਵਾ ਲਈ ਆਪਣੇ ਪਿੰਡਾਂ ਨੂੰ ਗੋਦ ਲੈਣਾ ਚਾਹੀਦਾ ਹੈ ਅਤੇ ਪੰਜਾਬ ਨੂੰ ਖੁਸ਼ਹਾਲ ਬਣਾਉਣ ਲਈ ਵੱਧ ਤੋਂ ਵੱਧ ਯੋਗਦਾਨ ਦੇਣ ਦੀ ਲੋੜ ਹੈ।
ਪੰਜਾਬ ਪਿੰਡਾਂ ’ਚ ਵੱਸਦੈ ਤੇ ਪਿੰਡ ਬਚਾਉਣ ਲਈ ਨੌਜਵਾਨਾਂ ਨੂੰ ਸਹੀ ਸੇਧ ਦੇਣਾ ਜ਼ਰੂਰੀ
ਭੁਪਿੰਦਰ ਸਿੰਘ ਹੁੰਦਲ ਨੇ ਕਿਹਾ ਕਿ ਪੰਜਾਬ ’ਚੋਂ ਵੱਡੇ ਪੱਧਰ ’ਤੇ ਨੌਜਵਾਨਾਂ ਦੇ ਵਿਦੇਸ਼ਾਂ ’ਚ ਜਾਣ ਅਤੇ ਇੱਥੇ ਰਹਿ ਰਹੇ ਨੌਜਵਾਨਾਂ ਵੱਲੋਂ ਨਸ਼ਿਆਂ ’ਚ ਗਲਤਾਨ ਹੋਣ ਤੇ ਕੰਮਕਾਰ ਨਾ ਕਰਨ ਦਾ ਜਿਸ ਤਰ੍ਹਾਂ ਪ੍ਰਚਾਰ ਕੀਤਾ ਜਾ ਰਿਹਾ ਸੀ, ਉਹ ਬਿਲਕੁੱਲ ਗ਼ਲਤ ਤੇ ਪੰਜਾਬ ਨੂੰ ਬਦਨਾਮ ਕਰਨ ਵਾਲਾ ਹੈ। ਉਨ੍ਹਾਂ ਕਿਹਾ ਕਿ ਜੇਕਰ ਨੌਜਵਾਨਾਂ ਨੂੰ ਸਹੀ ਦਿਸ਼ਾ ਦਿੱਤੀ ਜਾਵੇ ਤੇ ਉਨ੍ਹਾਂ ਅੰਦਰ ਲੁਕੀ ਪ੍ਰਤਿਭਾ ਨੂੰ ਪਛਾਣ ਕੇ ਕਿੱਤਾਮੁਖੀ ਸਿਖਲਾਈ ਦਿੱਤੀ ਜਾਵੇ ਤਾਂ ਉਹ ਇੱਥੇ ਰਹਿ ਕੇ ਹੀ ਖੁਸ਼ਹਾਲ ਜੀਵਨ ਬਿਤਾ ਸਕਦੇ ਹਨ ਕਿਉਂਕਿ ਪੰਜਾਬ ਦੇ ਨੌਜਵਾਨ ਬਹੁਤ ਹੀ ਹੋਣਹਾਰ ਤੇ ਮਿਹਨਤੀ ਹਨ। ਭੁਪਿੰਦਰ ਸਿੰਘ ਹੁੰਦਲ ਨੇ ਕਿਹਾ ਕਿ ਪਿਛਲੇ 10 ਸਾਲਾਂ ਦੌਰਾਨ ਉਹ ਨੌਜਵਾਨਾਂ ਦੀ ਪ੍ਰਤਿਭਾ ਦਾ ਲੋਹਾ ਮੰਨ ਚੁੱਕੇ ਹਨ, ਜਿਸ ਦੀ ਮਿਸਾਲ ਉਨ੍ਹਾਂ ਦੇ ਪਿੰਡ ਵਾਲੇ ਸੈਂਟਰ ’ਚ ਸਿਖਲਾਈ ਲੈਣ ਵਾਲੀਆ ਮੁਟਿਆਰਾਂ ਨੇ ਕਾਇਮ ਕੀਤੀ ਹੈ। ਉਨ੍ਹਾਂ ਵੱਲੋਂ ਤਿਆਰ ਕੀਤੀਆ ਗਈਆ ਵਸਤਾਂ ਆਨਲਾਈਨ ਪਲੇਟਫਾਰਮ ’ਤੇ ਵੇਚਣ ਲਈ ਪਾਈਆ ਜਾ ਰਹੀਆਂ ਹਨ, ਜਿਨ੍ਹਾਂ ’ਚ ਵਧੀਆ ਹੁੰਗਾਰਾ ਮਿਲ ਰਿਹਾ ਹੈ।
ਭਾਈਚਾਰਕ ਸਾਂਝ ਤੇ ਸਹਾਇਤਾ ਲਈ ਰੱਖੇ ਸਹਿਕਾਰੀ ਸੰਦ
ਐੱਨਆਰਆਈ ਭੁਪਿੰਦਰ ਸਿੰਘ ਹੁੰਦਲ ਨੇ ਦੱਸਿਆ ਕਿ ‘ਮੇਰਾ ਪਿੰਡ 360’ ਫਾਊਂਡੇਸ਼ਨ ਵੱਲੋਂ ਆਪਣੇ ਸੈਂਟਰਾਂ ’ਚ ਨਾ ਸਿਰਫ ਲਾਇਬ੍ਰੇਰੀ ਹੀ ਕਾਇਮ ਕੀਤੀ ਗਈ ਹੈ ਬਲਕਿ ਸਰਕਾਰੀ ਸੇਵਾਵਾਂ ਦੇਣ ਦੇ ਨਾਲ ਹੀ ਪਿੰਡਾਂ ਦੀ ਪੁਰਾਣੀ ਭਾਈਚਾਰਕ ਸਾਂਝ ਤੇ ਸਹਿਕਾਰਤਾ ਬਣਾਉਣ ’ਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ। ਇਸ ਕੰਮ ਲਈ ਸੈਂਟਰ ਵੱਲੋਂ ਰੋਜ਼ਾਨਾ ਜੀਵਨ ’ਚ ਕੰਮ ਆਉਣ ਵਾਲੇ ਘਰੇਲੂ ਸੰਦ ਵੀ ਰੱਖੇ ਗਏ ਹਨ ਤਾਂ ਜੋ ਲੋੜ ਪੈਣ ’ਤੇ ਪਿੰਡ ਵਾਸੀ ਇਨ੍ਹਾਂ ਦੀ ਵਰਤੋਂ ਕਰ ਸਕਣ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸੰਦਾਂ ਦੀ ਵਰਤੋਂ ਕਰਨ ਬਦਲੇ ਕਿਸੇ ਕੋਲੋਂ ਕੋਈ ਕਿਰਾਇਆ ਨਹੀਂ ਲਿਆ ਜਾਂਦਾ ਬਲਕਿ ਇਹ ਹੀ ਆਖਿਆ ਜਾਂਦਾ ਹੈ ਕਿ ਸੰਦ ਆਪਣੇ ਸਮਝ ਕੇ ਧਿਆਨ ਨਾਲ ਵਰਤੇ ਜਾਣ। ਐੱਨਆਰਆਈ ਹੁੰਦਲ ਨੇ ਦੱਸਿਆ ਕਿ ਪੁਰਾਣੇ ਸਮਿਆ ’ਚ ਵੀ ਲੋਕ ਇਕ-ਦੂਜੇ ਕੋਲੋਂ ਸਾਮਾਨ ਜਾਂ ਸੰਦ ਲੈ ਕੇ ਵਰਤਦੇ ਸਨ, ਜਿਸ ਨਾਲ ਆਪਸੀ ਪਿਆਰ ਤੇ ਭਾਈਚਾਰਾ ਬਣਿਆ ਰਹਿੰਦਾ ਸੀ। ਇਸੇ ਤਰਜ਼ ’ਤੇ ਹੀ ਸੈਂਟਰਾਂ ’ਚ ਇਹ ਸੰਦ ਰੱਖੇ ਗਏ ਹਨ।