ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਨੇ ਦੱਸਿਆ ਕਿ ਜਦੋਂ ਨਗਰ ਨਿਗਮ ਦੀਆਂ ਟੀਮਾਂ ਨੇ ਰਾਤ ਸਮੇਂ ਡਿਵਾਈਡਰਾਂ ਜਾਂ ਸੜਕਾਂ ਦੇ ਕਿਨਾਰੇ ਕੂੜਾ ਸੁੱਟਣ ਵਾਲਿਆਂ ਨੂੰ ਫੜਿਆ, ਤਾਂ ਉਨ੍ਹਾਂ ਨੂੰ ਚਿਤਾਵਨੀ ਦੇ ਕੇ ਛੱਡ ਦਿੱਤਾ ਗਿਆ ਸੀ ਪਰ ਹੁਣ ਇਨ੍ਹਾਂ ਮਾਮਲਿਆਂ ਨੂੰ ਸਖ਼ਤੀ ਨਾਲ ਰੋਕਣ ਲਈ ਨਗਰ ਨਿਗਮ ਪ੍ਰਸ਼ਾਸਨ ਵੀਸੀ ਸਕਿਊਰਿਟੀ ਕੰਪਨੀ ਦੀਆਂ ਸੇਵਾਵਾਂ ਲੈ ਰਿਹਾ ਹੈ। ਚਾਰ ਥਾਵਾਂ ’ਤੇ ਬਾਊਂਸਰ ਤੈਨਾਤ ਕੀਤੇ ਜਾਣਗੇ।

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਜਲੰਧਰ : ਜਲੰਧਰ ਨਗਰ ਨਿਗਮ ਜਨਤਕ ਥਾਵਾਂ ’ਤੇ ਕੂੜਾ ਸੁੱਟਣ ਤੋਂ ਰੋਕਣ ਲਈ ਸ਼ਹਿਰ ਦੇ ਚਾਰ ਥਾਵਾਂ ’ਤੇ ਬਾਊਂਸਰ ਤੈਨਾਤ ਕਰੇਗਾ। ਇਸ ਲਈ ਇਕ ਸਕਿਊਰਿਟੀ ਕੰਪਨੀ ਨੂੰ ਇਹ ਜ਼ਿੰਮੇਵਾਰੀ ਸੌਂਪੀ ਜਾ ਰਹੀ ਹੈ। ਨਗਰ ਨਿਗਮ ਵੱਲੋਂ ਚਾਰ ਥਾਵਾਂ ਦੀ ਪਛਾਣ ਕੀਤੀ ਗਈ ਹੈ, ਜਿੱਥੇ ਬਾਊਂਸਰ ਤੈਨਾਤ ਕੀਤੇ ਜਾਣਗੇ। ਮੇਅਰ ਵਿਨੀਤ ਧੀਰ ਤੇ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਨੇ ਅਧਿਕਾਰੀਆਂ ਨਾਲ ਸ਼ਹਿਰ ਦਾ ਦੌਰਾ ਕਰ ਕੇ ਇਹ ਚਾਰ ਸਥਾਨ ਤੈਅ ਕੀਤੇ ਹਨ। ਇਨ੍ਹਾਂ ਚਾਰੋਂ ਥਾਵਾਂ ’ਤੇ ਚਾਰ-ਚਾਰ ਬਾਊਂਸਰ ਤੈਨਾਤ ਕੀਤੇ ਜਾਣਗੇ। ਇਹ ਉਹ ਸਥਾਨ ਹਨ ਜਿੱਥੇ ਲੋਕ ਰੋਜ਼ਾਨਾ ਕੂੜਾ ਸੁੱਟਦੇ ਆ ਰਹੇ ਹਨ। ਇਹ ਮੁੱਖ ਸੜਕਾਂ ਤੇ ਪ੍ਰਮੁੱਖ ਇਲਾਕੇ ਹਨ। ਨਗਰ ਨਿਗਮ ਨੇ ਸ਼ਹਿਰ ਦੇ ਚਾਰਾਂ ਵਿਧਾਨ ਸਭਾ ਹਲਕਿਆਂ ’ਚ ਇਕ-ਇਕ ਥਾਂ ਤੈਅ ਕੀਤੀ ਹੈ। ਇਹ ਤੈਨਾਤੀ ਰਾਤ ਦੇ ਸਮੇਂ ਹੋਵੇਗੀ, ਕਿਉਂਕਿ ਲੋਕ ਅਕਸਰ ਰਾਤ ਨੂੰ ਚੁੱਪ-ਚਾਪ ਕੂੜਾ ਸੜਕਾਂ ਦੇ ਕਿਨਾਰੇ, ਡਿਵਾਈਡਰਾਂ ਤੇ ਖੁੱਲ੍ਹੀਆਂ ਥਾਵਾਂ ’ਤੇ ਸੁੱਟ ਜਾਂਦੇ ਹਨ। ਨਗਰ ਨਿਗਮ ਨੇ ਦੋ ਮਹੀਨੇ ਪਹਿਲਾਂ ਖੁਦ ਇਹ ਮੁਹਿੰਮ ਸ਼ੁਰੂ ਕੀਤੀ ਸੀ ਤੇ ਕਈ ਇਲਾਕਿਆਂ ’ਚ ਨਗਰ ਨਿਗਮ ਦੀਆਂ ਟੀਮਾਂ ਤੇ ਪੁਲਿਸ ਬਲ ਨੇ ਸੜਕਾਂ ਦੇ ਕਿਨਾਰੇ ਕੂੜਾ ਸੁੱਟਣ ਵਾਲੇ ਲੋਕਾਂ ਨੂੰ ਰੋਕਿਆ ਸੀ। ਉਸ ਸਮੇਂ ਸਿਰਫ਼ ਲੋਕਾਂ ਨੂੰ ਸਮਝਾਇਆ ਗਿਆ ਸੀ, ਪਰ ਹੁਣ ਬਾਊਂਸਰ ਜਿਹੜੇ ਲੋਕਾਂ ਨੂੰ ਫੜਨਗੇ, ਉਨ੍ਹਾਂ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ।
ਇਸ ਮੌਕੇ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਨੇ ਦੱਸਿਆ ਕਿ ਜਦੋਂ ਨਗਰ ਨਿਗਮ ਦੀਆਂ ਟੀਮਾਂ ਨੇ ਰਾਤ ਸਮੇਂ ਡਿਵਾਈਡਰਾਂ ਜਾਂ ਸੜਕਾਂ ਦੇ ਕਿਨਾਰੇ ਕੂੜਾ ਸੁੱਟਣ ਵਾਲਿਆਂ ਨੂੰ ਫੜਿਆ, ਤਾਂ ਉਨ੍ਹਾਂ ਨੂੰ ਚਿਤਾਵਨੀ ਦੇ ਕੇ ਛੱਡ ਦਿੱਤਾ ਗਿਆ ਸੀ ਪਰ ਹੁਣ ਇਨ੍ਹਾਂ ਮਾਮਲਿਆਂ ਨੂੰ ਸਖ਼ਤੀ ਨਾਲ ਰੋਕਣ ਲਈ ਨਗਰ ਨਿਗਮ ਪ੍ਰਸ਼ਾਸਨ ਵੀਸੀ ਸਕਿਊਰਿਟੀ ਕੰਪਨੀ ਦੀਆਂ ਸੇਵਾਵਾਂ ਲੈ ਰਿਹਾ ਹੈ। ਚਾਰ ਥਾਵਾਂ ’ਤੇ ਬਾਊਂਸਰ ਤੈਨਾਤ ਕੀਤੇ ਜਾਣਗੇ। ਇਹ ਬਾਊਂਸਰ ਪਹਿਲਾਂ ਲੋਕਾਂ ਨੂੰ ਜਾਗਰੂਕ ਕਰਨਗੇ ਕਿ ਉਹ ਖੁੱਲ੍ਹੀਆਂ ਥਾਵਾਂ ’ਤੇ ਕੂੜਾ ਸੁੱਟਣ ਤੋਂ ਬਚਣ ਤੇ ਨਗਰ ਨਿਗਮ ਦੇ ਡੰਪ ’ਤੇ ਜਾ ਕੇ ਸੁੱਟਣ ਜਾਂ ਕੂੜਾ ਇਕੱਠਾ ਕਰਨ ਵਾਲੇ ਰੈਗ ਪਿਕਰਾਂ ਨੂੰ ਦੇਣ। ਜੇ ਇਸ ਦੇ ਬਾਵਜੂਦ ਲੋਕ ਕੂੜਾ ਸੁੱਟਦੇ ਹਨ, ਤਾਂ ਬਾਊਂਸਰ ਉਨ੍ਹਾਂ ਨੂੰ ਫੜਨਗੇ ਤੇ ਨਗਰ ਨਿਗਮ ਦੇ ਕਾਨੂੰਨਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਦੋਂ ਇਹ ਮਹਿਸੂਸ ਹੋਵੇਗਾ ਕਿ ਇਨ੍ਹਾਂ ਚਾਰਾਂ ਥਾਵਾਂ ’ਤੇ ਕੂੜਾ ਸੁੱਟਣ ’ਚ ਕਮੀ ਆ ਗਈ ਹੈ, ਤਾਂ ਬਾਊਂਸਰਾਂ ਦੀ ਗਿਣਤੀ ਘਟਾ ਕੇ ਦੋ-ਦੋ ਕਰ ਦਿੱਤੀ ਜਾਵੇਗੀ। ਇਨ੍ਹਾਂ ਥਾਵਾਂ ’ਤੇ ਕੰਟਰੋਲ ਹੋਣ ਤੋਂ ਬਾਅਦ ਜੇ ਲੋੜ ਪਈ ਤਾਂ ਸ਼ਹਿਰ ਦੇ ਹੋਰ ਇਲਾਕਿਆਂ ’ਚ ਵੀ ਬਾਊਂਸਰ ਤੈਨਾਤ ਕਰਕੇ ਕੂੜਾ ਸੁੱਟਣ ਤੋਂ ਰੋਕਿਆ ਜਾਵੇਗਾ। ਨਗਰ ਨਿਗਮ ਵੱਲੋਂ ਕਈ ਡੰਪ ਬੰਦ ਕੀਤੇ ਗਏ ਹਨ। ਕਈ ਇਲਾਕਿਆਂ ’ਚ ਲੋਕ ਰੈਗ ਪਿਕਰਾਂ ਨੂੰ ਕੂੜਾ ਦੇਣ ਦੀ ਬਜਾਏ ਸੜਕਾਂ ਦੇ ਕਿਨਾਰੇ ਹੀ ਕੂੜਾ ਸੁੱਟ ਦਿੰਦੇ ਹਨ। ਡੰਪ ਬੰਦ ਹੋਣ ਕਾਰਨ ਕਈ ਕਮਰਸ਼ੀਅਲ ਯੂਨਿਟਾਂ ਵੀ ਆਪਣਾ ਕੂੜਾ ਰਾਤ ਦੇ ਸਮੇਂ ਸੜਕਾਂ ’ਤੇ ਸੁੱਟ ਰਹੀਆਂ ਹਨ, ਜਿਸ ਨਾਲ ਸ਼ਹਿਰ ਦਾ ਅਕਸ ਖਰਾਬ ਹੋ ਰਿਹਾ ਹੈ। ਮੇਅਰ ਵਿਨੀਤ ਧੀਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣਾ ਕੂੜਾ ਰੈਗ ਪਿਕਰਾਂ ਨੂੰ ਦੇ ਕੇ ਸ਼ਹਿਰ ਨੂੰ ਸਾਫ਼ ਰੱਖਣ ’ਚ ਸਹਿਯੋਗ ਕਰਨ।
ਸੈਂਟਰਲ ਹਲਕੇ ’ਚ ਰਾਮਾਮੰਡੀ ਮੇਨ ਰੋਡ ਤੇ ਪੁਲ
ਕੈਂਟ ਵਿਧਾਨ ਸਭਾ ਹਲਕੇ ’ਚ ਪੁਲਿਸ ਸਟੇਸ਼ਨ ਨੰਬਰ 7 ਦੇ ਨੇੜੇ
ਵੈਸਟ ਵਿਧਾਨ ਸਭਾ ਖੇਤਰ ’ਚ ਬਸਤੀ ਬਾਵਾ ਖੇਲ ਪੁਲ ਤੋਂ ਬਸਤੀ ਮਿੱਠੂ ਰੋਡ
ਨਾਰਥ ਵਿਧਾਨ ਸਭਾ ਖੇਤਰ ’ਚ ਮਕਸੂਦਾਂ ਰੋਡ ਮੰਡੀ ਦੇ ਸਾਹਮਣੇ