ਜਲੰਧਰ-ਪਠਾਨਕੋਟ ਹਾਈਵੇਅ 'ਤੇ ਧੁੰਦ ਦਾ ਕਹਿਰ: ਆਪਸ 'ਚ ਟਕਰਾਏ ਕਈ ਵਾਹਨ, ਵਾਲ-ਵਾਲ ਬਚੀਆਂ ਕੀਮਤੀ ਜਾਨਾਂ
SSF ਦੀ ਟੀਮ ਨੇ ਹਾਈਡਰਾ ਮਸ਼ੀਨ ਦੀ ਮਦਦ ਨਾਲ ਹਾਦਸਾਗ੍ਰਸਤ ਵਾਹਨਾਂ ਨੂੰ ਸੜਕ ਦੇ ਕਿਨਾਰੇ ਕਰਵਾਇਆ ਅਤੇ ਜਾਮ ਨੂੰ ਖੁਲ੍ਹਵਾ ਕੇ ਆਵਾਜਾਈ ਨੂੰ ਸੁਚਾਰੂ ਬਣਾਇਆ। ਮੌਕੇ 'ਤੇ ਮੌਜੂਦ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਗੱਡੀਆਂ ਦਾ ਕਾਫੀ ਨੁਕਸਾਨ ਹੋਇਆ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਧੁੰਦ ਦੇ ਮੌਸਮ ਵਿੱਚ ਵਾਹਨਾਂ ਦੀ ਰਫ਼ਤਾਰ ਘੱਟ ਰੱਖਣ ਅਤੇ ਫੌਗ ਲਾਈਟਾਂ ਦੀ ਵਰਤੋਂ ਜ਼ਰੂਰ ਕਰਨ।
Publish Date: Thu, 18 Dec 2025 03:19 PM (IST)
Updated Date: Thu, 18 Dec 2025 03:25 PM (IST)
ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ। ਜਲੰਧਰ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਤੇ ਸਥਿਤ ਅੱਡਾ ਕਾਲਾ ਬੱਕਰਾ ਨਜ਼ਦੀਕ ਸੀਐਨਜੀ ਪੰਪ ਦੇ ਸਾਹਮਣੇ ਅੱਜ ਸਵੇਰੇ ਗਹਿਰੀ ਧੁੰਦ ਕਾਰਨ ਛੇ ਗੱਡੀਆਂ ਆਪਸ ਵਿੱਚ ਟਕਰਾਉਣ ਦੀ ਖਬਰ ਸਾਹਮਣੇ ਆਈ ਹੈ।
ਇਸ ਹਾਦਸੇ ਸਬੰਧੀ ਜਾਣਕਾਰੀ ਦਿੰਦੇ ਹੋਏ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਏਐਸਆਈ ਸਤਨਾਮ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸਵੇਰ ਵੇਲ਼ੇ 06:15 ਵਜੇ ਐਮਡੀਟੀ ਡਿਵਾਈਸ ਤੋਂ ਸੂਚਨਾ ਮਿਲੀ ਕਿ ਅੱਡਾ ਕਾਲਾ ਬੱਕਰਾ ਨਜ਼ਦੀਕ ਛੇ ਗੱਡੀਆਂ ਗਹਿਰੀ ਧੁੰਦ ਕਾਰਨ ਆਪਸ ਵਿੱਚ ਟਕਰਾ ਗਈਆਂ ਹਨ।
ਹਾਦਸੇ ਵਾਲੀ ਜਗ੍ਹਾ ਤੇ ਮੌਕੇ ਤੇ ਪਹੁੰਚੀ ਐਸਐਸਐਫ ਟੀਮ ਨੇ ਦੇਖਿਆ ਤਾਂ ਗਹਿਰੀ ਧੁੰਦ ਕਾਰਨ ਇੱਕ ਟਿੱਪਰ ਜਿਸ ਨੂੰ ਪਰਮਜੀਤ ਸਿੰਘ ਪੁੱਤਰ ਜਸਵੀਰ ਸਿੰਘ ਮੁਕੇਰੀਆਂ ਜ਼ਿਲ੍ਹਾਂ ਹੁਸ਼ਿਆਰਪੁਰ ਚਲਾ ਰਿਹਾ ਸੀ ਜੋ ਕਿਸੇ ਅਣਪਛਾਤੇ ਵਾਹਨ ਨਾਲ ਟਕਰਾਇਆ ਜੋ ਕਿ ਉੱਥੋਂ ਚਲਾ ਗਿਆ ਸੀ।
ਧੁੰਦ ਇੰਨੀ ਜ਼ਿਆਦਾ ਸੀ ਕਿ ਪਿੱਛੇ ਆ ਰਹੇ ਵਾਹਨਾਂ ਦੇ ਚਾਲਕਾਂ ਨੂੰ ਅਚਾਨਕ ਰੁਕੇ ਵਾਹਨਾਂ ਦਾ ਅੰਦਾਜ਼ਾ ਨਹੀਂ ਹੋ ਸਕਿਆ। ਨਤੀਜੇ ਵਜੋਂ, ਇੱਕ-ਇੱਕ ਕਰਕੇ ਇਨੋਵਾ, ਗਰੈਂਡ ਵਿਟਾਰਾ, ਟਾਟਾ 407, ਐਕਸਯੂਵੀ ਅਤੇ ਸਵਿਫਟ ਕਾਰਾਂ ਆਪਸ ਵਿੱਚ ਭਿੜ ਗਈਆਂ।
ਰਾਹਤ ਤੇ ਬਚਾਅ ਕਾਰਜ
ਦੱਸ ਦਈਏ ਕਿ ਇਸ ਵੱਡੇ ਹਾਦਸੇ ਦੌਰਾਨ ਕਿਸੇ ਦਾ ਵੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਪਰ ਹਾਦਸੇ ਦੌਰਾਨ ਆਪਸ ਵਿੱਚ ਟਕਰਾਉਣ ਵਾਲੀਆਂ ਗੱਡੀਆਂ ਕਾਫੀ ਨੁਕਸਾਨੀਆਂ ਗਈਆਂ। ਇਸ ਦੌਰਾਨ ਸੜਕ ਸੁਰੱਖਿਆ ਫੋਰਸ ਦੀ ਟੀਮ ਵੱਲੋਂ ਹਾਦਸੇ ਵਾਲੀ ਜਗ੍ਹਾ ਨੂੰ ਕਵਰ ਕੀਤਾ ਗਿਆ ਅਤੇ ਹਾਦਸਾ ਗ੍ਰਸਤ ਗੱਡੀਆਂ ਨੂੰ ਮੌਕੇ ਤੋਂ ਸਾਈਡ ਤੇ ਕਰਵਾਇਆ ਗਿਆ।