ਜੀਸ਼ਾਨ ਅਖ਼ਤਰ ਦੇ ਵਾਇਰਲ ਫ਼ੋਨ, ਇਕ ਇੰਟਰਵਿਊ ਤੇ ਵੀਡੀਓ ਦੇ ਬਾਅਦ ਜਾਂਚ ਏਜੰਸੀਆਂ ਨੇ ਜੀਸ਼ਾਨ ਅਖ਼ਤਰ ਦੇ ਪਿਤਾ ਤੇ ਭਰਾ ਨੂੰ ਮੁੜ ਡਿਟੇਨ ਕਰ ਲਿਆ ਹੈ, ਜਿਸ ਨਾਲ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਪਿੰਡ ਸ਼ੰਕਰ ’ਚ ਹਲਚਲ ਵਧ ਗਈ ਹੈ। ਪਿੰਡ ਸ਼ੰਕਰ ’ਚ ਲੋਕਾਂ ਨਾਲ ਗੱਲ ਕਰਨ ’ਤੇ ਲੋਕਾਂ ਨੇ ਦੱਸਿਆ ਕਿ ਕਰੀਬ 5-6 ਦਿਨ ਪਹਿਲਾਂ ਪੁਲਿਸ ਨੇ ਜੀਸ਼ਾਨ ਦੇ ਪਿਤਾ ਤੇ ਭਰਾ ਨੂੰ ਡਿਟੇਨ ਕਰ ਲਿਆ ਸੀ।

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਮਹਾਰਾਸ਼ਟਰ ਦੇ ਮੁੰਬਈ ’ਚ ਐੱਨਸੀਪੀ ਨੇਤਾ ਬਾਬਾ ਸਿੱਦੀਕੀ ਦੀ 13 ਅਕਤੂਬਰ 2024 ਨੂੰ ਹੋਈ ਹੱਤਿਆ ਤੇ ਇਸਦੀ ਸਾਜ਼ਿਸ਼ ਰਚਣ ਵਾਲੇ ਕੁਖਿਆਤ ਗੈਂਗਸਟਰ ਜੀਸ਼ਾਨ ਅਖ਼ਤਰ ਬਾਰੇ ਇਕ ਵਾਇਰਲ ਵੀਡੀਓ ਸਾਹਮਣੇ ਆਈ ਹੈ। ਜੀਸ਼ਾਨ ਅਖ਼ਤਰ ਦੇ ਵਾਇਰਲ ਫ਼ੋਨ, ਇਕ ਇੰਟਰਵਿਊ ਤੇ ਵੀਡੀਓ ਦੇ ਬਾਅਦ ਜਾਂਚ ਏਜੰਸੀਆਂ ਨੇ ਜੀਸ਼ਾਨ ਅਖ਼ਤਰ ਦੇ ਪਿਤਾ ਤੇ ਭਰਾ ਨੂੰ ਮੁੜ ਡਿਟੇਨ ਕਰ ਲਿਆ ਹੈ, ਜਿਸ ਨਾਲ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਪਿੰਡ ਸ਼ੰਕਰ ’ਚ ਹਲਚਲ ਵਧ ਗਈ ਹੈ। ਪਿੰਡ ਸ਼ੰਕਰ ’ਚ ਲੋਕਾਂ ਨਾਲ ਗੱਲ ਕਰਨ ’ਤੇ ਲੋਕਾਂ ਨੇ ਦੱਸਿਆ ਕਿ ਕਰੀਬ 5-6 ਦਿਨ ਪਹਿਲਾਂ ਪੁਲਿਸ ਨੇ ਜੀਸ਼ਾਨ ਦੇ ਪਿਤਾ ਤੇ ਭਰਾ ਨੂੰ ਡਿਟੇਨ ਕਰ ਲਿਆ ਸੀ। ਹਾਲਾਂਕਿ, ਪਿੰਡ ਦੇ ਜ਼ਿਆਦਾਤਰ ਲੋਕ ਇਸ ਮਾਮਲੇ ’ਚ ਖੁਲ ਕੇ ਗੱਲ ਕਰਨ ਤੋਂ ਬਚਦੇ ਨਜ਼ਰ ਆਏ ਤੇ ਕਈ ਲੋਕਾਂ ਨੇ ਕਿਹਾ ਕਿ ਉਨ੍ਹਾਂ ਕੋਲ ਇਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ। ਲੋਕਾਂ ਨੇ ਦੱਸਿਆ ਕਿ ਜੀਸ਼ਾਨ ਅਖ਼ਤਰ ਦੇ ਪਿਤਾ ਤੇ ਭਰਾ ਪਿਛਲੇ ਤਕਰੀਬਨ ਤਿੰਨ ਮਹੀਨਿਆਂ ਤੋਂ ਪਿੰਡ ਦੇ ਬਾਜ਼ਾਰ ਖੇਤਰ ’ਚ ਸਥਿਤ ਇਕ ਮਸੀਤ ’ਚ ਰਹਿ ਰਹੇ ਸਨ। ਮਸੀਤ ਦੇ ਨਾਲ ਬਣੇ ਕਮਰੇ ’ਚ ਸ਼ਿਫਟ ਹੋਣ ਦਾ ਕਾਰਨ ਦੱਸਦੇ ਹੋਏ ਪਿੰਡ ਦੇ ਲੋਕਾਂ ਨੇ ਕਿਹਾ ਕਿ ਜੀਸ਼ਾਨ ਦੇ ਬਾਬਾ ਸਿੱਦੀਕੀ ਹੱਤਿਆਕਾਂਡ ’ਚ ਨਾਮ ਆਉਣ ਤੋਂ ਬਾਅਦ ਪਿੰਡ ਦੇ ਲੋਕਾਂ ਨੇ ਉਨ੍ਹਾਂ ਨਾਲ ਗੱਲਬਾਤ ਕਰਨਾ ਲਗਭਗ ਬੰਦ ਕਰ ਦਿੱਤਾ ਸੀ। ਸਮਾਜਿਕ ਦੂਰੀ ਦੇ ਕਾਰਨ ਜੀਸ਼ਾਨ ਦੇ ਪਿਤਾ ਤੇ ਭਰਾ ਨੇ ਪਿੰਡ ਦਾ ਆਪਣਾ ਘਰ ਛੱਡ ਦਿੱਤਾ ਤੇ ਮਸੀਤ ’ਚ ਰਹਿਣ ਲੱਗੇ। ਦੱਸਿਆ ਗਿਆ ਕਿ ਦੋਹਾਂ ਪਿਤਾ-ਭਰਾ ਪੱਥਰ ਲਗਾਉਣ ਤੇ ਟਾਈਲ ਲਗਾਉਣ ਦਾ ਕੰਮ ਕਰਦੇ ਹਨ ਤੇ ਇੱਥੇ ਰਹਿਣ ਦੌਰਾਨ ਵੀ ਇਹੀ ਕੰਮ ਕਰ ਰਹੇ ਸਨ। ਇਕ ਵਿਅਕਤੀ ਨੇ ਦੱਸਿਆ ਕਿ ਪੁਲਿਸ ਕਰੀਬ ਇਕ ਹਫ਼ਤਾ ਪਹਿਲਾਂ ਉਨ੍ਹਾਂ ਨੂੰ ਡਿਟੇਨ ਕਰ ਕੇ ਲੈ ਗਈ ਸੀ, ਜਦਕਿ ਦੂਜੇ ਨੇ ਕਿਹਾ ਕਿ ਇਹ ਕਾਰਵਾਈ ਪਿਛਲੇ ਐਤਵਾਰ ਹੋਈ ਸੀ। ਹਾਲਾਂਕਿ ਪਿੰਡ ’ਚ ਸਹੀ ਜਾਣਕਾਰੀ ਕਿਸੇ ਕੋਲ ਨਹੀਂ ਹੈ ਤੇ ਲੋਕ ਪੁਲਿਸ ਦੀ ਇਸ ਕਾਰਵਾਈ ਬਾਰੇ ਖੁਲ ਕੇ ਕੁਝ ਵੀ ਦੱਸਣ ਤੋਂ ਪਰਹੇਜ਼ ਕਰ ਰਹੇ ਹਨ। ਦੂਜੇ ਪਾਸੇ, ਜਦ ਇਸ ਮਾਮਲੇ ’ਚ ਜਲੰਧਰ ਦੇ ਐੱਸਐੱਸਪੀ ਹਰਵਿੰਦਰ ਸਿੰਘ ਵਿਰਕ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਕੋਲ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਤੇ ਨਾ ਹੀ ਕਿਸੇ ਜਾਂਚ ਏਜੰਸੀ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਹੈ।